ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਕਾਰਨ ਯਾਤਰੀ ਪਰੇਸ਼ਾਨ, ਦੂਜੇ ਰਾਜਾਂ ਲਈ ਬੱਸ ਸੇਵਾਵਾਂ ਪੂਰੀ ਤਰ੍ਹਾਂ ਰਹੀਆਂ ਬੰਦ

- ਇੱਕ ਦਿਨ ਦੀ ਹੜਤਾਲ ਕਾਰਨ 20 ਲੱਖ ਦਾ ਆਰਥਿਕ ਨੁਕਸਾਨ, 220 ’ਚੋਂ ਸਿਰਫ਼ 80 ਬੱਸਾਂ ਹੀ ਹੋਈਆਂ ਰਵਾਨਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਵੱਲੋਂ ਵੀਰਵਾਰ ਨੂੰ ਇੱਕ ਦਿਨਾ ਹੜਤਾਲ ਕੀਤੀ ਗਈ, ਜਿਸ ਕਾਰਨ ਬਠਿੰਡਾ ਡਿਪੂ ਦੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਹੜਤਾਲ ਦੇ ਚਲਦੇ ਡਿਪੂ ਨੂੰ ਲਗਭਗ 20 ਲੱਖ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ। ਜਾਣਕਾਰੀ ਅਨੁਸਾਰ ਪੀਆਰਟੀਸੀ ਬਠਿੰਡਾ ਡਿਪੂ ਵਿੱਚ ਕਰੀਬ 80 ਫ਼ੀਸਦੀ ਕਰਮਚਾਰੀ ਕੱਚੇ ਹਨ ਅਤੇ ਬੱਸਾਂ ਦਾ ਸੰਚਾਲਨ ਇਨ੍ਹਾਂ ਕੱਚੇ ਮੁਲਾਜ਼ਮਾਂ ’ਤੇ ਹੀ ਨਿਰਭਰ ਕਰਦਾ ਹੈ। ਆਮ ਤੌਰ ’ਤੇ ਬਠਿੰਡਾ ਡਿਪੂ ਤੋਂ ਰੋਜ਼ਾਨਾ ਲਗਭਗ 220 ਬੱਸਾਂ 600 ਰੂਟਾਂ ’ਤੇ ਚਲਦੀਆਂ ਹਨ, ਪਰ ਹੜਤਾਲ ਕਾਰਨ ਸਿਰਫ਼ 80 ਬੱਸਾਂ ਹੀ ਵੱਖ-ਵੱਖ ਰੂਟਾਂ ’ਤੇ ਚੱਲ ਸਕੀਆਂ। ਚੰਡੀਗੜ੍ਹ ਜਾਣ ਵਾਲੀਆਂ ਕੇਵਲ ਤਿੰਨ ਬੱਸਾਂ ਚਲਾਈਆਂ ਗਈਆਂ, ਜਦਕਿ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਲਈ ਜਾਣ ਵਾਲੀਆਂ ਸਾਰੀਆਂ ਬੱਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹੀਆਂ। ਇਸ ਨਾਲ ਦੂਰ-ਦਰਾਜ ਦੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਰਾਜਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਰੇਲ ਗੱਡੀਆਂ ਦਾ ਸਹਾਰਾ ਲੈਣਾ ਪਿਆ। ਸਵੇਰੇ ਤੋਂ ਹੀ ਬਠਿੰਡਾ ਬੱਸ ਅੱਡੇ ਵਿਚ ਵੱਖ-ਵੱਖ ਥਾਵਾਂ ਲਈ ਜਾਣ ਵਾਹਲੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਖ਼ਾਸ ਕਰ ਕੇ ਔਰਤਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਮੁਫ਼ਤ ਯਾਤਰਾ ਸੁਵਿਧਾ ਹੜਤਾਲ ਦੌਰਾਨ ਬੇਅਸਰ ਨਜ਼ਰ ਆਈ। ਕਈ ਔਰਤਾਂ ਘੰਟਿਆਂ ਤਕ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ ਪਰ ਉਨ੍ਹਾਂ ਨੂੰ ਸਰਕਾਰੀ ਬੱਸ ਨਹੀਂ ਮਿਲ ਸਕੀ। ਜਿੱਥੇ-ਜਿੱਥੇ ਕੁੱਝ ਸਰਕਾਰੀ ਬੱਸਾਂ ਚੱਲੀਆਂ, ਉੱਥੇ ਇਨ੍ਹੀ ਭੀੜ ਸੀ ਕਿ ਬਜ਼ੁਰਗਾਂ ਅਤੇ ਔਰਤਾਂ ਲਈ ਬੱਸ ‘ਚ ਚੜ੍ਹਨਾ ਵੀ ਔਖਾ ਹੋ ਗਿਆ। ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਚਾਂਦੀ ਰਹੀ। ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਪ੍ਰਾਈਵੇਟ ਬਸਾਂ ਵਿੱਚ ਬੇਹਿਸਾਬ ਭੀੜ ਹੋ ਗਈ। ਕਈ ਯਾਤਰੀਆਂ ਨੂੰ ਮਜ਼ਬੂਰੀ ਵੱਸ ਖਿੜਕੀਆਂ ਨਾਲ ਲਟਕ ਕੇ ਸਫ਼ਰ ਕਰਦੇ ਵੀ ਵੇਖਿਆ ਗਿਆ। ਕੁਝ ਥਾਵਾਂ ‘ਤੇ ਪ੍ਰਾਈਵੇਟ ਬੱਸਾਂ ਵੱਲੋਂ ਵਾਧੂ ਕਿਰਾਇਆ ਵਸੂਲਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ। ਬਠਿੰਡਾ ਦੇ ਬੱਸ ਅੱਡੇ ‘ਤੇ ਬੈਠੀ ਗੁਰਮੇਲ ਕੌਰ ਨੇ ਦੱਸਿਆ ਕਿ ਉਹ ਬੁਢਲਾਡਾ ਜਾਣ ਲਈ ਕਾਫ਼ੀ ਦੇਰ ਤੋਂ ਸਰਕਾਰੀ ਬੱਸ ਦੀ ਉਡੀਕ ਕਰ ਰਹੀ ਸੀ, ਪਰ ਕੋਈ ਸਰਕਾਰੀ ਬੱਸ ਨਹੀਂ ਆਈ। ਇਕ ਬਜ਼ੁਰਗ ਯਾਤਰੀ ਅਮਰੀਕ ਸਿੰਘ ਨੇ ਕਿਹਾ ਕਿ ਬੱਸਾਂ ਦੀ ਘੱਟ ਆਵਾਜਾਈ ਕਾਰਨ ਆਮ ਯਾਤਰਾ ਵੀ ਮੁਸ਼ਕਲ ਹੋ ਗਈ ਹੈ। ਅਬੋਹਰ ਤੋਂ ਬਠਿੰਡਾ ਆਉਣ ਵਾਲੇ ਅਮਨ ਨੇ ਦੱਸਿਆ ਕਿ ਬੱਸਾਂ ਦੀ ਹੜਤਾਲ ਕਾਰਨ ਉਹ ਆਪਣੀ ਬਾਈਕ ਰਾਹੀਂ ਹੀ ਡਿਊਟੀ ‘ਤੇ ਪਹੁੰਚਿਆ। ਇਸ ਦੌਰਾਨ ਹੜਤਾਲੀ ਕਰਮਚਾਰੀਆਂ ਵੱਲੋਂ ਪੀਆਰਟੀਸੀ ਬਠਿੰਡਾ ਡਿਪੂ ਦੇ ਮੁੱਖ ਗੇਟ ‘ਤੇ ਧਰਨਾ ਵੀ ਦਿੱਤਾ ਗਿਆ। ਪੀਆਰਟੀਸੀ ਯੂਨੀਅਨ ਆਗੂ ਅੰਗਰੇਜ਼ ਸਿੰਘ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਯੂਨੀਅਨ ਮੈਂਬਰਾਂ ਦੀ ਰਿਹਾਈ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ। ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਬਜਾਏ ਉਨ੍ਹਾਂ ‘ਤੇ ਝੂਠੇ ਮਾਮਲੇ ਦਰਜ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਕਰਮਚਾਰੀਆਂ ਵਿੱਚ ਰੋਸ ਵੱਧ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਗੰਭੀਰਤਾ ਨਾ ਦਿਖਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਡਿਪੂ ਅੰਦਰ ਵਰਕਸ਼ਾਪ ਦੇ ਗੇਟ ’ਤੇ ਲੱਗੇ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਨੇ ਵੀ ਸੰਬੋਧਨ ਕੀਤਾ। ਦੂਜੇ ਪਾਸੇ, ਯਾਤਰੀਆਂ ਨੇ ਸਰਕਾਰ ਅਤੇ ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਜਨਤਾ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਹੱਲ ਕੱਢਿਆ ਜਾਵੇ। ਇੱਕ ਦਿਨ ਦੀ ਹੜਤਾਲ ਨੇ ਸਾਬਤ ਕਰ ਦਿੱਤਾ ਕਿ ਸਰਕਾਰੀ ਬੱਸ ਸੇਵਾ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਸ ਦੇ ਬਿਨਾਂ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।