ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਸਾਰੀਆਂ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਨਾਲ ਸਬੰਧਿਤ ਸਾਰੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਹਨ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਨੇਪਰੇ ਚੜ ਗਈ ਹੈ। ਹਲਕਾ ਤਲਵੰਡੀ ਸਾਬੋ ਵਿਚ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਹਲਕਾ ਤਲਵੰਡੀ ਸਾਬੋ ਦੀਆਂ ਸਾਰੀਆਂ ਬਲਾਕ ਸੰਮਤੀਆਂ ਅਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।
ਕਾਂਗਰਸ ਵੱਲੋਂ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿਚ ਤਲਵੰਡੀ ਸਾਬੋ ਦੀਆਂ ਸਾਰੀਆਂ ਬਲਾਕ ਸੰਮਤੀਆਂ ਅਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਗਏ। ਉਧਰ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਵੀ ਆਪਣੇ ਤੌਰ ’ਤੇ ਤਿੰਨ ਉਮੀਦਵਾਰਾਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਕਾਗਜ਼ ਬਠਿੰਡਾ ਵਿਖੇ ਦਾਖਲ ਕਰਵਾਏ ਗਏ। ਜਦੋਂ ਕਿ ਭਾਜਪਾ ਵੱਲੋਂ ਭਾਵੇਂ ਕੋਈ ਵੀ ਵੱਡਾ ਲੀਡਰ ਨਾਮਜਦਗੀ ਦਾਖਲ ਕਰਵਾਉਣ ਨਹੀਂ ਪਹੁੰਚਿਆ ਪਰ ਫਿਰ ਵੀ ਤਲਵੰਡੀ ਸਾਬੋ ਦੀਆਂ ਬਲਾਕ ਸੰਮਤੀ ਚੋਣਾਂ ਲਈ ਕੁੱਝ ਕੁ ਉਮੀਦਵਾਰਾਂ ਨੇ ਆਪਣੇ ਪੱਧਰ ’ਤੇ ਨਾਮਜਦਗੀ ਪੱਤਰ ਦਾਖਲ ਕੀਤੇ। ਹਲਕਾ ਤਲਵੰਡੀ ਸਾਬੋ ਦੀਆਂ 25 ਬਲਾਕ ਸੰਮਤੀਆਂ ਅਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਉਮੀਦਵਾਰਾਂ ਲਈ ਨਾਮਜਦਗੀ ਪੇਪਰਾਂ ਦਾਖਲ ਕਰਨ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਬਲਾਕ ਸੰਮਤੀ ਲਈ ਤਲਵੰਡੀ ਸਾਬੋ ਦੇ ਐਸਡੀਐਮ ਕੰਮ ਚੋਣ ਅਫਸਰ ਕੋਲ ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਸਾਰੇ ਉਮੀਦਵਾਰਾਂ ਦੇ ਨਾਮਜਾਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣਾ ਦੌਰਾਨ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ। ਜਿਨ੍ਹਾਂ ਵਿਚ ਮੁਫਤ ਬਿਜਲੀ ਦੀ ਸਹੂਲਤ ਸਮੇਤ ਟੇਲਾਂ ਤੇ ਪਾਣੀ ਪਹੁੰਚਾਉਣ ਵਰਗੇ ਕਈ ਕੰਮ ਸ਼ਾਮਲ ਹਨ। ਜਿਸ ਲਈ ਅਸੀਂ ਇਸ ਦੇ ਅਧਾਰ ’ਤੇ ਵੋਟ ਮੰਗਾਂਗੇ।
ਉਧਰ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਵੱਲੋਂ ਆਪਣੇ 25 ਬਲਾਕ ਸੰਮਤੀਆਂ ਦੇ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਦਾਖਲ ਕਰਵਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਰਾਜ ਵਿਚ ਬਹੁਤ ਦੁਖੀ ਹਨ ਤੇ ਲੋਕ ਹੁਣ ਅਕਾਲੀ ਦਲ ਵੱਲ ਖ਼ੁਦ ਆ ਰਹੇ ਹਨ ਤੇ ਅਕਾਲੀ ਦਲ ਇਨ੍ਹਾਂ ਚੋਣਾਂ ’ਚ ਚੰਗਾ ਪ੍ਰਦਰਸ਼ਨ ਕਰੇਗਾ। ਅਕਾਲੀ ਦਲ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਨੇ ਵੀ ‘ਆਪ’ ਦੀ ਸਰਕਾਰ ਵੱਲੋਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਵਾਲੇ ਵਾਅਦੇ ’ਤੇ ਸਵਾਲ ਚੁੱਕੇ ਤੇ ਇਸ ਨੂੰ ਲੈ ਕੇ ਉਨ੍ਹਾਂ ਵੋਟਾਂ ਮੰਗਣ ਦੀ ਗੱਲ ਕਹੀ। ਰਾਜ ਅੰਦਰ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਬਲਾਕ ਤਲਵੰਡੀ ਸਾਬੋ ਦੇ ਕੁੱਲ 25 ਸੰਮਤੀ ਜ਼ੋਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਇੱਛੁਕ ਉਮੀਦਵਾਰਾਂ ਸਮੇਤ 100 ਦੇ ਕਰੀਬ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਉਪ ਮੰਡਲ ਚੋਣ ਅਧਿਕਾਰੀ ਕਮ ਐੱਸਡੀਐੱਮ ਤਲਵੰਡੀ ਸਾਬੋ ਪੰਕਜ ਕੁਮਾਰ ਕੋਲ ਦਾਖ਼ਲ ਕੀਤੇ।ਦਾਖ਼ਲ ਨਾਮਜ਼ਦਗੀ ਕਾਗਜ਼ਾਂ ਦੀ 5 ਦਸੰਬਰ ਨੂੰ ਪੜਤਾਲ ਹੋਵੇਗੀ ਅਤੇ 6 ਦਸੰਬਰ ਨੂੰ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾ ਸਕਣਗੇ।