ਪੁਲਿਸ ਮੁਲਾਜ਼ਮ ਰਾਹਗੀਰ ਤੋਂ ਇਨੋਵਾ ਤੇ ਪਿਸਤੌਲ ਖੋਹ ਕੇ ਫ਼ਰਾਰ, ਮਾਮਲਾ ਦਰਜ
ਮਾਨਸਾ ‘ਚ ਲਿਫ਼ਟ
Publish Date: Tue, 10 Feb 2026 07:43 PM (IST)
Updated Date: Wed, 11 Feb 2026 04:12 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਲਿਫ਼ਟ ਲੈ ਕੇ ਪੁਲਿਸ ਕਰਮਚਾਰੀ ਕਾਰ ਚਾਲਕ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਦੀ ਇਨੋਵਾ ਕਾਰ ਤੇ ਪਿਸਤੌਲ ਖੋਹ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਮੁਲਾਜ਼ਮ ਵੱਲੋਂ ਸਰਦੂਲਗੜ੍ਹ ਵਿਖੇ ਸ਼ਰੇਆਮ ਰੋਡ ’ਤੇ ਫ਼ਾਇਰਿੰਗ ਵੀ ਕੀਤੀ ਗਈ। ਇਸ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਪੀੜਤ ਦੇ ਬਿਆਨਾਂ ਤੇ ਮਾਨਸਾ ਪੁਲਿਸ ਵੱਲੋਂ ਪੁਲਿਸ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਨੂੰ ਲੈ ਕੇ ਹਰ ਰੋਜ਼ ਦਿਨ ਸੁਰਖੀਆਂ ਵਿਚ ਰਹਿੰਦੀ ਹੈ। ਅਜਿਹਾ ਹੀ ਕਾਰਨਾਮਾ ਮਾਨਸਾ ਪੁਲਿਸ ਦੇ ਇੱਕ ਏਐਸਆਈ ਵੱਲੋਂ ਕੀਤਾ ਗਿਆ। ਪਿਛਲੇ ਦਿਨ੍ਹੀਂ ਮਾਨਸਾ ਦੇ ਰਮਦਿੱਤੇਵਾਲਾ ਚੌਂਕ ਵਿੱਚ ਏਐਸਆਈ ਵੱਲੋਂ ਇੱਕ ਕਾਰ ਚਾਲਕ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਤੋਂ ਲਿਫ਼ਟ ਲਈ, ਜਿਸ ਬਾਅਦ ਅੱਗੇ ਜਾ ਕੇ ਉਸ ਕਾਰ ਚਾਲਕ ਦੀ ਕੁੱਟ-ਮਾਰ ਕਰਨ ਤੋਂ ਬਾਅਦ ਉਸ ਦੀ ਇਨੋਵਾ ਕਾਰ ਤੇ ਲਾਈਸੈਂਸੀ ਪਿਸਟਲ ਲੈ ਕੇ ਫ਼ਰਾਰ ਹੋ ਗਿਆ ਸੀ ਜਿਸ ਬਾਅਦ ਦੂਸਰੇ ਦਿਨ ਸਰਦੂਲਗੜ੍ਹ ਵਿਚ ਫ਼ਾਇਰਿੰਗ ਕਰਦਾ ਵੀ ਨਜ਼ਰ ਆਇਆ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਮਾਨਸਾ ਪੁਲਿਸ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਦਿਨ੍ਹੀਂ ਗੁਰਪ੍ਰੀਤ ਸਿੰਘ ਨਾਮ ਦੇ ਇਕ ਵਿਅਕਤੀ ਵੱਲੋਂ ਧੰਨਾ ਸਿੰਘ ਏਐੱਸਆਈ ਨੇ ਲਿਫ਼ਟ ਲੈ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸਦੀ ਕਾਰ ਇਨੋਵਾ ਤੇ ਪਿਸਟਲ ਲੈ ਕੇ ਫ਼ਰਾਰ ਹੋ ਗਿਆ ਸੀ ਜਿਸ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਏਐੱਸਆਈ ਧੰਨਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਧਰ ਪੀੜਤ ਵਿਅਕਤੀ ਗੁਰਪ੍ਰੀਤ ਸਿੰਘ ਨੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਉਹ ਇੱਕ ਵਿਆਹ ਸਮਾਗਮ ’ਚ ਰਾਤ ਸਮੇਂ ਜਾ ਰਿਹਾ ਸੀ ਪਰ ਰਸਤੇ ਵਿੱਚ ਪੁਲਿਸ ਕਰਮਚਾਰੀ ਨੇ ਲਿਫ਼ਟ ਮੰਗੀ ਤੇ ਬਾਅਦ ਵਿੱਚ ਗੱਡੀ ਵਿੱਚ ਹੀ ਉਸ ਦੇ ਨਾਲ ਬਦਤਮੀਜ਼ੀ ਕਰਨ ਬਾਅਦ ਕੁੱਟਮਾਰ ਕੀਤੀ। ਉਸਦੀ ਕਾਰ ਅਤੇ ਪਿਸਟਲ ਲੈ ਕੇ ਫ਼ਰਾਰ ਹੋ ਗਿਆ ਸੀ। ਪੁਲਿਸ ਵੱਲੋਂ ਹੁਣ ਇਸ ਮਾਮਲੇ ’ਚ ਪੁਲਿਸ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ।