ਪਿਸਤੌਲ ਵਿਖਾ ਕੇ ਹਜ਼ਾਰਾਂ ਦੀ ਨਕਦੀ ਲੁੱਟਣ ਵਾਲੇ ਤਿੰਨ ਕਾਬੂ
ਪਿਸਤੌਲ ਦੀ ਨੋਕ ’ਤੇ ਹਜ਼ਾਰਾਂ ਰੁਪਏ ਦੀ ਲੁੱਟ ਕਰਨ ਵਾਲੇ ਤਿੰਨ ਕਾਬੂ
Publish Date: Thu, 04 Dec 2025 05:44 PM (IST)
Updated Date: Fri, 05 Dec 2025 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਥਾਣਾ : ਬੁੱਧਵਾਰ ਸ਼ਾਮ ਨੂੰ ਨਥਾਣਾ ਦੇ ਇਕ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ਤੇ ਹਜ਼ਾਰਾਂ ਰੁਪਏ ਲੁੱਟਣ ਵਾਲੇ ਤਿੰਨ ਨੌਜਵਾਨਾਂ ਨੂੰ ਨਥਾਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਐੱਮਐੱਸ ਗੁੱਡ ਪੈਟਰੋਲ ਪੰਪ ਦੇ ਮਾਲਕ ਕੁਲਬੀਰ ਸਿੰਘ ਬੱਗੜ ਨੇ ਦੱਸਿਆ ਕਿ ਉਸ ਨੇ ਪੰਪ ਉੱਪਰ ਤੇਲ ਪਾਉਣ ਲਈ ਜਗਸੀਰ ਸਿੰਘ ਨਾਮ ਦਾ ਮੁਲਾਜਮ ਰੱਖਿਆ ਹੋਇਆ ਹੈ। ਉਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 3 ਵਜੇ ਤਿੰਨ ਨੌਜਵਾਨ ਇਕ ਮੋਟਰਸਾਈਕਲ ਨੰਬਰ ਪੀਬੀ 03 ਬੀਆਰ 5562 ’ਤੇ ਸਵਾਰ ਹੋ ਕੇ ਆਏ। ਉਕਤ ਨੌਜਵਾਨਾਂ ਨੇ ਉਸਦੇ ਕਰਿੰਦੇ ਜਗਸੀਰ ਸਿੰਘ ਨੂੰ ਪੈਟਰੋਲ ਪਾਉਣ ਲਈ ਕਿਹਾ। ਪੀੜਤ ਨੇ ਦੱਸਿਆ ਕਿ ਜਦੋਂ ਉਸ ਦਾ ਮੁਲਾਜ਼ਮ ਮੋਟਰਸਾਈਕਲ ’ਚ ਪੈਟਰੋਲ ਪਾ ਰਿਹਾ ਸੀ ਤਾਂ ਇਕ ਨੌਜਵਾਨ ਨੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ 4000 ਅਤੇ ਉਸ ਦੇ ਮੁਲਾਜ਼ਮ ਜਗਸੀਰ ਸਿੰਘ ਕੋਲੋਂ 22500 ਖੋਹ ਲਏ ਅਤੇ ਫਰਾਰ ਹੋ ਗਏ। ਲੁੱਟ ਕਰਨ ਵਾਲਿਆਂ ’ਚ ਅਰਜਨ ਕੁਮਾਰ ਨੇੜੇ ਰਵਿਦਾਸ ਮੰਦਿਰ ਵਾਸੀ ਫੂਲ ਟਾਊਨ, ਸਾਹਿਲ ਵਾਸੀ ਬੁੱਟਰ ਪੱਤੀ ਫੂਲ ਅਤੇ ਵਿੱਕੀ ਪਿੱਪਲ ਵੇਹੜਾ ਫੂਲ ਸਨ। ਨਥਾਣਾ ਪੁਲਿਸ ਨੇ ਮੁਸਤੈਦੀ ਵਰਤਦਿਆਂ ਲੁੱਟਣ ਵਾਲੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ, ਜਿਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।