ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲਕਾਣਾ ਦਾ ਪੰਜਵੀਂ ਜਮਾਤ ’ਚ ਪੜ੍ਹਨ ਵਾਲਾ 10 ਸਾਲ ਦਾ ਬੱਚਾ ਗੁਰਫਤਿਹ ਸਿੰਘ ਪਿਛਲੇ ਕੁਝ ਸਮੇਂ ਤੋਂ ਲੈਪਟਾਪ ਖ਼ਰੀਦਣ ਲਈ ਆਪਣੇ ਪੈਸੇ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਭੈਣ, ਭਾਈ ਉਸ ਨੂੰ ਰੀਤੀ ਰਿਵਾਜ ਅਨੁਸਾਰ ਪੈਸੇ ਦਿੰਦਾ ਸੀ ਤਾਂ ਉਹ ਉਨ੍ਹਾਂ ਪੈਸਿਆਂ ਨੂੰ ਆਪਣੀ ਗੁੱਲਕ ’ਚ ਪਾ ਦਿੰਦਾ ਸੀ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸੂਬੇ ਅੰਦਰ ਆਏ ਹੜ੍ਹਾਂ ਤੋਂ ਬਾਅਦ ਪੀੜਤਾਂ ਦੀ ਮਦਦ ਲਈ ਭਾਵੇਂ ਬਹੁਤ ਸਾਰੇ ਲੋਕ ਲੱਗੇ ਹੋਏ ਹਨ, ਪਰ ਇਕ 10 ਸਾਲਾਂ ਬੱਚੇ ਨੇ ਆਪਣੀ ਗੁੱਲਕ ’ਚ ਇਕੱਠੇ ਕੀਤੇ ਪੰਜ ਹਜ਼ਾਰ ਰੁਪਏ ਹੜ੍ਹ ਪੀੜਤਾਂ ਨੂੰ ਦਾਨ ਕਰ ਕੇ ਅਨੌਖੀ ਮਿਸਾਲ ਪੇਸ਼ ਕੀਤੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲਕਾਣਾ ਦਾ ਪੰਜਵੀਂ ਜਮਾਤ ’ਚ ਪੜ੍ਹਨ ਵਾਲਾ 10 ਸਾਲ ਦਾ ਬੱਚਾ ਗੁਰਫਤਿਹ ਸਿੰਘ ਪਿਛਲੇ ਕੁਝ ਸਮੇਂ ਤੋਂ ਲੈਪਟਾਪ ਖ਼ਰੀਦਣ ਲਈ ਆਪਣੇ ਪੈਸੇ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਭੈਣ, ਭਾਈ ਉਸ ਨੂੰ ਰੀਤੀ ਰਿਵਾਜ ਅਨੁਸਾਰ ਪੈਸੇ ਦਿੰਦਾ ਸੀ ਤਾਂ ਉਹ ਉਨ੍ਹਾਂ ਪੈਸਿਆਂ ਨੂੰ ਆਪਣੀ ਗੁੱਲਕ ’ਚ ਪਾ ਦਿੰਦਾ ਸੀ। ਇਸ ਤਰ੍ਹਾਂ ਉਹ ਲੈਪਟਾਪ ਲਈ ਪਿਛਲੇ ਦੋ ਸਾਲ ਤੋਂ ਪੈਸੇ ਇਕੱਠੇ ਕਰ ਰਿਹਾ ਸੀ। ਹੁਣ ਜਦੋਂ ਪੰਜਾਬ ਅੰਦਰ ਹੜ੍ਹ ਆਏ ਤਾਂ ਅਖਬਾਰਾਂ ’ਚ ਪ੍ਰਕਾਸ਼ਿਤ ਹੋ ਰਹੀਆਂ ਖ਼ਬਰਾਂ ਤੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਵੀਡੀਓ ਹਰ ਵਿਅਕਤੀ ਦੇ ਮਨ ’ਤੇ ਡੂੰਘਾ ਅਸਰ ਕਰ ਰਹੀਆਂ ਹਨ। ਇਸ ਦਾ ਅਸਰ ਪਿੰਡ ਮਲਕਾਨਾ ਦੇ 10 ਸਾਲਾ ਅੰਮ੍ਰਿਤਧਾਰੀ ਬੱਚੇ ਗੁਰਫ਼ਤਿਹ ਸਿੰਘ ਦੇ ਮਨ ਉੱਪਰ ਵੀ ਹੋਇਆ, ਜਿਸ ਨੇ ਆਪਣੀ ਗੁੱਲਕ ਭੰਨ੍ਹ ਕੇ ਹੜ੍ਹ ਪੀੜਤਾਂ ਨੂੰ 5000 ਰੁਪਏ ਦਾਨ ਕਰ ਦਿੱਤੇ। ਬੱਚੇ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਫ਼ਤਿਹ ਸਿੰਘ ਸੰਸਕਾਰ ਸਕੂਲ ਤਲਵੰਡੀ ਸਾਬੋ ਵਿਖੇ ਪੰਜਵੀਂ ਜਮਾਤ ’ਚ ਪੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਦੋ ਦਿਨ ਪਹਿਲਾਂ ਜਦੋਂ ਪਿੰਡ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਵੀ ਆਪਣੇ ਬੱਚੇ ਗੁਰਫ਼ਤਿਹ ਨੂੰ ਕਿਹਾ ਕਿ ਆਪਾਂ ਵੀ ਹੜ੍ਹ ਪੀੜਤਾਂ ਦੀ ਕੋਈ ਮਦਦ ਕਰ ਦੇਈਏ। ਕਰਮਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਹੀ ਗੁਰਫਤਿਹ ਨੇ ਕਿਹਾ ਕਿ ਤੁਸੀਂ ਹੜ੍ਹ ਪੀੜਤਾਂ ਦੀ ਜਿਹੜੀ ਮਦਦ ਕਰਨੀ ਹੈ ਉਹ ਕਰ ਦਿਓ, ਪਰ ਮੈਂ ਵੀ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਭਾਵੇਂ ਮੈਂ ਹੜ੍ਹ ਪੀੜਤਾਂ ਦੀ ਸੇਵਾ ਲਈ ਉੱਥੇ ਜਾ ਨਹੀਂ ਸਕਦਾ, ਪਰ ਮੈਂ ਲੈਪਟਾਪ ਲਈ ਆਪਣੇ ਗੁੱਲਕ ’ਚ ਜੋੜੇ ਪੈਸੇ ਹੜ੍ਹ ਪੀੜਤਾਂ ਨੂੰ ਦਾਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਗੁਰਫਤਿਹ ਤੇ ਉਸ ਦੀ ਭੈਣ ਨੇ ਫੈਸਲਾ ਕੀਤਾ ਕਿ ਉਹ ਗੁੱਲਕ ਨੂੰ ਤੋੜ ਕੇ ਵਿੱਚੋਂ ਨਿਕਲੇ ਪੈਸੇ ਹੜ੍ਹ ਪੀੜਤਾਂ ਲਈ ਦਾਨ ਕਰਨਗੇ। ਇਸ ਦੌਰਾਨ ਹੀ ਹੜ੍ਹ ਪੀੜਤਾਂ ਲਈ ਰਾਸ਼ਨ ਅਤੇ ਹੋਰ ਸਮਾਨ ਇਕੱਠਾ ਕਰਦੇ ਪਿੰਡ ਵਾਸੀ ਉਨ੍ਹਾਂ ਦੇ ਘਰ ਪੁੱਜ ਗਏ ਤਾਂ ਗੁਰਫਤਿਹ ਨੇ ਤੁਰੰਤ ਆਪਣਾ ਗੱਲਾ ਲਿਆਂਦਾ ਅਤੇ ਲੋਕਾਂ ਸਾਹਮਣੇ ਤੋੜ ਕੇ ਉਸ ਵਿਚੋਂ ਨਿਕਲੇ ਪੰਜ ਹਜ਼ਾਰ ਰੁਪਏ ਹੜ੍ਹ ਪੀੜਤਾਂ ਦੀ ਭਲਾਈ ਲਈ ਦਾਨ ਕਰ ਦਿੱਤੇ। ਕਰਮਜੀਤ ਕੌਰ ਨੇ ਦੱਸਿਆ ਕਿ ਗੁਰ ਫਤਿਹ ਨੂੰ ਹੜ੍ਹ ਪੀੜਤਾਂ ਦੀ ਮਦਦ ਕਰ ਕੇ ਸਕੂਨ ਮਿਲਿਆ ਹੈ।