ਕੋਟਸ਼ਮੀਰ ਦੇ ਖੇਤਾਂ ਨੂੰ ਜਾਂਦੇ ਨਹਿਰੀ ਖਾਲ ਦੀ ਹਾਲਤ ਖ਼ਸਤਾ
ਕੋਟਸ਼ਮੀਰ ਦੇ ਖੇਤਾਂ ਨੂੰ ਜਾਂਦੇ ਕੋਠੀ ਵਾਲੇ ਨਹਿਰੀ ਖਾਲ ਦੀ ਹਾਲਤ ਖਸਤਾ
Publish Date: Mon, 01 Dec 2025 08:52 PM (IST)
Updated Date: Tue, 02 Dec 2025 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟਸ਼ਮੀਰ ਦੇ ਖੇਤਾਂ ਨੂੰ ਫੂਲ ਰਜਵਾਹੇ ਦਾ ਪਾਣੀ ਲੱਗਦਾ ਹੈ। ਰਜਵਾਹੇ ਵਿੱਚੋਂ ਨਿਕਲਣ ਵਾਲੇ ਖੱਤਰੀ ਵਾਲੇ ਮੋਘਾ ਨੰਬਰ 149710 ਆਰ ਤੋਂ ਪਾਟਦੇ ਕੋਠੀ ਵਾਲੇ ਖਾਲ ਦੀ ਹਾਲਤ ਬੇਹਦ ਖਸਤਾ ਹੈ। ਇਸ ਖਾਲ ਦੀ ਹਾਲਤ ਇਨ੍ਹੀ ਖਸਤਾ ਹੈ ਕਿ 350 ਏਕੜ ਦੇ ਲਗਭਗ ਰਕਬੇ ਨੂੰ ਇਕ ਵੀ ਬੂੰਦ ਪਾਣੀ ਨਹੀਂ ਪਹੁੰਚ ਰਿਹਾ। ਖਸਤਾ ਹਾਲ ਖਾਲ ਵਿਚ ਕਿਸਾਨਾਂ ਨੇ ਪਲਾਸਟਿਕ ਦੀਆਂ ਪਾਇਪਾਂ ਪਾ ਕੇ ਪਾਣੀ ਲੰਘਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਨਹਿਰੀ ਪਾਣੀ ਖੇਤਾਂ ਤਕ ਨਹੀਂ ਪਹੁੰਚਦਾ। ਕਿਸਾਨ ਸੁਖਮੰਦਰ ਸਿੰਘ ਬੱਬੂ, ਸਾਧੂ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਬਾਬੂ ਸਿੰਘ, ਬਿੰਦਰ ਸਿੰਘ, ਜੋਗਿੰਦਰ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਭੂੰਦੜਵਾਲਾ, ਜੀਤ ਸਿੰਘ ਬਿੱਲੂ ਕਾ, ਅਵਤਾਰ ਸਿੰਘ ਬੁੱਟਰ, ਗਮਦੂਰ ਸਿੰਘ ਬੁੱਟਰ, ਕਪੂਰ ਸਿੰਘ ਬੁੱਟਰ, ਵਕੀਲ ਸਿੰਘ ਬੁੱਟਰ, ਹਾਕਮ ਸਿੰਘ ਬੁੱਟਰ, ਮਲਕੀਤ ਸਿੰਘ ਬੁੱਟਰ, ਮੰਦਰ ਸਿੰਘ ਬੁੱਟਰ, ਗੁਰਦੀਪ ਸਿੰਘ ਬੁੱਟਰ, ਸਰਜੀਤ ਸਿੰਘ ਬੁੱਟਰ ਆਦਿ ਨੇ ਕਿਹਾ ਕਿ ਇਕ ਪਾਸੇ ਸਰਕਾਰ ਟੇਲਾਂ ’ਤੇ ਪਾਣੀ ਪੂਰਾ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦਿੱਤੀ ਜਾ ਸਕੇ ਪਰ ਦੂਸਰੇ ਪਾਸੇ ਸਾਡੇ ਖੇਤਾਂ ਨੂੰ ਜਾਂਦੇ ਇਸ ਖਾਲ ਨੂੰ ਟੁੱਟਿਆ ਕਈ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਹੀ ਇਸ ਖਾਲ ਨੂੰ ਦੁਬਾਰਾ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇ ਤਾਂ ਜੋ ਅਸੀਂ ਵੀ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਕਰ ਸਕੀਏ।