ਨਸ਼ਾ ਤਸਕਰੀ ਦਾ ਵਿਰੋਧ ਕਰਨ ’ਤੇ ਇਕ ਦਰਜਨ ਹਮਲਵਾਰਾਂ ਨੇ ਦੋ ਘਰਾਂ ਦੀ ਕੀਤੀ ਭੰਨਤੋੜ
ਨਸ਼ਾ ਤਸਕਰੀ ਦਾ ਵਿਰੋਧ ਕਰਨ ’ਤੇ ਇਕ ਦਰਜ਼ਨ ਹਮਲਵਾਰਾਂ ਨੇ ਦੋ ਘਰਾਂ ਦੀ ਕੀਤੀ ਭੰਨ੍ਹਤੋੜ
Publish Date: Sat, 06 Dec 2025 04:38 PM (IST)
Updated Date: Sat, 06 Dec 2025 04:42 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ ਪਿੰਡ ਵਿਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ’ਤੇ ਲਗਭਗ ਇਕ ਦਰਜਨ ਲੋਕਾਂ ਨੇ ਦੋ ਘਰਾਂ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ ਅਤੇ ਲਗਪਗ 15,000 ਰੁਪਏ ਨਕਦੀ ਚੋਰੀ ਕਰ ਲਏ। ਪਿੰਡ ਦੇ ਪੀੜਤ ਲੋਕਾਂ ਨੇ ਇਸ ਮਾਮਲੇ ਦੀ ਥਾਣਾ ਭਗਤਾ ਭਾਈਕਾ ਪੁਲਿਸ ਸਟੇਸ਼ਨ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ, ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਬਠਿੰਡਾ ਦੇ ਐਸਐਸਪੀ ਅਮਨੀਤ ਕੌਡਲ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਭਗਤਾ ਭਾਈਕਾ ਪੁਲਿਸ ਸਟੇਸ਼ਨ ਵਿਚ 9 ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਵਾਅਦਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਲਾਬਤਪੁਰਾ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸਲਾਬਤਪੁਰਾ ਵਿਚ ਕੁਝ ਵਿਅਕਤੀ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਵਸਨੀਕਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਬੁਲੇਟ ਮੋਟਰਸਾਈਕ ਤੇ ਗੱਡੀਆਂ ਵਿਚ ਘੁੰਮਦੇ ਹਨ। ਇਸ ਕਾਰਨ ਸਲਾਬਤਪੁਰਾ ਦੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਸਵਿੰਦਰ ਸਿੰਘ ਅਤੇ ਉਸਦੇ ਗੁਆਂਢੀ ਵੀ ਨਸ਼ੇ ਦੇ ਕਾਰੋਬਾਰ ਦਾ ਵਿਰੋਧ ਕਰ ਰਹੇ ਹਨ। ਪੁਲਿਸ ਵੀ ਇਸ ਮਾਮਲੇ ਤੋਂ ਜਾਣੂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਇਨ੍ਹਾਂ ਵਿਅਕਤੀਆਂ ਵਿਰੁੱਧ ਪਹਿਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਸਲਾ ਐਕਟ ਦੇ ਕੇਸ ਦਰਜ ਹੋਣ ਦਾ ਹਵਾਲਾ ਦਿੰਦੇ ਹੋਏ ਕੋਈ ਕਾਰਵਾਈ ਨਹੀਂ ਕਰ ਰਹੀ। ਦੋ ਦਿਨ ਪਹਿਲਾਂ ਮੁਲਜ਼ਮ ਸਵੇਰੇ 9 ਵਜੇ ਦੇ ਕਰੀਬ ਜਸਵਿੰਦਰ ਸਿੰਘ ਦੇ ਘਰ ਵਿਚ ਦਾਖਲ ਹੋਏ। ਤਲਵਾਰਾਂ, ਕੁਹਾੜੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਇਕ ਦਰਜਨ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ, ਸ਼ੀਸ਼ੇ ਦੇ ਦਰਵਾਜ਼ੇ ਅਤੇ ਘਰੇਲੂ ਸਾਮਾਨ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ। ਮੁਲਜ਼ਮਾਂ ਨੇ ਘਰ ਦੀ ਛੱਤ ਤੇ ਚੜ੍ਹ ਕੇ ਧਮਕੀਆਂ ਦਿੱਤੀਆਂ ਅਤੇ ਲਲਕਾਰੇ ਮਾਰੇ। ਫਿਰ ਉਹ ਜਸਵਿੰਦਰ ਸਿੰਘ ਦੇ ਘਰ ਦੇ ਸਾਹਮਣੇ ਵਾਲੇ ਘਰ ਵਿੱਚ ਦਾਖਲ ਹੋਏ ਅਤੇ ਉਥੇ ਵੀ ਭੰਨਤੋੜ ਕੀਤੀ ਅਤੇ ਭੱਜ ਗਏ। ਹਮਲੇ ਦੌਰਾਨ ਉਨ੍ਹਾਂ ਨੇ ਲਗਭਗ 15,000 ਰੁਪਏ ਨਕਦ ਵੀ ਚੋਰੀ ਕਰ ਲਏ ਜਿਹੜੇ ਕਿ ਜਸਵਿੰਦਰ ਸਿੰਘ ਨੇ ਆਪਣੇ ਬੱਚੇ ਦੀ ਸਕੂਲ ਫੀਸ ਲਈ ਰੱਖੇ ਸਨ। ਘਟਨਾ ਤੋਂ ਬਾਅਦ ਪ੍ਰਭਾਵਿਤ ਵਸਨੀਕਾਂ ਨੇ ਵੀਰਵਾਰ ਨੂੰ ਦਿਆਲਪੁਰਾ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਿੰਡ ਵਾਸੀਆਂ ਨੇ ਐਸਐਸਪੀ ਅਮਨੀਤ ਕੌਡਲ ਨਾਲ ਮੁਲਾਕਾਤ ਕੀਤੀ ਅਤੇ ਤਸਕਰਾਂ ਦੁਆਰਾ ਕੀਤੀ ਗਈ ਭੰਨਤੋੜ ਦੀ ਫੁਟੇਜ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਪੇਸ਼ ਕੀਤੀ। ਬਠਿੰਡਾ ਦੇ ਐਸਐਸਪੀ ਨੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ, ਪਰ ਸ਼ਨੀਵਾਰ ਨੂੰ ਵੀ ਮੁਲਜ਼ਮ ਫ਼ਰਾਰ ਰਹੇ ਅਤੇ ਉਨ੍ਹਾਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਸਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕੁਝ ਮੁਲਜ਼ਮਾਂ ਨੂੰ ਜਾਣਦੇ ਹਨ, ਜਦੋਂ ਕਿ ਉਹ ਬਾਕੀਆਂ ਦੀ ਪਛਾਣ ਕਰ ਸਕਦੇ ਸਨ। ਜਸਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਭਗਤ ਭਾਈਕਾ ਪੁਲਿਸ ਨੇ ਮੰਨਾ ਸਿੰਘ, ਗੁਰਦੀਪ ਸਿੰਘ, ਜੋਹਾਨ, ਕਾਲੂ, ਪਿੱਲਾ ਵਾਸੀਆਨ ਸਲਾਬਤਪੁਰਾ ਅਤੇ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।