ਜੀਕੇਯੂ ਵਿਖੇ ਦੱਖਣੀ ਅਫਰੀਕਾ ਦੇ ਵਿਦਿਆਰਥੀਆਂ ਵੱਲੋਂ “ਇੰਟਰਨੈਸ਼ਨਲ ਯੂਥ ਫੈਸਟ” ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਇੰਟਰਨੈਸ਼ਨਲ ਡਿਵੀਜ਼ਨ ਅਤੇ ਡਾਇਰੈਕਟਰੋਟ ਆਫ਼ ਯੂਥ ਅਫੇਅਰ ਐਂਡ ਕਲਚਰ ਵੱਲੋਂ ਦੱਖਣੀ ਅਫ਼ਰੀਕਾ ਦੇ ਵਿਦਿਆਰਥੀਆਂ ਦਾ ਇੰਟਰਨੈਸ਼ਨਲ ਯੂਥ ਫੈਸਟ ਬੜੇ ਚਾਵਾਂ ਮਲ੍ਹਾਰਾਂ ਨਾਲ ਮਨਾਇਆ ਗਿਆ। ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਰਾਮੇਸ਼ਵਰ ਸਿੰਘ ਅਤੇ ਪ੍ਰੋ ਵਾਈਸ ਚਾਂਸਲਰ ਪ੍ਰੋ. ਡਾ. ਜਗਤਾਰ ਸਿੰਘ ਧੀਮਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਡੀਨ ਅਕਾਦਮਿਕ, ਡਾਇਰੈਕਟਰ ਵਿਦਿਆਰਥੀ ਭਲਾਈ, ਡਾਇਰੈਕਟਰ ਸੁਰੱਖਿਆ, ਵਰਸਿਟੀ ਦੇ ਉੱਚ ਅਧਿਕਾਰੀ, ਵੱਖ-ਵੱਖ ਫੈਕਲਟੀਆਂ ਦੇ ਡੀਨ, ਫੈਕਲਟੀ ਮੈਂਬਰ, ਤਨਜ਼ਾਨੀਆ, ਰਵਾਂਡਾ, ਲਿਸੋਥੋ, ਜ਼ਿੰਬਾਬਵੇ, ਜ਼ਾਂਬੀਆ, ਸਵਾਜ਼ੀਲੈਂਡ, ਅਤੇ ਦੱਖਣੀ ਅਫ਼ਰੀਕਾ ਤੇ ਵੱਖ-ਵੱਖ ਦੇਸ਼ਾਂ ਦੇ ਲਗਭਗ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਗਾਨ ਅਤੇ ਅਫਰੀਕਨ ਦੇਸ਼ ਦੇ ਰਾਸ਼ਟਰ ਗਾਨ ਨਾਲ ਹੋਈ। ਮੁੱਖ ਮਹਿਮਾਨ ਚਾਂਸਲਰ ਸਿੱਧੂ ਨੇ ਕਿਹਾ ਕਿ ਜੀਕੇਯੂ ਇਨ੍ਹਾਂ ਵਿਦਿਆਰਥੀਆਂ ਦੀ ਇੰਟਰਨਸ਼ਿਪ ਅਤੇ ਪਲੇਸਮੈਂਟ ਲਈ ਦੱਖਣੀ ਅਫ਼ਰੀਕਾ ਦੇ ਉਦਯੋਗਿਕ ਅਤੇ ਅਕਾਦਮਿਕ ਅਦਾਰਿਆਂ ਨਾਲ ਦੁਵੱਲੇ ਸਮਝੌਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਰਸਿਟੀ ਵੱਲੋਂ ਇਨ੍ਹਾਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਦਿਆਰਥੀਆਂ ਵੱਲੋਂ ਆਪਣੇ-ਆਪਣੇ ਦੇਸ਼ ਦੇ ਸੱਭਿਆਚਾਰ ਦੀਆਂ ਪੇਸ਼ ਕੀਤੀ ਗਈਆਂ ਵੰਨਗੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਸਿੰਘ ਨੇ ਕਿਹਾ ਕਿ ਵਰਸਿਟੀ ਦੱਖਣੀ ਅਫਰੀਕਾ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਜੀਕੇਯੂ ਵੱਲੋਂ ਸਮੇਂ ਅਤੇ ਸਨਅਤੀ ਖੇਤਰ ਦੀ ਲੋੜ ਅਨੁਸਾਰ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਵੇਂ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਆਪਣੀ ਊਰਜਾ ਦੇਸ਼ ਦੇ ਵਿਕਾਸ ਵਿੱਚ ਲਗਾਉਣ ਦੀ ਗੱਲ ਕਹੀ। ਡਾ. ਧੀਮਾਨ ਨੇ ਅਫ਼ਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰ ਅਤੇ ਲੋਕ ਨਾਚਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਨੂੰ ਪੱਕੇ ਪੈਰੀਂ ਕਰਨ ਲਈ ਦੇਸ਼ ਭਗਤੀ ਦਾ ਜਜ਼ਬਾ ਉਜਾਗਰ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਕੰਵਲਜੀਤ ਕੌਰ ਡਾਇਰੈਕਟਰ ਯੂਥ ਅਫੇਅਰ ਐਂਡ ਕਲਚਰ ਵੱਲੋਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਮੋਹਿਤ ਵਰਮਾ ਦੀ ਟੀਮ ਦਾ ਸਮੁੱਚਾ ਪ੍ਰਬੰਧਨ ਕਾਬਿਲ-ਏ-ਤਾਰੀਫ਼ ਰਿਹਾ। ਡਾ. ਵਿਕਾਸ ਗੁਪਤਾ ਅਤੇ ਡਾ. ਜੀਨੀਅਸ ਵਾਲੀਆ ਦੇ ਖੂਬਸੂਰਤ ਮੰਚ ਸੰਚਾਲਨ ਨੇ ਖੂਬ ਵਾਹ-ਵਾਹ ਖੱਟੀ। ਵਿਦੇਸ਼ੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਲੋਕ ਨਾਚਾਂ ਅਤੇ ਲੋਕ ਗੀਤਾਂ ਨੇ ਦੁਨੀਆਵੀ ਸਰਹੱਦਾਂ ਨੂੰ ਪਾਰ ਕਰਦੇ ਹੋਏ ਦਰਸ਼ਕਾਂ ਦੀਆਂ ਖੂਬ ਤਾੜੀਆਂ ਖੱਟੀਆਂ।