ਸਾਬਕਾ ਫ਼ੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਗ੍ਰਾਂਟ ਕੀਤੀ ਦੁੱਗਣੀ : ਡੀਸੀ
ਸਾਬਕਾ ਫੌਜੀਆਂ ਦੇ ਬੱਚਿਆਂ ਲਈ ਐਜੂਕੇਸ਼ਨ ਗ੍ਰਾਂਟ, ਮੈਰਿਜ ਗ੍ਰਾਂਟ ਤੇ ਸਾਬਕਾ ਸੈਨਿਕਾਂ ਨੂੰ ਮਿਲਣ ਵਾਲੀ ਗ੍ਰਾਂਟ ਕੀਤੀ ਦੁੱਗਣੀ : ਡਿਪਟੀ ਕਮਿਸ਼ਨਰ
Publish Date: Fri, 05 Dec 2025 06:30 PM (IST)
Updated Date: Sat, 06 Dec 2025 04:09 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹਾ ਸੈਨਿਕ ਬੋਰਡ, ਬਠਿੰਡਾ ਦੀ ਤਿਮਾਹੀ ਮੀਟਿੰਗ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੇ ਨਾਲ ਕੀਤੀ। ਮੀਟਿੰਗ ਦੀ ਸ਼ੁਰੂਆਤ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਸਕੱਤਰ ਜ਼ਿਲ੍ਹਾ ਸੈਨਿਕ ਬੋਰਡ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਬਠਿੰਡਾ ਵੱਲੋਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਇਸ ਉਪਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਬਠਿੰਡਾ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਡੀਸੀ ਰਾਜੇਸ਼ ਧੀਮਾਨ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਦੱਸਿਆ। ਸਾਬਕਾ ਫ਼ੌਜੀਆਂ ਦੇ ਬੱਚਿਆਂ ਲਈ ਐਜੂਕੇਸ਼ਨ ਗ੍ਰਾਂਟ, ਮੈਰਿਜ ਗ੍ਰਾਂਟ ਤੇ ਨਾਨ-ਪੈਨਸ਼ਨਰ ਸਾਬਕਾ ਫ਼ੌਜੀਆਂ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ, ਨੂੰ ਮਿਲਣ ਵਾਲੀ ਗ੍ਰਾਂਟ 01 ਨਵੰਬਰ 2025 ਤੋਂ ਵਧਾ ਕੇ ਕ੍ਰਮਵਾਰ 24000/-, 1,00,000/- ਤੇ 96,000/- ਰੁਪਏ ਕੀਤੀ ਹੈ। ਜੇਕਰ ਕੋਈ ਮਰੀਜ਼ ਜਿਸ ਦੀ ਉਮਰ 70 ਸਾਲ ਤੋਂ ਉੱਪਰ ਹੈ ਅਤੇ ਚੱਲਣ ਫਿਰਨ ਦੀ ਹਾਲਤ ਵਿਚ ਨਹੀਂ ਹੈ, ਉਸ ਨੂੰ ਖ਼ੁਦ ਈਸੀਐੱਚਐੱਸ ਵਿਖੇ ਦਵਾਈ ਲੈਣ ਲਈ ਹਾਜ਼ਰ ਹੋਣ ਦੀ ਲੋੜ ਨਹੀਂ ਹੈ ਤੇ ਨਿਰਧਾਰਿਤ ਪ੍ਰੋਫਾਰਮਾ ਭਰਨ ਉਪਰੰਤ ਕੋਈ ਵੀ ਪਰਿਵਾਰਕ ਮੈਂਬਰ ਈਸੀਐੱਚਐੱਸ ਪਹੁੰਚ ਕੇ ਮਰੀਜ਼ ਦੀ ਦਵਾਈ ਲੈ ਕੇ ਸਕਦਾ ਹੈ।
ਮੀਟਿੰਗ ਦੌਰਾਨ ਡੀਸੀ ਰਾਜੇਸ਼ ਧੀਮਾਨ ਵੱਲੋਂ ਜ਼ਿਲ੍ਹੇ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾ, ਵਿਧਵਾਵਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣਨ ਉਪਰੰਤ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਡੀਸੀ ਰਾਜੇਸ਼ ਧੀਮਾਨ ਵੱਲੋਂ ਸ਼ਹੀਦ/ਨਕਾਰਾ ਹੋਏ ਸੈਨਿਕਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਲਈ ਦਿਲ ਖੋਲ੍ਹ ਕੇ ਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬ੍ਰਿਗੇਡੀਅਰ ਅਮਰਦੀਪ ਸਿੰਘ ਢਿੱਲੋਂ (ਸੈਨਾ ਮੈਡਲ) (ਸੇਵਾਮੁਕਤ), ਮੀਤ ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਲੈਪਲ ਬੈਜ ਲਗਾ ਕੇ ਝੰਡਾ ਦਿਵਸ ਦਾ ਅਗਾਜ਼ ਕੀਤਾ। ਇਸ ਮੌਕੇ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰ, ਸਾਬਕਾ ਫ਼ੌਜੀ, ਸਾਬਕਾ ਫ਼ੌਜੀਆਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਤੋਂ ਇਲਾਵਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ਼ ਆਦਿ ਹਾਜ਼ਰ ਸੀ।