ਸ਼ਹਿਰ ’ਚ ਬਿਨਾਂ ਢੱਕਣ ਵਾਲੀਆਂ ਜਾਲੀਆਂ ਦੇ ਰਹੀਆਂ ਹਾਦਸੇ ਨੂੰ ਸੱਦਾ
ਸ਼ਹਿਰ ’ਚ ਬਿਨ੍ਹਾਂ ਢੱਕਣ ਖੁੱਲੀਆਂ ਪਈਆਂ ਬਰਸਾਤੀ ਜਾਲੀਆਂ ਦੇ ਰਹੀਆਂ ਨੇ ਹਾਦਸੇ ਨੂੰ ਸੱਦਾ
Publish Date: Thu, 04 Dec 2025 07:02 PM (IST)
Updated Date: Fri, 05 Dec 2025 04:12 AM (IST)

-ਇਸ ਸਬੰਧੀ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹੈ ਜ਼ਿਲ੍ਹਾ ਪ੍ਰਸ਼ਾਸਨ ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਸ਼ਹਿਰ ’ਚ ਮੀਂਹ ਦੇ ਪਾਣੀ ਦੇ ਨਿਕਾਸ ਲਈ ਬਰਸਾਤੀ ਜਾਲੀਆਂ ਬਣਾਈਆਂ ਗਈਆਂ ਹਨ, ਪ੍ਰੰਤੂ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਜਾਲੀਆਂ ਦੇ ਢੱਕਣ ਸਰ੍ਹੇਆਮ ਖੁੱਲ੍ਹੇ ਪਏ ਵੇਖੇ ਜਾ ਸਕਦੇ ਹਨ, ਜਿਸ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਦੇ ਮਾਡਲ ਟਾਊਨ ਫੇਸ 1 ’ਚ ਕਾਲੀ ਮਾਤਾ ਮੰਦਰ ਦੇ ਨੇੜੇ ਕਈ ਮਹੀਨਿਆਂ ਤੋਂ ਬਿਨ੍ਹਾਂ ਢੱਕਣਾਂ ਦੇ ਖੁੱਲੀਆਂ ਪਈਆਂ ਬਰਸਾਤੀ ਜਾਲੀਆਂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਵਾਰ–ਵਾਰ ਸ਼ਿਕਾਇਤਾਂ ਦੇ ਬਾਵਜੂਦ ਇਨ੍ਹਾਂ ਜਾਲੀਆਂ ਨੂੰ ਢੱਕਿਆ ਨਹੀਂ ਜਾ ਰਿਹਾ ਹੈ। ਸ਼ਾਇਦ ਬਠਿੰਡਾ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਖੁੱਲ੍ਹੀਆਂ ਪਈਆਂ ਬਰਸਾਤੀ ਜਾਲੀਆਂ ਸਿਰਫ਼ ਇਕ ਜਾਂ ਦੋ ਥਾਵਾਂ ’ਤੇ ਨਹੀਂ ਸਗੋਂ ਬਠਿੰਡਾ ਸ਼ਹਿਰ ਵਿਚ ਕਈ ਥਾਵਾਂ ’ਤੇ ਦੇਖੀਆਂ ਜਾ ਸਕਦੀਆਂ ਹਨ। ਉਦਾਹਰਨ ਵਜੋਂ ਮਾਡਲ ਟਾਊਨ ਦੇ ਫੇਸ 1 ’ਚ ਕਾਲੀ ਮਾਤਾ ਮੰਦਰ ਦੇ ਨੇੜੇ, ਅਜੀਤ ਰੋਡ ਦੇ ਅਖੀਰ ਵਿਚ ਪਾਰਕ ਦੇ ਨੇੜੇ ਅਤੇ ਅਮਰੀਕ ਸਿੰਘ ਰੋਡ ’ਤੇ ਕਲਕੱਤਾ ਵਾਲੀ ਗਲੀ ਦੇ ਸਾਹਮਣੇ ਆਸਾਨੀ ਨਾਲ ਬਰਸਾਤੀ ਜਾਲੀਆਂ ਖੁੱਲੀਆਂ ਪਈਆਂਏ ਮਿਲਣਗੀਆਂ। ਇਨ੍ਹਾਂ ਬਰਸਾਤੀ ਜਾਲੀਆਂ ਨੂੰ ਢੱਕਣ ਅਤੇ ਸਾਫ਼ ਕਰਨ ਲਈ ਹਰ ਸਾਲ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਬਦਕਿਸਮਤੀ ਨਾਲ ਇਨ੍ਹਾਂ ਵਿੱਚੋਂ ਬਹੁਤ ਸਾਰੇ ਖੁੱਲ੍ਹੇ ਜਾਲ ਨੂੰ ਢੱਕਿਆ ਨਹੀਂ ਜਾਂਦਾ ਜੋ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਸਫ਼ਾਈ ਦੀ ਘਾਟ ਕਾਰਨ ਇਨ੍ਹਾਂ ’ਚੋਂ ਬਹੁਤ ਸਾਰੀਆਂ ਬਰਸਾਤੀ ਜਾਲੀਆਂ ਬੰਦ ਵੀ ਹੋ ਜਾਂਦੀਆਂ ਹਨ। ਜਿਸ ਕਾਰਨ ਮੀਂਹ ਪੈਣ ਦੀ ਸੂਰਤ ਵਿਚ, ਬਾਜ਼ਾਰ, ਗਲੀਆਂ, ਸੜਕਾਂ ਆਦਿ ਵਿਚ ਪਾਣੀ ਭਰ ਜਾਂਦਾ ਹੈ। ਖੁੱਲ੍ਹੀਆਂ ਪਈਆਂ ਬਰਸਾਤੀ ਜਾਲੀਆਂ ਨੂੰ ਤੁਰੰਤ ਢੱਕਣ ਲਈ ਪ੍ਰਸ਼ਾਸਨ ਨੂੰ ਵਾਰ–ਵਾਰ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਪੰਜਾਬ ਸਰਕਾਰ ਦੇ ਪੋਰਟਲ ਪੀਜੀਆਰਐੱਸ ਰਾਹੀਂ ਵੀ ਬਲਾਕ ਕੀਤੀਆਂ ਬਰਸਾਤੀ ਜਾਲੀਆਂ ਨੂੰ ਸਾਫ਼ ਕਰਨ ਲਈ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਪਰ ਫਿਰ ਵੀ ਬਿਨ੍ਹਾਂ ਢੱਕਣ ਖੁੱਲੀਆਂ ਪਈਆਂ ਬਰਸਾਤੀ ਜਾਲੀਆਂ ਹਾਦਸਿਆ ਨੂੰ ਸੱਦਾ ਦੇ ਰਹੀਆਂ ਹਨ। ਸ਼ਹਿਰ ਵਾਸੀਆਂ ਨੇ ਇਨ੍ਹਾਂ ਬਰਸਾਤੀ ਜਾਲੀਆਂ ਤੁਰੰਤ ਢੱਕਣ ਦੀ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਧੁੰਦ ਦੇ ਮੌਸਮ ’ਚ ਹੋਣ ਵਾਲੇ ਜਾਨੀ ਨੁਕਸਾਨ ਨੂੰ ਟਾਲਿਆ ਜਾ ਸਕੇ।