ਹਰਰਾਏਪੁਰ ਬਲਾਕ ਸੰਮਤੀ ਤੋਂ ਆਪ ਨੂੰ ਨਹੀਂ ਮਿਲਿਆ ਉਮੀਦਵਾਰ
ਹਰਰਾਏਪੁਰ ਬਲਾਕ ਸੰਮਤੀ ਤੋਂ ਆਪ ਨੂੰ ਨਹੀਂ ਮਿਲਿਆ ਉਮੀਦਵਾਰ
Publish Date: Sat, 06 Dec 2025 04:29 PM (IST)
Updated Date: Sat, 06 Dec 2025 04:33 PM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ ਸੂਬੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਦਾ ਜਿਉਂ ਹੀ ਐਲਾਨ ਹੁੰਦਿਆਂ ਹੀ ਪਿੰਡਾਂ ਦੀਆਂ ਸੱਥਾਂ ਵਿਚ ਸਿਆਸੀ ਚਰਚਾਵਾਂ ਪੂਰੀ ਤਰ੍ਹਾਂ ਸ਼ੁਰੂ ਹੋ ਗਈਆਂ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੇ ਕਾਗਜ਼ ਭਰ ਦਿੱਤੇ ਹਨ। ਸੂਬੇ ਵਿੱਚ ਇਨ੍ਹਾਂ ਚੋਣਾਂ ਵਿਚ ਜ਼ਿਆਦਾਤਰ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਹੀ ਕਾਗਜ ਭਰਕੇ ਆਪਣੀ ਕਿਸਮਤ ਨੂੰ ਅਜਮਾਉਣ ਲਈ ਹੀ ਚੋਣ ਅਖਾੜੇ ਵਿਚ ਕੁੱਦੇ ਹਨ। ਪਰ ਹੈਰਾਨੀ ਉਸ ਸਮੇਂ ਹੋਈ ਜਦੋਂ ਕਿ ਹਲਕਾ ਭੁੱਚੋ ਦੇ ਬਲਾਕ ਗੋਨਿਆਣਾ ਵਿਚ ਪੈਂਦੇ ਪਿੰਡ ਹਰਰਾਏਪੁਰ ਦੀ ਬਲਾਕ ਸੰਮਤੀ ਦੀ ਚੋਣ ਲਈ ਆਮ ਆਦਮੀ ਪਾਰਟੀ ਨੂੰ ਆਪਣਾ ਉਮੀਦਵਾਰ ਹੀ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਹਲਕਾ ਭੁੱਚੋ ਦੇ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਆਪਣੀ ਸਰਕਾਰ ਹੁੰਦਿਆਂ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੱਭਣ ਵਿਚ ਅਸਫਲ ਰਹੇ। ਸਿਆਸੀ ਗਲਿਆਰਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਇਸ ਤੋਂ ਹੋਰ ਮਾੜਾ ਕੀ ਹੋਵੇਗਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਹੀ ਉਮੀਦਵਾਰ ਨਹੀਂ ਮਿਲਿਆ। ਹੁਣ ਇਸ ਸੀਟ ਤੇ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਸੇਵਕ ਸਿੰਘ ਸਾਬਕਾ ਸਰਪੰਚ ਅਤੇ ਅਕਾਲੀ ਦਲ ਮਨਜੀਤ ਸਿੰਘ ਦੇ ਦਰਮਿਆਨ ਹੋਵੇਗਾ। ਇਸ ਸੀਟ ਲਈ ਪਿੰਡ ਹਰਰਾਏਪੁਰ ਅਤੇ ਖਿਆਲੀਵਾਲਾ ਦੀਆਂ ਵੋਟਾਂ ਹੀ ਪੈਣਗੀਆਂ। ਇਸ ਸਬੰਧੀ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਚੱਕਣਾ ਮੁਨਾਸਿਬ ਨਹੀਂ ਸਮਝਿਆ।