ਖ਼ਾਲਸਾ ਸਕੂਲ ਵਿਵਾਦ : ਅਧਿਆਪਕਾਂ ਤੇ ਮਾਪਿਆਂ ਵੱਲੋਂ ਸਕੂਲ ਗੇਟ ਅੱਗੇ ਧਰਨਾ
ਖ਼ਾਲਸਾ ਸਕੂਲ ਵਿਵਾਦ: ਅਧਿਆਪਕਾਂ ਅਤੇ ਮਾਪਿਆਂ ਵੱਲੋਂ ਸਕੂਲ ਗੇਟ ਅੱਗੇ ਧਰਨਾ
Publish Date: Thu, 05 Feb 2026 07:09 PM (IST)
Updated Date: Thu, 05 Feb 2026 07:11 PM (IST)

- ਮੈਨੇਜਮੈਂਟ ਕਮੇਟੀ ਵਿਰੁੱਧ ਨਾਅਰੇਬਾਜ਼ੀ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ਼ ਦਰਮਿਆਨ ਚੱਲ ਰਹੇ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ ਹੈ। ਇਸ ਵਿਵਾਦ ਕਾਰਨ ਬੁੱਧਵਾਰ ਨੂੰ ਅਧਿਆਪਕਾਂ ਅਤੇ ਮਾਪਿਆਂ ਨੇ ਸਕੂਲ ਦੇ ਮੁੱਖ ਗੇਟ ਅੱਗੇ ਮੈਨੇਜਮੈਂਟ ਕਮੇਟੀ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੇ ਬਾਵਜੂਦ ਉਸ ਵੱਲੋਂ ਸੀਟ ਤੋਂ ਕਬਜ਼ਾ ਨਾ ਛੱਡਣ ਦਾ ਦੋਸ਼ ਲਗਾ ਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਦੀਪਕ ਸਿੰਘ ਤੇ ਹੋਰਨਾਂ ਨੇ ਬੁੱਧਵਾਰ ਸ਼ਾਮ ਨੂੰ ਸਕੂਲ ਵਿਚ ਧਰਨਾ ਲਗਾ ਦਿੱਤਾ ਜਿਹੜਾ ਕੇ ਹਾਲੇ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਪਿਛਲੇ ਦਿਨ ਤੋਂ ਜਾਰੀ ਹੈ ਅਤੇ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਕਮੇਟੀ ਦੇ ਅਹੁਦੇਦਾਰ ਰਾਤ ਭਰ ਸਕੂਲ ਵਿੱਚ ਹੀ ਮੌਜੂਦ ਰਹੇ। ਜਾਣਕਾਰੀ ਮੁਤਾਬਿਕ ਖ਼ਾਲਸਾ ਸਕੂਲ ਦੇ ਪ੍ਰਿੰਸਿਪਲ ਜਗਤਾਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਮੈਨੇਜਮੈਂਟ ਕਮੇਟੀ ਅਤੇ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਵਿਚਕਾਰ ਕਈ ਵਾਰ ਤਿੱਖੀ ਬਹਿਸ ਅਤੇ ਕਹਾਸੁਣੀ ਹੋ ਚੁੱਕੀ ਹੈ। ਦੋਵੇਂ ਧਿਰਾਂ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ। ਕੁਝ ਸਮਾਂ ਪਹਿਲਾਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਦੇ ਕੇ ਮਾਮਲਾ ਸੁਲਝਾਉਣ ਦੀ ਮੰਗ ਕੀਤੀ ਗਈ ਸੀ। ਬੁੱਧਵਾਰ ਨੂੰ ਦੋਵੇਂ ਪੱਖਾਂ ਵਿਚਕਾਰ ਹੋਏ ਤਾਜ਼ਾ ਵਿਵਾਦ ਮਗਰੋਂ ਦੋਵੇਂ ਧਿਰਾਂ ਰਾਤ ਤੋਂ ਹੀ ਸਕੂਲ ਦਫ਼ਤਰ ਵਿੱਚ ਮੌਜੂਦ ਰਹੀਆਂ। ਵੀਰਵਾਰ ਨੂੰ ਅਧਿਆਪਕਾਂ ਨੇ ਸਕੂਲ ਗੇਟ ਅੱਗੇ ਧਰਨਾ ਲਗਾ ਕੇ ਮੈਨੇਜਮੈਂਟ ਕਮੇਟੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਕ-ਦੂਜੇ ’ਤੇ ਧਮਕਾਉਣ ਦੇ ਦੋਸ਼ ਲਾਏ। ਸਕੂਲ ਦੇ ਪ੍ਰਿੰਸਿਪਲ ਜਗਤਾਰ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਕਮੇਟੀ ਉਨ੍ਹਾਂ ਨੂੰ ਬਿਨਾਂ ਕਿਸੇ ਵਾਜਬ ਕਾਰਨ ਦੇ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਾਰਾ ਰਿਕਾਰਡ ਮੌਜੂਦ ਹੈ ਅਤੇ ਕਮੇਟੀ ਕੋਲ ਉਨ੍ਹਾਂ ਨੂੰ ਸਸਪੈਂਡ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਸੁਣਵਾਈ ਲਈ ਦੋਵੇਂ ਪੱਖਾਂ ਨੂੰ ਚੰਡੀਗੜ੍ਹ ਵੀ ਬੁਲਾਇਆ ਗਿਆ ਹੈ। ਦੂਜੇ ਪਾਸੇ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਹਰਦੀਪਕ ਸਿੰਘ ਖ਼ਾਲਸਾ ਨੇ ਕਿਹਾ ਕਿ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਿੰਸੀਪਲ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ, ਪਰ ਉਹ ਆਪਣਾ ਅਹੁਦਾ ਨਹੀਂ ਛੱਡ ਰਹੇ ਅਤੇ ਨਾ ਹੀ ਉਨ੍ਹਾਂ ਦੀ ਕੋਈ ਜਵਾਬਦੇਹੀ ਤੈਅ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਿੰਸਿਪਲ ਅਧਿਆਪਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕਮੇਟੀ ਦੇ ਖ਼ਿਲਾਫ਼ ਵਰਤ ਰਹੇ ਹਨ। ਇਸ ਵਿਵਾਦ ਦਾ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਗੌਰਤਲਬ ਹੈ ਕਿ ਬੱਚਿਆਂ ਦੇ ਇਮਤਿਹਾਨ ਨੇੜੇ ਹਨ ਅਤੇ ਸਕੂਲ ਵਿੱਚ ਕਾਫ਼ੀ ਸਮੇਂ ਤੋਂ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ। ਅਜਿਹੇ ਹਾਲਾਤਾਂ ਵਿੱਚ ਨਾ ਤਾਂ ਵਿਦਿਆਰਥੀ ਧਿਆਨ ਨਾਲ ਪੜ੍ਹਾਈ ਕਰ ਪਾ ਰਹੇ ਹਨ ਅਤੇ ਨਾ ਹੀ ਅਧਿਆਪਕ ਢੰਗ ਨਾਲ ਪੜ੍ਹਾ ਪਾ ਰਹੇ ਹਨ। ਸ਼ਹਿਰ ਵਾਸੀਆਂ ਅਤੇ ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਹੋਰ ਖਿਲਵਾਡ਼ ਨਾ ਹੋਵੇ।