ਬੀਕੇਯੂ ਕਾਦੀਆਂ ਵੱਲੋਂ ਮਾਨਸਾ ਵਿਖੇ ਭਲਕੇ ਲਾਇਆ ਜਾਵੇਗਾ ਧਰਨਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ
Publish Date: Sat, 31 Jan 2026 07:09 PM (IST)
Updated Date: Sun, 01 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਨਸਾ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਿੰਘ ਸਭਾ ਨੇੜੇ ਰੇਲਵੇ ਸਟੇਸ਼ਨ ਮਾਨਸਾ ਵਿਖੇ ਕੀਤੀ ਗਈ। ਇਸ ਸਮੇਂ ਸੂਬਾ ਅਨੁਸਾਸ਼ਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਜਨਰਲ ਹਰਦੇਵ ਸਿੰਘ ਕੋਟਧਰਮੂੰ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਗੁਰਨਾਮ ਸਿੰਘ ਭੀਖੀ ਪ੍ਰਚਾਰ ਸਕੱਤਰ ਜ਼ਿਲ੍ਹਾ ਮਾਨਸਾ ਅਤੇ ਮੱਘਰ ਸਿੰਘ ਖਜ਼ਾਨਚੀ ਪਿੰਡ ਇਕਾਈ ਭੀਖੀ ਵੱਲੋਂ ਬਰਨਾਲਾ ਸ਼ਹਿਰ ਦੇ ਇੱਕ ਡਾਕਟਰ ਪਾਸੋਂ ਆਪਣੇ ਕੰਨਾਂ ਦੇ ਪਰਦਿਆਂ ਦਾ ਓਪਰੇਸ਼ਨ ਕਰਵਾਇਆ ਸੀ। ਜੋ ਸਫਲ ਨਹੀਂ ਹੋਇਆ ਤੇ ਕੰਨਾਂ ਦੇ ਹਾਲਾਤ ਪਹਿਲਾਂ ਦੀ ਤਰ੍ਹਾਂ ਹੀ ਹਨ। ਜਦੋਂ ਕਿ ਇੰਨ੍ਹਾਂ ਆਗੂਆਂ ਦਾ ਇਸ ਓਪਰੇਸ਼ਨ ਬਾਬਤ ਕਾਫ਼ੀ ਪੈਸਾ ਵੀ ਖਰਚ ਹੋ ਚੁਕਿਆ ਹੈ। ਜਿਸ ਕਰਕੇ ਇਨ੍ਹਾਂ ਦਾ ਲੱਗਿਆ ਇਹ ਪੈਸਾ ਵਿਅਰਥ ਹੀ ਗਿਆ ਹੈ। ਇਸ ਬਾਰੇ ਜਥੇਬੰਦੀ ਦੇ ਆਗੂਆਂ ਵੱਲੋਂ ਉਕਤ ਡਾਕਟਰ ਨੂੰ ਕਈ ਵਾਰ ਮਿਲਿਆ ਵੀ ਜਾ ਚੁੱਕਾ ਹੈ। ਪਰ ਡਾਕਟਰ ਇਸ ਵਾਰੇ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ, ਟਾਲ ਮਟੋਲ ਹੀ ਕਰਦਾ ਆ ਰਿਹਾ ਹੈ। ਇਸ ਲਈ ਕਾਦੀਆਂ ਜਥੇਬੰਦੀ ਜ਼ਿਲ੍ਹਾ ਮਾਨਸਾ ਦੇ ਆਗੂਆਂ ਵੱਲੋਂ ਇਸ ਡਾਕਟਰ ਨੂੰ ਸੋਮਵਾਰ 2 ਫਰਵਰੀ ਨੂੰ ਇੱਕ ਵਾਰ ਫਿਰ ਮਿਲਣ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਡਾਕਟਰ ਦੇ ਹਸਪਤਾਲ ਅੱਗੇ ਜਥੇਬੰਦੀ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ ਤਾਂ ਕਿ ਪੀੜਤ ਆਗੂਆਂ ਨੂੰ ਨਿਆਂ ਦਿਵਾਇਆ ਜਾ ਸਕੇ। ਇਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਖਾਸ ਕਰਕੇ ਸ਼ਹਿਰੀ ਵਸੋਂ ਚ ਵਰਤੇ ਜਾ ਰਹੇ ਨਕਲੀ ਦੁੱਧ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਇਸ ਦੇ ਨਾਲ ਹੀ ਇਹ ਮੰਗ ਵੀ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਕਰਜਾ ਮੁਕਤ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਨੂੰ ਅਮਲ ਵਿੱਚ ਲਿਆ ਕੇ ਕਿਸਾਨਾਂ ਦਾ ਹਰ ਕਿਸਮ ਦਾ ਕਰਜਾ ਖਤਮ ਕੀਤਾ ਜਾਵੇ। ਮੀਟਿੰਗ ਦੌਰਾਨ ਅਵਤਾਰ ਸਿੰਘ ਅਤੇ ਅਜੈਬ ਸਿੰਘ ਰੱਲਾ, ਗੁਰਨਾਮ ਸਿੰਘ ਤੇ ਮਲਕੀਤ ਰਾਮ ਭੀਖੀ, ਮਾਂ ਗੁਰਜੰਟ ਸਿੰਘ ਝੁਨੀਰ, ਜਗਜੀਤ ਸਿੰਘ ਤੇ ਸਰਦੂਲ ਸਿੰਘ ਖਿਆਲਾ, ਮਹਿੰਦਰ ਸਿੰਘ ਤੇ ਬੰਤ ਸਿੰਘ ਗੁੜੱਦੀ, ਜੱਗਰ ਸਿੰਘ ਰਾਏਪੁਰ, ਹਰਦੀਪ ਸਿੰਘ ਤੇ ਜਗਜੀਤ ਸਿੰਘ ਚੱਕ ਭਾਈਕੇ, ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।