ਬੀਕੇਯੂ ਡਕੌਂਦਾ ਧਨੇਰ ਵੱਲੋਂ ਬਿਜਲੀ ਸੋਧ ਬਿਲ ਖ਼ਿਲਾਫ਼ 8 ਦਸੰਬਰ ਨੂੰ ਰੋਸ ਪ੍ਰਦਰਸ਼ਨ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੀ ਮੀਟਿੰਗ ਹਰਵਿੰਦਰ ਸਿੰਘ ਕੋਟਲੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਪੁੱਜੇ। ਬਿਜਲੀ ਸੋਧ ਬਿੱਲ 2025 ’ਤੇ ਵਿਚਾਰ ਚਰਚਾ ਕਰਦਿਆਂ ਇਸ ਦੇ ਵਿਰੋਧ ’ਚ 8 ਦਸੰਬਰ ਨੂੰ ਸਬ ਡਵੀਜ਼ਨ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਹ ਬਿੱਲ ਪਾਸ ਹੋਣ ’ਤੇ ਪੈ ਸਕਣ ਵਾਲੇ ਪ੍ਰਭਾਵਾਂ ਬਾਰੇ ਲੋਕ ਹਿੱਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਬਿਜਲੀ ਕਾਨੂੰਨ 2003 ਰਾਹੀਂ ਬਿਜਲੀ ਬਣਾਉਣ ਲਈ ਪ੍ਰਾਈਵੇਟ ਥਰਮਲ ਲਾਉਣ ਦੀ ਖੁੱਲ੍ਹ ਦਿੱਤੀ। ਹੁਣ ਇਸ ਸੋਧ ਬਿੱਲ 2025 ਰਾਹੀਂ ਲੋਕਾਂ ਦੇ ਘਰਾਂ, ਦੁਕਾਨਾਂ ਤੇ ਕਾਰਖਾਨਿਆਂ ਨੂੰ ਬਿਜਲੀ ਵੇਚਣ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਵੇਗਾ, ਬਿਜਲੀ ਕੰਪਨੀਆਂ ਨੂੰ ਆਪਣੀਆਂ ਵੱਡੀਆਂ ਲਾਈਨਾਂ ਕੱਢਣ ਵਾਸਤੇ ਪੂਰਾ ਹੱਕ ਦਿੱਤਾ ਜਾਵੇਗਾ, ਲਾਈਨਾਂ ਕੱਢਣ ਲਈ ਜ਼ਮੀਨ ਹਾਸਲ ਕਰਨ ਦੇ ਪੂਰੇ ਅਧਿਕਾਰ, ਕੇਂਦਰ ਸਰਕਾਰ ਦੀ ਬਿਜਲੀ ਲਾਈਨ ਅਥਾਰਟੀ ਕੋਲ ਹੋਣਗੇ, ਪ੍ਰਾਈਵੇਟ ਕੰਪਨੀਆਂ ਬਿਜਲੀ ਵਾਲੀਆਂ ਸਰਕਾਰੀ ਲਾਈਨਾਂ ਨੂੰ ਆਪਣੀ ਸਹੂਲਤ ਅਨੁਸਾਰ ਵਰਤ ਸਕਣਗੀਆਂ, ਸਰਕਾਰੀ ਕੰਪਨੀ ਸਿਰਫ ਲਾਈਨਾਂ ਦਾ ਕਿਰਾਇਆ ਵਸੂਲ ਕਰ ਸਕੇਗੀ ਪਰ ਉਨ੍ਹਾਂ ਨੂੰ ਰੋਕ ਨਹੀਂ ਸਕੇਗੀ, ਸਨਅੱਤੀ ਘਰਾਣਿਆਂ ਨੂੰ ਹੋਰ ਸਹੂਲਤਾਂ ਦੇਣ ਤੇ ਆਮ ਲੋਕਾਂ ਦਾ ਗਲ਼ ਘੁੱਟਣ ਲਈ ਪੰਜ ਸਾਲਾਂ ਦੇ ਅੰਦਰ-ਅੰਦਰ ਕਰਾਸ ਸਬਸਿਡੀ ਦਾ ਖਾਤਮਾ ਕੀਤਾ ਜਾਵੇਗਾ, ਸੋਧ ਬਿੱਲ ਕਹਿੰਦਾ ਹੈ ਕਿ ਭਾਵੇਂ ਅੰਬਾਨੀ- ਅਡਾਨੀ ਹੋਵੇ ਜਾਂ ਕੋਈ ਪਿੰਡ ਦਾ ਗਰੀਬ, ਸਾਰਿਆਂ ਨੂੰ ਇੱਕੋ ਰੇਟ ਤੇ ਬਿਜਲੀ ਦਿੱਤੀ ਜਾਵੇ, ਖਪਤਕਾਰ ਨੂੰ ਬਿਜਲੀ ਦਾ ਬਿੱਲ ਸਾਰੇ ਖਰਚੇ ਜੋੜ ਕੇ ਭੇਜਿਆ ਜਾਵੇਗਾ। ਇਨ੍ਹਾਂ ਖਰਚਿਆਂ ਵਿਚ ਬਿਜਲੀ ਪੈਦਾ ਕਰਨ ਤੇ ਵੇਚਣ ਦੇ ਸਾਰੇ ਖਰਚੇ, ਕੰਪਨੀ ਦਾ ਮੁਨਾਫਾ, ਖਰਚੀ ਹੋਈ ਰਕਮ ਦਾ ਵਿਆਜ, ਮਸ਼ੀਨਾਂ ਦੀ ਘਸਾਈ ਅਤੇ ਭਵਿੱਖ ਵਿਚ ਸਮਰੱਥਾ ਵਾਧਾ ਕਰਨ ਲਈ ਹੋਣ ਵਾਲਾ ਖਰਚਾ ਸ਼ਾਮਲ ਹੋਵੇਗਾ। ਇਹ ਸਾਰਾ ਬਿੱਲ ਖਪਤਕਾਰ ਨੂੰ ਭਰਨਾ ਪਵੇਗਾ, ਜੇਕਰ ਸੂਬਾ ਸਰਕਾਰ ਸਬਸਿਡੀ ਦੇਣੀ ਚਾਹੁੰਦੀ ਹੈ ਤਾਂ ਉਹ ਖਪਤਕਾਰ ਦੇ ਖਾਤੇ ਵਿਚ ਸਿੱਧੇ ਤੌਰ ’ਤੇ ਜਮ੍ਹਾਂ ਕਰਵਾਵੇਗੀ, ਲੋਕਾਂ ਨੂੰ ਪਹਿਲਾਂ ਪੂਰੇ ਰੇਟ ਤੇ ਪੂਰਾ ਬਿੱਲ ਭਰਨਾ ਪਵੇਗਾ ਤੇ ਮਗਰੋਂ ਸਰਕਾਰ ਤੁਹਾਡੇ ਖਾਤੇ ਵਿਚ ਸਬਸਿਡੀ ਦੀ ਰਕਮ ਪਾ ਦੇਵੇਗੀ। ਜਿਵੇਂ ਗੈਸ ਦੀ ਸਬਸਿਡੀ ਘਟਾ ਕੇ ਨਾ ਮਾਤਰ ਕਰ ਦਿੱਤੀ ਗਈ ਹੈ, ਉਸੇ ਤਰ੍ਹਾਂ ਸਰਕਾਰ ਹੋਲੀ ਹੋਲੀ ਬਿਜਲੀ ਸਬਸਿਡੀ ਵੀ ਬੰਦ ਕਰ ਦੇਵੇਗੀ, ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣ ਗਿਆ ਤਾਂ ਟੈਰਿਫ ਤੈਅ ਕਰਨ ਤੇ ਬਿਜਲੀ ਸਬੰਧੀ ਨੀਤੀਆਂ ਬਣਾਉਣ ਦੇ ਸਾਰੇ ਹੱਕ ਕੇਂਦਰ ਸਰਕਾਰ ਕੋਲ ਚਲੇ ਜਾਣਗੇ। ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ, ਮੀਤ ਪ੍ਰਧਾਨ ਨਾਹਰ ਸਿੰਘ, ਪ੍ਰੈੱਸ ਸਕੱਤਰ ਗੁਰਦੀਪ ਸਿੰਘ ਬਲਾਕ ਰਾਮਪੁਰਾ, ਸਰਦੂਲ ਸਿੰਘ ਪ੍ਰਧਾਨ, ਗੁਰਜੰਟ ਸਿੰਘ, ਤਰਸੇਮ ਸਿੰਘ, ਤੇਜਾ ਸਿੰਘ ਬਲਾਕ ਨਥਾਣਾ, ਪਾਲਾ ਸਿੰਘ ਪ੍ਰਧਾਨ, ਜੁਗਰਾਜ ਸਿੰਘ ਪਾਲੀ ਜਗਸੀਰ ਸਿੰਘ ਜੱਗਾ, ਚਰਨਾ ਸਿੰਘ, ਬਲਵੀਰ ਸਿੰਘ ਬਲਾਕ ਸੰਗਤ, ਬੰਤਾ ਸਿੰਘ ਪ੍ਰਧਾਨ ਤੇ ਲਾਭ ਸਿੰਘ ਖ਼ਜ਼ਾਨਚੀ ਆਦਿ ਮੌਜੂਦ ਸਨ।