ਜ਼ਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ ’ਚ ਕੀਤਾ ਚੋਣ ਪ੍ਰਚਾਰ
ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਮਲੂਕਾ ਦੀ ਅਗਵਾਈ ਉਮੀਦਵਾਰਾਂ ਲਈ ਚੋਣ ਪ੍ਰਚਾਰ
Publish Date: Wed, 10 Dec 2025 08:01 PM (IST)
Updated Date: Thu, 11 Dec 2025 04:10 AM (IST)
-ਕਿਹਾ, ਪੰਜਾਬ ਚ ਡਬਲ ਇੰਜਣ ਦੀ ਸਰਕਾਰ ਹੀ ਇੱਕੋ-ਇਕ ਬਦਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਚ ਪਹਿਲੀ ਵਾਰ ਨਿਰੋਲ ਪੇਂਡੂ ਖੇਤਰ ਦੀਆਂ ਪੰਚਾਇਤੀ ਚੋਣਾਂ ਚ ਹੱਥ ਅਜਮਾ ਰਹੀ ਭਾਜਪਾ ਵੱਲੋਂ ਪਿੰਡਾਂ ਚ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ’ਚ ਅੱਜ ਤਲਵੰਡੀ ਹਲਕੇ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਵਿੰਦਰ ਕੌਰ ਸਿੰਗੋ, ਬਲਾਕ ਸੰਮਤੀ ਉਮੀਦਵਾਰ ਅਮਰਪਾਲ ਕੌਰ ਨੰਗਲਾ, ਸਰਬਜੀਤ ਕੌਰ ਬਹਿਮਣ ਜੱਸਾ ਅਤੇ ਕਰਮਜੀਤ ਕੌਰ ਸ਼ੇਰਗੜ ਦੇ ਹੱਕ ਵਿਚ ਚੋਣ ਰੈਲੀਆਂ ਕੀਤੀਆਂ। ਭਾਜਪਾ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਮਲੂਕਾ ਨੇ ਕਿਹਾ ਕੇ ਸੂਬਾ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ ਕੋਈ ਗਰਾਂਟ ਜਾਰੀ ਨਹੀਂ ਕੀਤੀ। ਪਿੰਡਾਂ ’ਚ ਮੁੱਢਲੀਆਂ ਸਹੂਲਤਾਂ ਦੇਣਾ ਪੰਜਾਬ ਸਰਕਾਰ ਦੇ ਏਜੰਡੇ ’ਚ ਨਹੀਂ ਹੈ। ਪੇਂਡੂ ਖੇਤਰ ’ਚ ਜਿਹੜੇ ਵਿਕਾਸ ਦੇ ਕੰਮ ਹੋ ਰਹੇ ਹਨ ਉਹ ਕੇਂਦਰੀ ਯੋਜਨਾਵਾਂ ਰਾਹੀਂ ਹੋ ਰਹੇ ਹਨ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵਿਚ ਭਾਜਪਾ ਦੇ ਉਮੀਦਵਾਰ ਜਿਤਾਉਣ ਨਾਲ ਪਿੰਡਾਂ ਚ ਵਿਕਾਸ ਦੇ ਨਵੇਂ ਰਾਹ ਖੁਲਣਗੇ। ਇਸ ਤੋਂ ਇਲਾਵਾ ਲੋੜਵੰਦ ਲੋਕਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ ਲੋਕ ਭਲਾਈ ਦੀਆਂ ਅਨੇਕਾਂ ਸਕੀਮਾਂ ਆਰੰਭ ਕੀਤੀਆਂ ਹਨ, ਪਰ ਸੂਬਾ ਸਰਕਾਰ ਕੇਂਦਰੀ ਯੋਜਨਾਵਾਂ ਲਾਗੂ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੀ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵਿਚ ਭਾਜਪਾ ਆਗੂਆਂ ਦੀ ਹਿਸੇਦਾਰੀ ਨਾਲ ਕੇਂਦਰੀ ਲੋਕ ਭਲਾਈ ਦੀਆਂ ਯੋਜਨਾਵਾਂ ਲੋੜਵੰਦ ਲੋਕਾਂ ਨੂੰ ਯਕੀਨੀ ਮਿਲਣਗੀਆਂ। ਮਲੂਕਾ ਨੇ ਕਿਹਾ ਕੇ ਚੋਣਾ ਦੇ ਨਤੀਜੇ ਭਾਜਪਾ ਦੇ ਹੱਕ ’ਚ ਆਉਣਗੇ। ਲੋਕ ਸਾਰੀਆਂ ਧਿਰਾਂ ਨੂੰ ਅਜਮਾ ਚੁੱਕੇ ਹਨ, ਪੰਜਾਬ ਦੇ ਲੋਕਾਂ ਹੁਣ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਦੂਜੇ ਭਾਜਪਾ ਸਾਸ਼ਿਤ ਸੂਬਿਆਂ ਦੀ ਤਰੱਕੀ ਨੂੰ ਵੇਖਦਿਆਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਡਬਲ ਇੰਜਣ ਦੀ ਸਰਕਾਰ ਹੀ ਇੱਕੋ-ਇਕ ਵਿੱਕਲਪ ਹੈ। ਇਸ ਮੌਕੇ ਮੰਡਲ ਪ੍ਰਧਾਨ ਕਰਮਜੀਤ ਸਿੰਘ ਬੰਗੀ, ਨਛੱਤਰ ਸਿੰਘ ਬਹਿਮਨ ਜੱਸਾ, ਹਰਜੀਤ ਕੌਰ ਜਗਾ ਰਾਮਤੀਰਥ, ਤਾਰਾ ਸਿੰਘ ਨੰਗਲਾ, ਸੁਖਮੰਦਰ ਕੌਰ ਸ਼ੇਰਗੜ, ਬੂਟਾ ਸਿੰਘ ਭਾਈਰੂਪਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜਰ ਸਨ।