ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ
ਮਾਨਸਾ : ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ ਕਦੇ ਪਿੰਡਾਂ ਦੀਆਂ ਸੱਥਾਂ ਵਿੱਚ ਸਰਬ ਸਾਂਝੇ ਰੂਪ ਵਿੱਚ ਮਨਾਇਆ ਜਾਂਦਾ ਸੀ, ਹੁਣ ਆਧੁਨਿਕਤਾ ਦੇ ਰੰਗ ਵਿਚ ਰੰਗਿਆ ਹੋਇਆ ਪੈਲੇਸਾਂ ’ਚ ਮਨਾਇਆ ਜਾਣ ਲੱਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਹਿਲਾਂ ਇਹ ਤਿਉਹਾਰ ਪਿੰਡ ਵਾਸੀਆਂ ਦੀ ਇੱਕਤਰਤਾ ਦਾ ਪ੍ਰਤੀਕ ਸੀ, ਜਿੱਥੇ ਸਾਰੇ ਲੋਕ ਆਪਣੇ ਘਰਾਂ ‘ਚੋਂ ਪਾਥੀਆਂ ਅਤੇ ਲੱਕੜਾਂ ਲਿਆ ਕੇ ਇਕ ਜਗ੍ਹਾ ਅੱਗ ਬਾਲ਼ਦੇ ਸਨ, ਜਿਸ ਘਰ ’ਚ ਮੁੰਡਾ ਜਨਮ ਲੈਂਦਾ ਜਾਂ ਵਿਆਹ ਹੁੰਦਾ, ਉਹ ਪਰਿਵਾਰ ਅੱਗ ਸੇਕ ਰਹੇ ਲੋਕਾਂ ਨੂੰ ਗੁੜ ਅਤੇ ਮੂੰਗਫਲੀ ਵੰਡਦਾ। ਲੋਕ ਉਸ ਘਰ ਜਾ ਕੇ ਆਪਣਾ ਹਿੱਸਾ ਲੈ ਆਉਂਦੇ ਅਤੇ ਘਰ ਵਾਲੇ ਗੁੜ ਘੁਲਾੜਿਆਂ ਤੋਂ ਬਣਵਾ ਕੇ ਰੱਖਦੇ। ਇਹ ਸਾਂਝੀ ਖੁਸ਼ੀ ਦਾ ਪ੍ਰਤੀਕ ਸੀ, ਜਿੱਥੇ ਖਰਚਾ ਘੱਟ ਤੇ ਇਕੱਠ ਵੱਧ ਹੁੰਦੀ ਸੀ। ਪਰ ਆਧੁਨਿਕ ਸਮੇਂ ਵਿੱਚ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ ਜੋ ਲੋਹੜੀ ਸੱਥਾਂ, ਗਲੀਆਂ ਤੇ ਘਰਾਂ ਵਿੱਚ ਮਨਾਈ ਜਾਂਦੀ ਸੀ ਉਹ ਮੈਰਿਜ ਪੈਲੇਸਾਂ ’ਚ ਪੁੱਜ ਚੁੱਕੀ ਹੈ। ਲੋਕ ਮੈਰਿਜ ਪੈਲੇਸਾਂ ਵਿੱਚ ਲੋਹੜੀ ਮਨਾ ਰਹੇ ਹਨ। ਲੋਹੜੀ ਦਾ ਤਿਊਹਾਰ ਕਿਸੇ ਸਮੇਂ ਸਰਬ ਸਾਂਝਾ ਹੁੰਦਾ ਸੀ ਸੱਥ ਵਿੱਚ ਆਪਣੇ ਆਪਣੇ ਘਰਾਂ ਤੋਂ ਲੋਕ ਪਾਥੀਆਂ ਅਤੇ ਲੱਕੜਾਂ ਲਿਜਾ ਕੇ ਇਕ ਸਾਰਾ ਪਿੰਡ ਇਕੱਠੀ ਲੋਹੜੀ ਬਾਲ਼ਿਆ ਕਰਦਾ ਸੀ। ਉਸ ਤੋਂ ਬਾਅਦ ਲੋਕਾਂ ਨੇ ਆਪਣੀਆਂ ਆਪਣੀਆਂ ਗਲੀਆਂ ਵਿੱਚ ਲੋਹੜੀ ਬਾਲਣੀ ਸ਼ੁਰੂ ਕਰ ਦਿੱਤੀ ਤੇ ਗਲੀਆਂ ਬਾਅਦ ਇਹ ਘਰਾਂ ’ਚ ਚਲੀ ਗਈ। ਲੋਕ ਆਪਣੇ ਘਰਾਂ ਵਿਚ ਲੋਹੜੀ ਬਾਲ ਲੈਂਦੇ ਤੇ ਕੁਝ ਸਾਲਾਂ ਤੋਂ ਬਹੁਤ ਘੱਟ ਵੇਖਣ ਨੂੰ ਮਿਲਦਾ ਸੀ ਕਿ ਕਿਸੇ ਨੇ ਗਲੀ ਵਿੱਚ ਲੋਹੜੀ ਬਾਲੀ ਹੋਵੇ, ਪਰ ਹੁਣ ਨਵਾਂ ਕੁਝ ਵੇਖਣ ਨੂੰ ਮਿਲ ਰਿਹਾ। ਇਹ ਲੋਹੜੀ ਮੈਰਿਜ ਪੈਲੇਸਾਂ ’ਚ ਪਹੁੰਚ ਰਹੀ ਹੈ। ਲੋਕ ਲੱਖਾਂ ਰੁਪਏ ਖਰਚ ਕਰ ਰਹੇ ਹਨ ਲੋਹੜੀ ‘ਤੇ ਮਾਨਸਾ ਦੇ ਬਹੁਤ ਹੀ ਪੈਲੇਸ ਡੀਡੀ ਫ਼ੋਰਟ ਦੇ ਮਾਲਕ ਕਮਲ ਭੂਸ਼ਣ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸਾਡਾ ਮੈਰਿਜ ਪੈਲੇਸ ਚੱਲ ਰਿਹਾ ਹੈ ਪਰ ਅਜਿਹਾ ਅਸੀਂ ਵੀ ਪਹਿਲੀ ਵਾਰ ਵੇਖ ਰਹੇ ਹਾਂ ਕਿ ਲੋਹੜੀ ਪੈਲੇਸਾਂ ਵਿਚ ਮਨਾਈ ਜਾ ਰਹੀ ਹੈ। ਸਾਡੇ ਕੋਲ ਵੀ ਲੋਕ ਆਰਡਰ ਲੈ ਕੇ ਆ ਰਹੇ ਹਨ ਤੇ ਬਹੁਤ ਸਾਰੇ ਹੋਰ ਵੀ ਪੈਲੇਸਾਂ ਵਿੱਚ ਲੋਹੜੀ ਵੇਖਣ ਨੂੰ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਤਾਂ ਲੋਕਾਂ ਕੋਲ ਜਗ੍ਹਾ ਦੀ ਕਮੀ ਹੈ ਕੁਝ ਸਕਿਓਰਿਟੀ ਦੇ ਪਰਪਜ ਨਾਲ ਵੀ ਲੋਹੜੀ ਪੈਲਸਾਂ ਵਿੱਚ ਮਨਾ ਰਹੇ ਹਨ । ਕੁਝ ਲੋਕ ਘਰਾਂ ਵਿੱਚ ਟੈਂਟ ਲਗਾ ਕੇ ਖਰਚਾ ਕਰਨ ਨਾਲੋਂ ਪੈਲੇਸ ਵਿੱਚ ਲੋਹੜੀ ਮਨਾਉਣਾ ਚੰਗਾ ਸਮਝ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਪੈਲੇਸ ਵਿੱਚ ਵੀ ਕੱਲਡ੍ਹ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਹੈ। ਕਰਨੈਲ ਸਿੰਘ ਨੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਵੇਲੇ ਲੋਹੜੀ ਤੇ ਬਹੁਤ ਘੱਟ ਖਰਚਾ ਕੀਤਾ ਜਾਂਦਾ ਸੀ ਸਾਰਾ ਪਿੰਡ ਸਾਂਝੀ ਲੋਹੜੀ ਬਾਲਿਆ ਕਰਦਾ ਸੀ। ਘਰਾਂ ਵਿੱਚੋਂ ਪਾਥੀਆਂ ਤੇ ਲੱਕੜਾਂ ਇਕੱਠੀਆਂ ਕਰਕੇ ਇਕ ਜਗ੍ਹਾ ਅੱਗ ਬਾਲੀ ਜਾਂਦੀ ਸੀ, ਜਿਸ ਕਿਸੇ ਦੇ ਘਰ ਮੁੰਡਾ ਹੋਇਆ ਹੁੰਦਾ ਸੀ ਜਾਂ ਵਿਆਹ ਹੁੰਦਾ ਸੀ ਅੱਗ ਸੇਕ ਰਹੇ ਲੋਕਾਂ ਨੂੰ ਗੁੜ ਮੂੰਗਫਲੀ ਵੰਡਦੇ ਜਾਂ ਉਸਦੇ ਘਰੋਂ ਅਸੀਂ ਜਾ ਕੇ ਗੁੜ ਲੈ ਕੇ ਆਉਂਦੇ ਅਤੇ ਘਰ ਵਾਲੇ ਗੁੜ ਘੁਲਾੜਿਆਂ ਤੋਂ ਬਣਵਾ ਕੇ ਰੱਖਦੇ ਸਨ। ਪਹਿਲਾਂ ਵਰਗਾ ਪ੍ਰੋਗਰਾਮ ਅੱਜ ਕੱਲ੍ਹ ਵੇਖਣ ਨੂੰ ਨਹੀਂ ਮਿਲਦਾ। ਅੱਜ ਕੱਲ ਲੋਕ ਆਪਣੇ ਘਰਾਂ ਵਿੱਚ ਹੀ ਲੋਹੜੀ ਮਨਾ ਰਹੇ ਹਨ ਤੇ ਪੁਰਾਣੇ ਸਮੇਂ ਨਾਲੋਂ ਖਰਚੇ ਬਹੁਤ ਵਧਾ ਲਏ ਹਨ। ਪਹਿਲਾਂ ਸਿਰਫ਼ ਲੋਹੜੀ ‘ਤੇ ਗੀਤ ਗਾਏ ਜਾਂਦੇ ਸਨ ਪਰ ਹੁਣ ਕੁਝ ਸਾਲਾਂ ਤੋਂ ਡੀਜੇ ਵੀ ਲਗਾਏ ਜਾਂਦੇ ਹਨ ਤੇ ਬਹੁਤ ਜ਼ਿਆਦਾ ਖਰਚਾ ਕੀਤਾ ਜਾਂਦਾ ਹੈ। ਪੁਰਾਣੇ ਸਮੇਂ ਵਾਂਗ ਗੁੜ ਕਿਤੇ ਨਜ਼ਰ ਨਹੀਂ ਆਉਂਦਾ, ਗੁੜ ਦੀ ਜਗਹਾ ਮਿੱਠੀਆਂ ਰਿਉੜੀਆਂ, ਪਕੌੜੇ ਤੇ ਹੋਰ ਸਵਾਦਿਸ਼ਟ ਪਦਾਰਥ ਪਰੋਸੇ ਜਾਂਦੇ ਹਨ ਹੁਣ ਲੋਹੜੀ ਸਾਂਝੀ ਨਹੀਂ, ਸਗੋਂ ਸਾਡੀ ਬਣ ਕੇ ਰਹਿ ਗਈ ਹੈ।