ਉਨ੍ਹਾਂ ਕਿਹਾ ਕਿ ਜਾਤੀ ਜਨਗਣਨਾ ਤੋਂ ਬਾਅਦ ਅਬਾਦੀ ਦੇ ਹਿਸਾਬ ਨਾਲ ਹੱਕ ਮਿਲਣਾ ਤਾਂ ਦੂਰ ਪੰਜਾਬ ਸਰਕਾਰ ਪਹਿਲਾਂ ਹੀ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੇ ਕਾਗਜ਼ਾਂ ਵਿਚ ਸ਼ਰੇਆਮ ਅਪਮਾਨਤ ਸ਼ਬਦ ਲਿਖ ਕੇ ਦਲਿਤ ਸਮਾਜ ਨੂੰ ਜਲੀਲ ਕਰਨ ਦੇ ਮੁੱਦੇ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਚੁੱਪੀ ਧਾਰੀ ਹੋਈ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਜਾਤੀ ਜਨਗਣਨਾ ਦੇ ਫ਼ਾਰਮ ਵਿਚ ਐਸਸੀ ਸਮਾਜ ਪ੍ਰਤੀ ਅਪਮਾਨਜਨਕ ਸ਼ਬਦ ਲਿਖਣ ਖਿਲਾਫ਼ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਸਾੜਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੰਗ ਕੀਤੀ ਕਿ ਪਰਫ਼ਾਰਮਾ ਛਪਵਾਉਣ ਵਾਲੇ ਅਧਿਕਾਰੀਆਂ ‘ਤੇ ਐਸਸੀ/ ਐਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਮੁੱਖ ਮੰਤਰੀ ਮਾਨ ਪੰਜਾਬ ਦੇ ਐਸਸੀ ਸਮਾਜ ਤੋਂ ਮਾਫ਼ੀ ਮੰਗਣ। ਇਸ ਮੌਕੇ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਗਣਨਾ 2026 ਦੇ ਜਾਰੀ ਕੀਤੇ ਫ਼ਾਰਮ ਵਿਚ ਜਾਤੀ ਕਾਲਮ ਭਰਨ ਲਈ ਅਨੂਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਅਤੇ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਬੈਨ ਕੀਤੇ ਹੋਏ ਸਬਦ ਚੂਹੜਾ, ਭੰਗੀ ਦਰਜ ਕਰਕੇ ਮਜ੍ਹਬੀ ਸਿੱਖ ਅਤੇ ਵਾਲਮੀਕ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਅਜਿਹੇ ਸ਼ਬਦਾਂ ਦੀ ਵਰਤੋਂ ਸੱਤਾਧਾਰੀ ਹਾਕਮਾਂ ਅਤੇ ਉਚ ਅਧਿਕਾਰੀਆਂ ਦੀ ਜਾਤੀਵਾਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜਾਤੀ ਜਨਗਣਨਾ ਤੋਂ ਬਾਅਦ ਅਬਾਦੀ ਦੇ ਹਿਸਾਬ ਨਾਲ ਹੱਕ ਮਿਲਣਾ ਤਾਂ ਦੂਰ ਪੰਜਾਬ ਸਰਕਾਰ ਪਹਿਲਾਂ ਹੀ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੇ ਕਾਗਜ਼ਾਂ ਵਿਚ ਸ਼ਰੇਆਮ ਅਪਮਾਨਤ ਸ਼ਬਦ ਲਿਖ ਕੇ ਦਲਿਤ ਸਮਾਜ ਨੂੰ ਜਲੀਲ ਕਰਨ ਦੇ ਮੁੱਦੇ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਫ਼ਾਰਮ ਪਾਸ ਕਰਨ ਵਾਲੇ ਅਧਿਕਾਰੀਆਂ ‘ਤੇ ਪਰਚਾ ਦਰਜ ਕਰਕੇ ਦਲਿਤ ਸਮਾਜ ਤੋਂ ਮਾਫ਼ੀ ਮੰਗਣ। ਉਨ੍ਹਾਂ ਦੱਸਿਆ ਕਿ ਅੱਜ ਦੇ ਸੱਦੇ ਤਹਿਤ ਮਾਨਸਾ, ਬਰਨਾਲਾ, ਗੁਰਦਾਸਪੁਰ, ਬਠਿੰਡਾ, ਮੁਕਤਸਰ ਸਾਹਿਬ, ਸੰਗਰੂਰ, ਫਰੀਦਕੋਟ, ਫਿਰੋਜ਼ਪੁਰ, ਦੇ ਪਿੰਡਾਂ ਅੰਦਰ ਅਰਥੀ ਸਾੜੀ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਜਲਦੀ ਹੀ ਪੰਜਾਬ ਦੀਆਂ ਦਲਿਤ ਭਾਈਚਾਰੇ ਦੀਆਂ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਸਰਕਾਰ ਖ਼ਿਲਾਫ਼ ਤਿਖੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਮਾਨਸਾ, ਗੁਰਜੰਟ ਸਿੰਘ ਫੱਫੜੇ, ਟੈਹਲਾ ਸਿੰਘ, ਨੇ ਵੀ ਸੰਬੋਧਨ ਕੀਤਾ।