ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਬਠਿੰਡਾ–ਜ਼ੀਰਕਪੁਰ ਨੈਸ਼ਨਲ ਹਾਈਵੇ ‘ਤੇ ਲਹਿਰਾ ਮੁਹੱਬਤ ਰੇਲਵੇ ਫਾਟਕ ਦੇ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕੁੱਲ ਛੇ ਵਾਹਨ ਆਪਸ ਵਿੱਚ ਟਕਰਾ ਗਏ। ਖੁਸ਼ਕਿਸਮਤੀ ਨਾਲ ਇਸ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ - ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਬਠਿੰਡਾ–ਜ਼ੀਰਕਪੁਰ ਨੈਸ਼ਨਲ ਹਾਈਵੇ ‘ਤੇ ਲਹਿਰਾ ਮੁਹੱਬਤ ਰੇਲਵੇ ਫਾਟਕ ਦੇ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕੁੱਲ ਛੇ ਵਾਹਨ ਆਪਸ ਵਿੱਚ ਟਕਰਾ ਗਏ। ਖੁਸ਼ਕਿਸਮਤੀ ਨਾਲ ਇਸ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਰਾਮਪੁਰਾ ਤੋਂ ਲਹਿਰਾ ਮੁਹੱਬਤ ਮਾਰਕੀਟ ਵੱਲ ਜਾ ਰਹੀ ਇਕ ਬੋਲੇਰੋ ਪਿਕਅੱਪ ਗੱਡੀ ਦਾ ਰੇਲਵੇ ਫਾਟਕ ਦੇ ਨੇੜੇ ਅਚਾਨਕ ਟਾਇਰ ਫਟ ਗਿਆ। ਟਾਇਰ ਫਟਣ ਕਾਰਨ ਡਰਾਈਵਰ ਦਾ ਵਾਹਨ ‘ਤੇ ਕਾਬੂ ਨਾ ਰਿਹਾ ਅਤੇ ਪਿਕਅੱਪ ਗੱਡੀ ਸੜਕ ‘ਤੇ ਬਣੇ ਡਿਵਾਈਡਰ ‘ਤੇ ਚੜ੍ਹ ਗਈ। ਇਸੇ ਦੌਰਾਨ ਪਿੱਛੋਂ ਆ ਰਹੀ ਇਕ ਮਰਸਿਡੀਜ਼ ਬੈਂਜ਼ ਕਾਰ ਧੁੰਦ ਕਾਰਨ ਪਿਕਅੱਪ ਗੱਡੀ ਨਾਲ ਟਕਰਾ ਗਈ। ਹਾਦਸੇ ਤੋਂ ਤੁਰੰਤ ਬਾਅਦ ਪਿੱਛੋਂ ਆ ਰਹੀ ਇੱਕ ਸਵਿਫ਼ਟ ਕਾਰ ਵੀ ਮਰਸਡੀਜ਼ ਬੈਂਜ਼ ਨਾਲ ਸਾਈਡ ਤੋਂ ਟਕਰਾ ਗਈ। ਇਸ ਟੱਕਰ ਵਿੱਚ ਮਰਸਡੀਜ਼ ਬੈਂਜ਼ ਕਾਰ ਦੇ ਡਰਾਈਵਰ ਬਲਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਆਦੇਸ਼ ਹਸਪਤਾਲ ਬਠਿੰਡਾ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸੰਘਣੀ ਧੁੰਦ ਕਾਰਨ ਦੇਖਣ ਦ੍ਰਿਸ਼ਟਤਾ ਨਾਂਹ ਦੇ ਬਰਾਬਰ ਸੀ। ਇਸ ਕਾਰਨ ਰੇਲਵੇ ਫਾਟਕ ਦੇ ਨੇੜੇ ਸੜਕ ਕਿਨਾਰੇ ਖੜ੍ਹੀ ਬੋਲੇਰੋ ਪਿਕਅੱਪ ਗੱਡੀ ਨਾਲ ਪਿੱਛੋਂ ਆ ਰਹੀ ਇਕ ਫਾਰਚੂਨਰ ਗੱਡੀ ਟਕਰਾ ਗਈ। ਇਸ ਦੌਰਾਨ ਸੜਕ ਕਿਨਾਰੇ ਖੜ੍ਹਾ ਇਕ ਮੋਟਰਸਾਈਕਲ ਵੀ ਫਾਰਚੂਨਰ ਦੀ ਚਪੇਟ ਵਿੱਚ ਆ ਗਈ ਅਤੇ ਮੋਟਰਸਾਈਕਲ ਗੱਡੀ ਹੇਠਾਂ ਦਬ ਗਿਆ। ਖੁਸ਼ਕਿਸਮਤੀ ਨਾਲ ਮੋਟਰਸਾਈਕਲ ਸਵਾਰ ਸਮੇਂ ਸਿਰ ਉਥੋਂ ਹਟ ਗਿਆ, ਜਿਸ ਨਾਲ ਉਸ ਦੀ ਜਾਨ ਬਚ ਗਈ।
ਹਾਦਸੇ ਦੌਰਾਨ ਇਕ ਹੋਰ ਬੋਲੇਰੋ ਪਿਕਅੱਪ ਗੱਡੀ ਅਸੰਤੁਲਿਤ ਹੋ ਕੇ ਪਲਟ ਗਈ। ਘਟਨਾ ਤੋਂ ਬਾਅਦ ਹਾਈਵੇ ‘ਤੇ ਅਫ਼ਰਾ-ਤਫ਼ਰੀ ਮਚ ਗਈ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ। ਬਾਅਦ ਵਿੱਚ ਟੋਲ ਪਲਾਜ਼ਾ ਦੀ ਬੋਲੇਰੋ ਗੱਡੀ ਅਤੇ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ। ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਸੜਕ ਕਿਨਾਰੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਰੇਲਵੇ ਫਾਟਕ ਦੇ ਨੇੜੇ ਕੁਝ ਸਮੇਂ ਲਈ ਲੰਬਾ ਜਾਮ ਲੱਗਿਆ ਰਿਹਾ, ਜਿਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਕਾਬੂ ਵਿੱਚ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਸੰਘਣੀ ਧੁੰਦ ਕਾਰਨ ਘੱਟ ਦਿਸ਼ਟਤਾ ਅਤੇ ਵਾਹਨਾਂ ਵਿਚਕਾਰ ਸੁਰੱਖਿਅਤ ਦੂਰੀ ਨਾ ਬਣਾਈ ਜਾਣਾ ਸਾਹਮਣੇ ਆਇਆ ਹੈ। ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਸੰਘਣੀ ਧੁੰਦ ਦੇ ਮੌਸਮ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ। ਹੌਲੀ ਗਤੀ ਨਾਲ ਵਾਹਨ ਚਲਾਓ, ਫੌਗ ਲਾਈਟ ਅਤੇ ਹੈੱਡਲਾਈਟਾਂ ਦਾ ਠੀਕ ਤਰੀਕੇ ਨਾਲ ਇਸਤੇਮਾਲ ਕਰੋ ਅਤੇ ਅੱਗੇ ਚੱਲ ਰਹੇ ਵਾਹਨ ਨਾਲ ਸੁਰੱਖਿਅਤ ਦੂਰੀ ਬਣਾਈ ਰੱਖੋ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਸਵੇਰ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ, ਇਸ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।