ਵਿੱਦਿਆ ਦਾ ਮੰਦਰ ਸ਼ਰਮਸਾਰ : ਅਲਮਾਰੀ ਚੈੱਕ ਕਰਨ ਬਹਾਨੇ ਸਾਇੰਸ ਅਧਿਆਪਕਾ ਨਾਲ ਛੇੜਛਾੜ, Maths Teacher ਖਿਲਾਫ਼ ਕੇਸ ਦਰਜ
ਪੀੜਤਾ ਅਨੁਸਾਰ ਜਦੋਂ ਉਸ ਨੇ ਸੀਨੀਅਰ ਹੋਣ ਦੇ ਨਾਤੇ ਮੁਲਜ਼ਮ ਨੂੰ ਅਲਮਾਰੀਆਂ ਦੀ ਖਰਾਬੀ ਬਾਰੇ ਦੱਸਿਆ ਤਾਂ ਉਸ ਨੇ ਲੈਬ 'ਚ ਆ ਕੇ ਦਿਖਾਉਣ ਲਈ ਕਿਹਾ। ਲੈਬ ਪਹੁੰਚਣ 'ਤੇ ਮੁਲਜ਼ਮ ਨੇ ਪਹਿਲਾਂ ਉਸ ਬਾਰੇ ਗਲਤ ਟਿੱਪਣੀ ਕੀਤੀ ਅਤੇ ਫਿਰ ਉਸ ਦੇ ਨੇੜੇ ਆਉਣ ਲੱਗਾ।
Publish Date: Sun, 19 Apr 2026 03:13 PM (IST)
Updated Date: Sun, 19 Apr 2026 04:18 PM (IST)
ਜਾਗਰਣ ਸੰਵਾਦਦਾਤਾ, ਬਠਿੰਡਾ: ਜ਼ਿਲ੍ਹੇ ਦੇ ਮੌੜ ਖੇਤਰ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਤਾਇਨਾਤ ਸਾਇੰਸ ਅਧਿਆਪਕਾ ਨਾਲ ਛੇੜਛਾੜ ਤੇ ਦੁਰਵਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਗਣਿਤ ਅਧਿਆਪਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਜੁਲਾਈ 2018 ਤੋਂ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹੈ ਤੇ ਜੂਨ 2023 ਤੋਂ ਪਿੰਡ ਮੌੜ ਖੁਰਦ ਸਥਿਤ ਸਕੂਲ 'ਚ ਤਾਇਨਾਤ ਹੈ। ਸਕੂਲ 'ਚ ਸਾਇੰਸ ਲੈਬ ਦਾ ਕੰਮ ਚੱਲ ਰਿਹਾ ਸੀ, ਜਿੱਥੇ ਅਲਮਾਰੀਆਂ ਦੇ ਦਰਵਾਜ਼ਿਆਂ 'ਚ ਸਮੱਸਿਆ ਆਉਣ 'ਤੇ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਉਹ ਅਤੇ ਮੁਲਜ਼ਮ ਅਧਿਆਪਕ ਵਾਸੀ ਮੌੜ ਮੰਡੀ ਵੀ ਸ਼ਾਮਲ ਹੈ।
ਪੀੜਤਾ ਅਨੁਸਾਰ ਜਦੋਂ ਉਸ ਨੇ ਸੀਨੀਅਰ ਹੋਣ ਦੇ ਨਾਤੇ ਮੁਲਜ਼ਮ ਨੂੰ ਅਲਮਾਰੀਆਂ ਦੀ ਖਰਾਬੀ ਬਾਰੇ ਦੱਸਿਆ ਤਾਂ ਉਸ ਨੇ ਲੈਬ 'ਚ ਆ ਕੇ ਦਿਖਾਉਣ ਲਈ ਕਿਹਾ। ਲੈਬ ਪਹੁੰਚਣ 'ਤੇ ਮੁਲਜ਼ਮ ਨੇ ਪਹਿਲਾਂ ਉਸ ਬਾਰੇ ਗਲਤ ਟਿੱਪਣੀ ਕੀਤੀ ਅਤੇ ਫਿਰ ਉਸ ਦੇ ਨੇੜੇ ਆਉਣ ਲੱਗਾ। ਵਿਰੋਧ ਕਰਨ 'ਤੇ ਮੁਲਜ਼ਮ ਨੇ ਜ਼ਬਰਦਸਤੀ ਉਸ ਦਾ ਹੱਥ ਫੜ ਕੇ ਛੇੜਛਾੜ ਤੇ ਦੁਰਵਿਹਾਰ ਕੀਤਾ। ਅਧਿਆਪਕਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਿਸੇ ਤਰ੍ਹਾਂ ਉਹ ਉੱਥੋਂ ਨਿਕਲ ਕੇ ਬਾਹਰ ਆਈ ਅਤੇ ਬਾਅਦ ਵਿੱਚ ਮਹਿਲਾ ਸਟਾਫ ਤੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੀੜਤਾ ਦਾ ਪਤੀ ਅਤੇ ਸਹੁਰਾ ਸਕੂਲ ਪਹੁੰਚੇ ਜਿਸ ਤੋਂ ਬਾਅਦ ਪੀੜਤਾ ਪਰਿਵਾਰ ਸਮੇਤ ਥਾਣਾ ਮੌੜ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾਈ। ਥਾਣਾ ਮੌੜ ਪੁਲਿਸ ਨੇ ਮੁਲਜ਼ਮ ਪ੍ਰਵੀਨ ਕੁਮਾਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਤਲਾਸ਼ ਵਿੱਚ ਪੁਲਿਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।