ਰੇਲਵੇ ਸਟੇਸ਼ਨ ’ਤੇ ਬੱਸ ਸਟੈਂਡ ਦੂਜੇ ਗੇਟ ਦੀ ਮੰਗ ਲਈ ਲਿਖਿਆ ਰੇਲਵੇ ਨੂੰ ਪੱਤਰ
ਮਾਨਸਾ ਰੇਲਵੇ ਸਟੇਸ਼ਨ ਨੂੰ ਅਮ੍ਰਿਤ ਭਾਰਤ
Publish Date: Fri, 09 Jan 2026 06:01 PM (IST)
Updated Date: Fri, 09 Jan 2026 06:03 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਯੋਜਨਾ ਅਧੀਨ ਨਵੀਂ ਤਰ੍ਹਾਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਤਿੰਦਰ ਅਗਰਾ, ਪ੍ਰਧਾਨ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਅਤੇ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਮਾਨਸਾ ਨੇ ਦੱਸਿਆ ਕਿ ਮਾਨਸਾ ਰੇਲਵੇ ਸਟੇਸ਼ਨ ਦੇ ਉੱਤਰੀ ਪਾਸੇ (ਬੱਸ ਸਟੈਂਡ ਵੱਲ) ਦੂਜੇ ਐਂਟਰੀ ਗੇਟ ਦੀ ਮੰਗ ਸਬੰਧੀ ਡੀਆਰਐੱਮ, ਨਾਰਦਰਨ ਰੇਲਵੇ ਨੂੰ ਮੁੜ ਈਮੇਲ ਰਾਹੀਂ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਦੀ ਕਾਪੀ ਜਨਰਲ ਮੈਨੇਜਰ, ਨਾਰਦਰਨ ਰੇਲਵੇ ਅਤੇ ਚੇਅਰਮੈਨ, ਰੇਲਵੇ ਬੋਰਡ ਨੂੰ ਵੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਨੂੰ ਰੇਲਵੇ ਲਾਈਨ ਦੋ ਹਿੱਸਿਆਂ ਵਿੱਚ ਵੰਡਦੀ ਹੈ-ਦੱਖਣੀ ਪਾਸੇ (ਹਸਪਤਾਲ ਵਾਲੀ ਸਾਈਡ) ਅਤੇ ਉੱਤਰੀ ਪਾਸੇ (ਬੱਸ ਸਟੈਂਡ ਵਾਲੀ ਸਾਈਡ)। ਉੱਤਰੀ ਪਾਸੇ ਲਗਭਗ 55 ਫੀਸਦੀ ਆਬਾਦੀ ਰਹਿੰਦੀ ਹੈ ਅਤੇ ਕਰੀਬ 8 ਕਿਲੋਮੀਟਰ ਖੇਤਰ ਵਿੱਚ ਸਿਵਲ ਆਬਾਦੀ ਵਸਦੀ ਹੈ। ਇਸ ਖੇਤਰ ਵਿੱਚ ਬੱਸ ਸਟੈਂਡ, ਜ਼ਿਲ੍ਹਾ ਪ੍ਰਸ਼ਾਸਨ, ਸਕੂਲ, ਕਾਲਜ, ਹੋਟਲ, ਮਾਰਕੀਟ, ਸਿਨੇਮਾ ਅਤੇ ਮਾਲ ਵਰਗੀਆਂ ਅਹਿਮ ਸਹੂਲਤਾਂ ਸਥਿਤ ਹਨ। ਜਤਿੰਦਰ ਅਗਰਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਮਾਨਸਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰੇਲਵੇ ਸਟੇਸ਼ਨ ਦੇ ਉੱਤਰੀ ਪਾਸੇ ਦੂਜਾ ਐਂਟਰੀ ਗੇਟ, ਟਿਕਟ ਵਿੰਡੋ ਅਤੇ ਫੁੱਟ ਓਵਰਬ੍ਰਿਜ ਦੀ ਵਧਾਈ ਕੀਤੀ ਜਾਵੇ ਤਾਂ ਜੋ ਯਾਤਰੀਆਂ ਨੂੰ ਰੇਲਗੱਡੀਆਂ ਫੜਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤ ਭਾਰਤ ਯੋਜਨਾ ਦਾ ਮੁੱਖ ਉਦੇਸ਼ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜੇਕਰ ਉੱਤਰੀ ਪਾਸੇ ਦੂਜੀ ਐਂਟਰੀ ਨਹੀਂ ਦਿੱਤੀ ਗਈ ਤਾਂ ਇਸ ਯੋਜਨਾ ਦੀ ਅਸਲ ਭਾਵਨਾ ਪੂਰੀ ਨਹੀਂ ਹੋ ਸਕੇਗੀ। ਇਸ ਮੌਕੇ ਪ੍ਰੇਮ ਅੱਗਰਵਾਲ, ਕੇਕੇ ਸਿੰਗਲਾ, ਕ੍ਰਿਸ਼ਨ ਚੁੱਗ, ਕ੍ਰਿਸ਼ਨ ਚੌਹਾਨ, ਸੰਜੀਵ ਗਰਗ, ਜਗਤਪਾਲ ਸ਼ਰਮਾ, ਪ੍ਰਸਿੱਧ ਸੰਗੀਤਕ ਹਸਤੀ ਅਸ਼ੋਕ ਬਾਂਸਲ, ਘਨਸ਼ਾਮ ਨਿੱਕੂ, ਬਲਜੀਤ ਸ਼ਰਮਾ, ਅੰਕੁਸ਼ ਜਿੰਦਲ, ਅਸ਼ਵਨੀ ਸ਼ਰਮਾ, ਰਾਜਕੁਮਾਰ ਸਿੰਗਲਾ, ਟਰਾਂਸਪੋਰਟਰ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਮਾਨਸਾ ਦੀਆਂ ਸਾਰੀਆਂ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦਾ ਪੂਰਾ ਸਹਿਯੋਗ ਪ੍ਰਾਪਤ ਹੈ ਅਤੇ ਲੋਕ ਹਿੱਤ ਵਿੱਚ ਰੇਲਵੇ ਪ੍ਰਸ਼ਾਸਨ ਵੱਲੋਂ ਜਲਦ ਸਕਾਰਾਤਮਕ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ।