ਮੌਸਮ ’ਚ ਆਈ ਤਬਦੀਲੀ, ਸਵੇਰੇ ਤੇ ਸ਼ਾਮ ਨੂੰ ਹੋਣ ਲੱਗੀ ਠੰਢ
ਮੌਸਮ ਵਿਚ ਆਈ ਤਬਦੀਲੀ, ਸਵੇਰੇ ਅਤੇ ਸ਼ਾਮ ਨੂੰ ਹੋਣ ਲੱਗੀ ਠੰਢ, ਲੋਕ ਗਰਮ ਕੱਪੜਿਆਂ ਦਾ ਸਹਾਰਾ ਲੈਣ ਲੱਗੇ
Publish Date: Sat, 22 Nov 2025 06:09 PM (IST)
Updated Date: Sat, 22 Nov 2025 06:10 PM (IST)

- ਮੌਸਮ ਠੰਢਾ ਹੋਣ ਕਾਰਨ ਖੰਘ ਤੇ ਜੁਕਾਮ ਦੇ ਮਰੀਜ਼ ਵਧੇ, ਲੋਕ ਗਰਮ ਕੱਪੜਿਆਂ ਦਾ ਸਹਾਰਾ ਲੈਣ ਲੱਗੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਵੰਬਰ ਮਹੀਨਾ ਸ਼ੁਰੂ ਹੁੰਦਿਆਂ ਹੀ ਮੌਸਮ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਨਵੰਬਰ ਮਹੀਨੇ ਦੌਰਾਨ ਹੌਲੀ ਹੌਲੀ ਤਾਪਮਾਨ ਘਟਣਾ ਸ਼ੁਰੂ ਹੋ ਗਿਆ। ਇਹੀ ਕਾਰਨ ਹੈ ਕਿ ਸਵੇਰੇ ਅਤੇ ਸ਼ਾਮ ਨੂੰ ਠੰਢ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਚ ਆਈ ਤਬਦੀਲੀ ਤੋਂ ਬਾਅਦ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ। ਜ਼ਿਆਦਾ ਠੰਢ ਮੰਨਣ ਵਾਲੇ ਲੋਕ ਸਵੇਰੇ ਮੋਟੇ ਕੱਪੜੇ ਦਾ ਸਹਾਰਾ ਲੈਂਦੇ ਵੀ ਨਜ਼ਰ ਆ ਰਹੇ ਹਨ। ਮੌਸਮ ਵਿਚ ਆਈ ਤਬਦੀਲੀ ਅਤੇ ਝੋਨੇ ਦੀ ਪਰਾਲੀ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਬਾਅਦ ਬਿਮਾਰੀਆਂ ਵਿਚ ਵੀ ਵਾਧਾ ਹੋਇਆ ਹੈ। ਜੇਕਰ ਅਕਤੂਬਰ ਮਹੀਨੇ ਦੇ ਆਖਰੀ ਦਿਨ ਦੇ ਤਾਪਮਾਨ ’ਤੇ ਨਜ਼ਰ ਮਾਰੀ ਜਾਵੇ ਤਾਂ ਇਹ ਵੱਧ ਤੋਂ ਵੱਧ 31.8 ਡਿਗਰੀ ਅਤੇ ਘੱਟ ਤੋਂ ਘੱਟ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਨਵੰਬਰ ਮਹੀਨੇ ਦੇ ਪਹਿਲੇ ਤਿੰਨ ਦਿਨਾਂ ਵਿਚ ਤਾਪਮਾਨ 5 ਡਿਗਰੀ ਤੋਂ ਜ਼ਿਆਦਾ ਹੇਠਾਂ ਆ ਗਿਆ। 8 ਨਵੰਬਰ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਨਿਚਰਵਾਰ ਨੂੰ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਸਰਦੀ ਹੋਰ ਵਧਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਘੱਟ ਤੋਂ ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 27 ਤੋਂ 28 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਠੰਢ ਕਾਰਨ ਮਰੀਜ਼ਾਂ ਦੀ ਗਿਣਤੀ ਵਧੀ, ਲੋਕ ਠੰਢ ਤੋਂ ਰਹਿਣ ਸਾਵਧਾਨ। ਠੰਢ ਕਾਰਨ ਖੰਘ ਅਤੇ ਜੁਕਾਮ ਦੇ ਮਰੀਜ਼ਾਂ ਵਿਚ ਵਾਧਾ ਹੋਇਆ ਹੈ। ਸਿਵਲ ਹਸਪਤਾਲ ਵਿਚ ਅਜਿਹੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾਕਟਰਾਂ ਅਨੁਸਾਰ ਮੌਸਮ ਦੀ ਤਬਦੀਲੀ ਅਤੇ ਵਾਤਾਵਰਣ ਖਰਾਬ ਹੋਣ ਕਾਰਨ ਮਰੀਜ਼ ਜਿਆਦਾ ਆ ਰਹੇ ਹਨ। ਡਿਪਟੀ ਕਮਿਸ਼ਨਰ ਰਾਜ਼ੇਸ ਧੀਮਾਨ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਠੰਢ ਦੇ ਮਾੜੇ ਪ੍ਰਭਾਵਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਪੌਸਟਿਕ ਆਹਾਰ ਦੇ ਨਾਲ-ਨਾਲ ਗਰਮ ਕੱਪੜੇ ਪਹਿਣਾ ਲਾਜ਼ਮੀ ਬਣਾਉਣ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿਚ ਪੈਣ ਵਾਲੀ ਧੁੰਦ ਦੇ ਮੱਦੇਨਜ਼ਰ ਆਵਾਰਾ ਪਸ਼ੂਆਂ ਦੇ ਰਿਫ਼ਲੈਕਟਰ ਲਗਾਉਣਾ ਲਾਜ਼ਮੀ ਬਣਾਉਣ ਤਾਂ ਜੋ ਪਸ਼ੂਆਂ ਕਾਰਨ ਵਾਪਰਨ ਵਾਲੀਆਂ ਅਣਹੋਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ-ਮਹਾਂਦੀਪ ਦੇ ਖੇਤਰ ਵਿੱਚ ਉੱਤਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦੇ ਨਾਲ ਬਹੁਤ ਘੱਟ ਤਾਪਮਾਨ ਦੀ ਮੌਜੂਦਗੀ ਤੇ ਠੰਢ ਦੇ ਮਾੜੇ ਪ੍ਰਭਾਵ ਦੇ ਕਾਰਨ ਬਹੁਤ ਜ਼ਿਆਦਾ ਸ਼ੀਤ ਲਹਿਰਾਂ ਦਾ ਖੇਤੀਬਾੜੀ, ਸਿਹਤ, ਪਸ਼ੂਆਂ ਦੀ ਖੁਰਾਕ, ਵਾਤਾਵਰਣ ਤੇ ਮਹੱਤਵਪੂਰਨ ਪ੍ਰਭਾਵ ਪੈਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਆਗਾਮੀ ਠੰਢ ਤੇ ਸ਼ੀਤ ਲਹਿਰ ਨਾਲ ਸਮਾਜਿਕ-ਆਰਥਿਕਤਾ ਅਤੇ ਹੋਰ ਸਬੰਧਤ ਸੈਕਟਰ ਇਸ ਨਾਲ ਸਬਜ਼ੀ ਵਿਕਰੇਤਾਵਾਂ ਸਮੇਤ ਸੇਵਾ ਖੇਤਰ ਖਾਸ ਤੌਰ ਤੇ ਗਰੀਬ ਲੋਕ ਪ੍ਰਭਾਵਿਤ ਹੋ ਸਕਦੇ ਹਨ। ਰਿਕਸ਼ਾ ਚਾਲਕ, ਡੇਲੀ ਵੇਜ ਵਰਕਰ ਅਤੇ ਰੋਡ ਸਾਈਡ ਕਿਓਸਕ ਓਪਰੇਟਰ, ਕੋਲਡ ਵੇਵ ਰਿਸਕ ਰਿਡਕਸ਼ਨ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਐਨਸੀਐਮਏ ਨੇ ਸ਼ੀਤ ਲਹਿਰ ਤੇ ਠੰਢ ਦੀ ਰੋਕਥਾਮ ਅਤੇ ਪ੍ਰਬੰਧਨ ਕਾਰਜ ਯੋਜਨਾ ਦੀ ਤਿਆਰੀ ਲਈ ਰਾਸ਼ਟਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਨ੍ਹਾਂ ਦੀ ਪਾਲਣਾ ਕਰਨਾ ਸਾਡੇ ਸਭ ਲਈ ਅਹਿਮ ਹੈ।