ਫਿਰ ਉਨ੍ਹਾਂ ਦੀ ਮੌਤ ਹੋ ਗਈ ਤੇ ਇਸ ਦੁਖਾਂਤ ਨੇ ਪਰਿਵਾਰ ਨੂੰ ਗਰੀਬੀ ਤੇ ਮਜਬੂਰੀ ਦੇ ਡੂੰਘੀ ਖੱਡ ਵਿਚ ਧੱਕ ਦਿੱਤਾ। ਇਸ ਦੁੱਖਦਾਈ ਘਟਨਾ ਨੇ ਮਨਪ੍ਰੀਤ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ, ਜਿਸ ਨੂੰ ਨਾ-ਸਿਰਫ਼ ਆਪਣਾ ਬਚਪਨ ਗੁਆਉਣਾ ਪਿਆ, ਸਗੋਂ ਸਕੂਲ ਦੀ ਪੜ੍ਹਾਈ ਵੀ ਅੱਧ-ਵਿਚਕਾਰ ਛੱਡਣੀ ਪਈ।
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ਪਿੰਡ ਦੁੱਲੋਵਾਲ ਵਿਚ ਰਹਿੰਦੀ ਮਨਪ੍ਰੀਤ ਕੌਰ ਦੀ ਜ਼ਿੰਦਗੀ ਵਿਚ ਉਦੋਂ ਹਨੇਰਾ ਛਾ ਗਿਆ, ਜਦੋਂ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਪਿਤਾ ਕੁਲਵੰਤ ਸਿੰਘ ਨੂੰ ਸ਼ੂਗਰ ਦੀ ਬਿਮਾਰੀ ਸੀ, ਉਨ੍ਹਾਂ ਦੀ ਬਿਮਾਰੀ 'ਤੇ ਸਾਰੀ ਪੂੰਜੀ ਖਰਚ ਹੋ ਗਈ ਤੇ ਕਰਜ਼ੇ ਦਾ ਬੋਝ ਵੱਧਦਾ ਗਿਆ। ਫਿਰ ਉਨ੍ਹਾਂ ਦੀ ਮੌਤ ਹੋ ਗਈ ਤੇ ਇਸ ਦੁਖਾਂਤ ਨੇ ਪਰਿਵਾਰ ਨੂੰ ਗਰੀਬੀ ਤੇ ਮਜਬੂਰੀ ਦੇ ਡੂੰਘੀ ਖੱਡ ਵਿਚ ਧੱਕ ਦਿੱਤਾ। ਇਸ ਦੁੱਖਦਾਈ ਘਟਨਾ ਨੇ ਮਨਪ੍ਰੀਤ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ, ਜਿਸ ਨੂੰ ਨਾ-ਸਿਰਫ਼ ਆਪਣਾ ਬਚਪਨ ਗੁਆਉਣਾ ਪਿਆ, ਸਗੋਂ ਸਕੂਲ ਦੀ ਪੜ੍ਹਾਈ ਵੀ ਅੱਧ-ਵਿਚਕਾਰ ਛੱਡਣੀ ਪਈ।
ਮਨਜੀਤ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਦੋਂ ਧੀ ਮਨਪ੍ਰੀਤ ਕੌਰ ਦਸਵੀਂ ਵਿਚ ਪੜ੍ਹਦੀ ਸੀ। ਮਜਬੂਰੀ ਵਿਚ ਕੁੜੀ ਨੂੰ ਪੜ੍ਹਾਈ ਛੱਡਣੀ ਪੈ ਗਈ, ਹੁਣ ਦੋਵੇਂ ਰਲ ਮਿਲ ਕੇ ਮਜ਼ਦੂਰੀ ਕਰਦੀਆਂ ਹਨ ਪਰ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੀ ਮੌਤ ਬਾਅਦ ਇਸ ਪਰਿਵਾਰ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਗਈ। ਘਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਸਹਾਰਾ ਨਾ ਹੋਣ ਕਾਰਨ, ਮਨਪ੍ਰੀਤ ਕੌਰ ਤੇ ਉਸ ਦੀ ਮਾਤਾ ਮਨਜੀਤ ਕੌਰ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ। ਪਰਿਵਾਰ ’ਤੇ ਚੜ੍ਹਿਆ ਕਰਜ਼ਾ ਤੇ ਆਰਥਿਕ ਤੰਗੀ ਨੇ ਮਾਂ-ਧੀ ਦੇ ਸੁਪਨਿਆਂ ਨੂੰ ਤਹਿਸ-ਨਹਿਸ ਕਰ ਦਿੱਤਾ। ਸਕੂਲ ਦਾ ਖ਼ਰਚਾ ਉਠਾਉਣ ਦੀ ਸਮਰੱਥਾ ਨਾ ਹੋਣ ਕਾਰਨ, ਕੁੜੀ ਨੂੰ ਪੜ੍ਹਾਈ ਛੱਡਣੀ ਪਈ ਤੇ ਬਚਪਨ ਦੀਆਂ ਖੁਸ਼ੀਆਂ ਵੀ ਗਰੀਬੀ ਦੀ ਭੇਟ ਚੜ੍ਹ ਗਈਆਂ। ਮਨਪ੍ਰੀਤ ਕੌਰ ਨੇ ਆਪਣੇ ਦਿਲ ਦੀ ਵਿੱਥਿਆ ਸਾਂਝੀ ਕਰਦਿਆਂ ਦੱਸਿਆ, ‘ਮੇਰੀ ਪੜ੍ਹਨ ਦੀ ਬਹੁਤ ਇੱਛਾ ਹੈ ਪਰ ਪਿਤਾ ਦੀ ਮੌਤ ਤੋਂ ਬਾਅਦ ਸਕੂਲ ਜਾਣ ਦਾ ਸੁਪਨਾ ਅਧੂਰਾ ਰਹਿ ਗਿਆ। ਸਾਡੇ ਪਰਿਵਾਰ ਵਿਚ ਹੁਣ ਕੋਈ ਸਹਾਰਾ ਨਹੀਂ, ਦਾਦਾ-ਦਾਦੀ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਮੈਂ ਤੇ ਮੇਰੀ ਮਾਂ ਦਿਹਾੜੀ ਕਰਕੇ ਘਰ ਚਲਾਉਂਦੇ ਹਾਂ’। ਮਨਪ੍ਰੀਤ ਦੀ ਇਹ ਦਰਦਭਰੀ ਦਾਸਤਾਂ ਸੁਣ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਸਥਾਨਕ ਲੋਕਾਂ ਮੁਤਾਬਕ ਸਮਾਜ ਸੇਵੀ ਵਿਅਕਤੀਆਂ ਨੂੰ ਅਜਿਹੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਲੋੜ ਹੈ।