ਪੰਜਾਬ ਕੇਂਦਰੀ ’ਵਰਸਿਟੀ ’ਚ ਕਰਵਾਇਆ ਨੁੱਕੜ ਨਾਟਕ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੁੱਕੜ ਨਾਟਕ ਕਰਵਾਇਆ
Publish Date: Fri, 05 Dec 2025 06:22 PM (IST)
Updated Date: Sat, 06 Dec 2025 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ’ਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਵਿਸ਼ਵ ਦਿਵਿਆਂਗ ਦਿਵਸ 2025 ਨੂੰ ਇਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਤਸ਼ਾਹ ਨਾਲ ਮਨਾਇਆ। ਇਹ ਸਮਾਗਮ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਨ੍ਹਾਂ ਨੇ ਕੈਂਪਸ ’ਚ ਸਮਾਨਤਾ ਤੇ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪਹਿਲਕਦਮੀਆਂ ਨੂੰ ਉਤਸ਼ਾਹਿਤ ਕੀਤਾ ਹੈ। ਸਿੱਖਿਆ ਵਿਭਾਗ ਦੇ ਪ੍ਰੋ. ਸ਼ੰਕਰ ਲਾਲ ਬੀਕਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ “ਮੇਰੀ ਸਮਰੱਥਾ ਮੇਰੀ ਪਛਾਣ-ਮੇਰੀਆਂ ਯੋਗਤਾਵਾਂ ਲਈ ਮੈਨੂੰ ਜਾਣੋ, ਮੇਰੀਆਂ ਅਪਾਹਜਤਾ ਲਈ ਨਹੀਂ” ਸਿਰਲੇਖ ਵਾਲਾ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ। ਇਸ ਨਾਟਕ ’ਚ ਦਿਵਿਆਂਗ ਵਿਅਕਤੀਆਂ ਨੂੰ ਦਰਪੇਸ਼ ਰੋਜ਼ਾਨਾ ਚੁਣੌਤੀਆਂ ਨੂੰ ਉਭਾਰਿਆ ਤੇ ਸੁਨੇਹਾ ਦਿੱਤਾ ਕਿ ਹਰ ਵਿਅਕਤੀ ਨੂੰ ਉਸ ਦੀਆਂ ਸ਼ਕਤੀਆਂ ਤੇ ਪ੍ਰਤਿਭਾਵਾਂ ਦੇ ਆਧਾਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ ਨਾ ਕਿ ਉਸ ਦੀਆਂ ਸੀਮਾਵਾਂ ਦੇ ਆਧਾਰ 'ਤੇ। ਐੱਮਏ ਤੇ ਐਮਐੱਡ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਇਹ ਭਾਵਪੂਰਨ ਨਾਟਕ ਆਪਣੀ ਸੰਵੇਦਨਸ਼ੀਲਤਾ ਤੇ ਸਮਾਜਿਕ ਸੁਨੇਹੇ ਲਈ ਕਾਬਿਲ-ਏ-ਤਾਰੀਫ਼ ਰਿਹਾ। ਸਮਾਗਮ ਦਾ ਵਿਸ਼ੇਸ਼ ਅੰਸ਼ ਡਾ. ਜਸਵਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ, ਸਿੱਖਿਆ ਵਿਭਾਗ ਦਾ ਸੰਬੋਧਨ ਰਿਹਾ। ਉਨ੍ਹਾਂ ਨੇ ਸਰੀਰਕ ਚੁਣੌਤੀਆਂ ਦੇ ਬਾਵਜੂਦ ਆਪਣੀ ਪ੍ਰੇਰਨਾਦਾਇਕ ਜੀਵਨ ਯਾਤਰਾ ਤੇ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਤੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਆ।