ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਨਾਲ ਕਰਦਾ ਸੀ ਛੇੜਛਾੜ, ਸਿੱਖਿਆ ਵਿਭਾਗ ਨੇ ਨੋਟਿਸ ਲੈਂਦਿਆਂ ਕੀਤਾ ਮੁਅੱਤਲ
ਉਸ ਨੇ ਅੱਗੇ ਕਿਹਾ ਕਿ ਸਕੂਲ ਵਿਚ ਸਾਇੰਸ ਲੈਬ ਦਾ ਕੰਮ ਚੱਲ ਰਿਹਾ ਸੀ ਤੇ ਅਲਮਾਰੀਆਂ ਦੇ ਦਰਵਾਜ਼ਿਆਂ ਵਿਚ ਖਰਾਬੀ ਆਉਣ ਕਾਰਨ ਕਮੇਟੀ ਬਣਾਈ ਗਈ ਸੀ, ਜਿਸ ਵਿਚ ਉਹ ਤੇ ਗਣਿਤ ਅਧਿਆਪਕ ਵੀ ਸ਼ਾਮਲ ਸੀ। ਜਦੋਂ ਉਸ ਨੇ ਅਲਮਾਰੀਆਂ ਦੀ ਖ਼ਰਾਬੀ ਬਾਰੇ ਇਸ ਅਧਿਆਪਕ ਨੂੰ ਦੱਸਿਆ ਤਾਂ ਉਸ ਨੇ ਲੈਬ ਵਿਚ ਆ ਕੇ ਦਿਖਾਉਣ ਲਈ ਕਿਹਾ।
Publish Date: Sat, 25 Apr 2026 09:40 AM (IST)
Updated Date: Sat, 25 Apr 2026 09:45 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਮੌੜ ਖੇਤਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਾਇੰਸ ਅਧਿਆਪਕਾ ਨਾਲ ਛੇੜਛਾੜ ਦੇ ਮਾਮਲੇ ਵਿਚ ਚਾਰ ਦਿਨਾਂ ਬਾਅਦ ਸਿੱਖਿਆ ਵਿਭਾਗ ਨੇ ਨੋਟਿਸ ਲਿਆ ਹੈ। ਵਿਭਾਗ ਨੇ ਗਣਿਤ ਅਧਿਆਪਕ ਨੂੰ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਪੁਲਿਸ ਪਹਿਲਾਂ ਹੀ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਚੁੱਕੀ ਹੈ। ਪੀੜਤ ਅਧਿਆਪਕਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਮੌੜ ਖੁਰਦ ਸਥਿਤ ਸਕੂਲ ਵਿਚ ਤਾਇਨਾਤ ਹੈ। ਉਸ ਨੇ ਅੱਗੇ ਕਿਹਾ ਕਿ ਸਕੂਲ ਵਿਚ ਸਾਇੰਸ ਲੈਬ ਦਾ ਕੰਮ ਚੱਲ ਰਿਹਾ ਸੀ ਤੇ ਅਲਮਾਰੀਆਂ ਦੇ ਦਰਵਾਜ਼ਿਆਂ ਵਿਚ ਖਰਾਬੀ ਆਉਣ ਕਾਰਨ ਕਮੇਟੀ ਬਣਾਈ ਗਈ ਸੀ, ਜਿਸ ਵਿਚ ਉਹ ਤੇ ਗਣਿਤ ਅਧਿਆਪਕ ਵੀ ਸ਼ਾਮਲ ਸੀ। ਜਦੋਂ ਉਸ ਨੇ ਅਲਮਾਰੀਆਂ ਦੀ ਖ਼ਰਾਬੀ ਬਾਰੇ ਇਸ ਅਧਿਆਪਕ ਨੂੰ ਦੱਸਿਆ ਤਾਂ ਉਸ ਨੇ ਲੈਬ ਵਿਚ ਆ ਕੇ ਦਿਖਾਉਣ ਲਈ ਕਿਹਾ। ਪੀੜਤ ਮੁਤਾਬਕ ਲੈਬ ਵਿਚ ਪਹੁੰਚਣ ’ਤੇ ਇਸ ਅਧਿਆਪਕ ਨੇ ਉਸ ਨਾਲ ਸਰੀਰਕ ਛੇੜਛਾੜ ਕੀਤੀ, ਜਿਸ ਦੇ ਬਾਅਦ ਮੌੜ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਮੁਲਜ਼ਮ ਅਧਿਆਪਕ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਸੇਠੀ ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ ਤੇ ਇਸ ਸਬੰਧੀ ਹੁਕਮ ਮੁੱਖ ਦਫ਼ਤਰ ਤੋਂ ਜਾਰੀ ਹੋਏ ਹਨ। ਮੁਅੱਤਲੀ ਦਾ ਪੱਤਰ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿਚ ਵਿਭਾਗੀ ਕਾਰਵਾਈ ਜਾਰੀ ਹੈ।