ਵ੍ਹਟਸਐਪ ਕਾਲ ਰਾਹੀਂ ਹਥਿਆਰ ਲੈਣ ਦੀ ਥਾਂ ਦੱਸੀ ਪਰ ਨਾਂ-ਪਤਾ ਨਹੀਂ ਦੱਸਿਆ
important news from Bathinda
Publish Date: Wed, 07 Jan 2026 09:44 PM (IST)
Updated Date: Thu, 08 Jan 2026 04:12 AM (IST)

-ਦੋ ਦਿਨਾ ਪੁਲਿਸ ਰਿਮਾਂਡ ਦੌਰਾਨ ਖ਼ੁਲਾਸਾ, ਅਦਾਲਤ ’ਚ ਪੇਸ਼ੀ ਭੁਗਤਣ ਆਉਣ ’ਤੇ ਗੈਂਗਸਟਰ ਦੀ ਕਰਨੀ ਸੀ ਹੱਤਿਆ ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹਾ ਅਦਾਲਤ ਦੇ ਨੇੜੇ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਤਿੰਨ ਗੈਂਗਸਟਰਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਗ੍ਰਿਫ਼ਤਾਰ ਦੋਸ਼ੀਆਂ ‘ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ’ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਫਿਲਹਾਲ ਪੁਲਿਸ ਅਧਿਕਾਰੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਕਾਬੂ ਕੀਤੇ ਗੈਂਗਸਟਰਾਂ ਨੇ ਜ਼ਿਲ੍ਹੇ ਨਾਲ ਸਬੰਧਿਤ ਇਕ ਗੈਂਗਸਟਰ ਦੀ ਅਦਾਲਤ ਵਿੱਚ ਪੇਸ਼ੀ ਭੁਗਤਣ ਸਮੇਂ ਹੱਤਿਆ ਕਰਨੀ ਸੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਥਾਣਾ ਥਰਮਲ ਏਰੀਆ ਦੇ ਅਧੀਨ ਨਾਕੇਬੰਦੀ ਦੌਰਾਨ ਬਿਨਾਂ ਨੰਬਰ ਵਾਲੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਕੋਲੋਂ ਚਾਰ ਵਿਦੇਸ਼ੀ ਪਿਸਤੌਲ ਅਤੇ 26 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਥਾਣਾ ਥਰਮਲ ਪੁਲਿਸ ਵੱਲੋਂ ਤਿੰਨਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ। ਮੰਗਲਵਾਰ ਨੂੰ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਨਾਲ ਜੁੜੇ ਸੂਤਰਾਂ ਮੁਤਾਬਕ, ਰਿਮਾਂਡ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਦੇ ਇਸ਼ਾਰੇ ’ਤੇ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਸੰਬੰਧਤ ਗੈਂਗਸਟਰ ਨੂੰ ਉਸ ਵੇਲੇ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ, ਜਦੋਂ ਉਹ ਅਦਾਲਤ ਵਿੱਚ ਪੇਸ਼ੀ ਲਈ ਆਉਣਾ ਸੀ। ਦੋਸ਼ੀਆਂ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਮ ਵੀ ਪੁਲਿਸ ਕੋਲ ਉਘਾੜੇ ਹਨ, ਜਿਸ ਦੇ ਆਧਾਰ ’ਤੇ ਹੁਣ ਪੁਲਿਸ ਉਨ੍ਹਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ, ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰਾਂ ਵਿਦੇਸ਼ੀ ਪਿਸਤੌਲ ਵਟਸਐਪ ਕਾਲ ਰਾਹੀਂ ਦਿੱਤੇ ਗਏ। ਕਾਲ ਕਰਨ ਵਾਲੇ ਵਿਅਕਤੀ ਨੇ ਨਾ ਤਾਂ ਆਪਣਾ ਨਾਮ ਦੱਸਿਆ ਅਤੇ ਨਾ ਹੀ ਪਤਾ, ਸਗੋਂ ਸਿਰਫ਼ ਇਹ ਦੱਸਿਆ ਕਿ ਹਥਿਆਰ ਕਿੱਥੇ ਰੱਖੇ ਹੋਏ ਹਨ। ਉਥੋਂ ਜਾ ਕੇ ਦੋਸ਼ੀਆਂ ਨੇ ਪਿਸਤੌਲ ਹਾਸਲ ਕਰ ਲਏ। ਪੁਲਿਸ ਸੂਤਰਾਂ ਮੁਤਾਬਕ, ਇਹ ਵਾਰਦਾਤ ਪੂਰੀ ਤਰ੍ਹਾਂ ਯੋਜਨਾ ਬੱਧ ਢੰਗ ਨਾਲ ਅੰਜਾਮ ਦੇਣੀ ਸੀ, ਪਰ ਸਮੇਂ ਸਿਰ ਦੋਸ਼ੀ ਆਪਣੀ ਯੋਜਨਾ ’ਚ ਕਾਮਯਾਬ ਨਹੀਂ ਹੋ ਸਕੇ ਅਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। -ਅਦਾਲਤ ਦੇ ਨੇੜੇ ਕਰਨੀ ਸੀ ਟਾਰਗੈੱਟ ਕਿਲਿੰਗ ਪੁਲਿਸ ਦੀ ਪ੍ਰਾਰੰਭਿਕ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਦੇ ਨੇੜੇ ਟਾਰਗੇਟ ਕਿਲਿੰਗ ਕਰਨੀ ਸੀ। ਇਸ ਲਈ ਉਹ ਲਗਾਤਾਰ ਵਿਰੋਧੀ ਗੈਂਗਸਟਰ ਦੀ ਅਦਾਲਤੀ ਪੇਸ਼ੀ ਦੀ ਉਡੀਕ ਕਰ ਰਹੇ ਸਨ ਅਤੇ ਇਸ ਸਬੰਧੀ ਰੇਕੀ ਵੀ ਕਰ ਚੁੱਕੇ ਸਨ। -ਵਾਰਦਾਤ ਲਈ ਕੁਲਦੀਪ ਖ਼ਾਸ ਤੌਰ ’ਤੇ ਕੈਨੇਡਾ ਤੋਂ ਆਇਆ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਇਸ ਮਾਮਲੇ ਸਬੰਧੀ ਜਾਰੀ ਬਿਆਨ ’ਚ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਮੁੱਖ ਦੋਸ਼ੀ ਕੁਲਦੀਪ ਸਿੰਘ ਖ਼ਾਸ ਤੌਰ ’ਤੇ ਕੈਨੇਡਾ ਤੋਂ ਭਾਰਤ ਆਇਆ ਸੀ। -ਦੋ ਹੋਰ ਸਾਥੀ ਹੋਏ ਫ਼ਰਾਰ ਸੂਤਰਾਂ ਅਨੁਸਾਰ, ਰਿਮਾਂਡ ਦੌਰਾਨ ਜਿਨ੍ਹਾਂ ਦੋ ਹੋਰ ਸਾਥੀਆਂ ਬਾਰੇ ਖੁਲਾਸਾ ਹੋਇਆ ਹੈ, ਉਹ ਪਤਾ ਲੱਗਦੇ ਹੀ ਫਰਾਰ ਹੋ ਗਏ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ।