ਸਬ ਤਹਿਸੀਲ ਭੀਖੀ ਦੇ ਫ਼ਰਦ ਕੇਂਦਰ ਹੜਤਾਲ ਦੌਰਾਨ ਰਿਹਾ ਬੰਦ
ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਵੱਲੋਂ
Publish Date: Wed, 03 Dec 2025 07:21 PM (IST)
Updated Date: Thu, 04 Dec 2025 04:09 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਵਿੱਚ ਆਪਣੇ ਹੱਕੀ ਮੰਗਾਂ ਲਈ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਦਿੱਤੇ ਗਏ ਦੋ ਦਿਨਾਂ ਦੀ ਹੜਤਾਲ ਦੇ ਸੱਦੇ ਮੁਤਾਬਕ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਫ਼ਰਦ ਕੇਂਦਰਾਂ ਦੇ ਆਪਰੇਟਰਾਂ ਵੱਲੋਂ ਕੰਮ-ਕਾਰ ਬੰਦ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਚਕੇਰੀਆਂ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਮੰਗਾ ਰਾਮ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਤਕਰੀਬਨ 17–18 ਸਾਲਾਂ ਤੋਂ ਸੀਐਮਐਸ ਕੰਪਨੀ ਅਧੀਨ ਕੰਮ ਕਰ ਰਹੇ ਹਨ। ਉਹ ਮਾਲ ਮਹਿਕਮੇ ਦੇ ਕੰਮ ਨੂੰ ਆਨਲਾਈਨ ਕਰਨ ਦੇ ਨਾਲ ਕਈ ਸਰਕਾਰੀ ਕਾਰਜ ਜਿਵੇਂ ਕਿ ਇਲੈਕਸ਼ਨ ਡਿਪਾਰਟਮੈਂਟ, ਕੋਵਿਡ-19, ਡਿਜੀਟਲ ਕਰਾਪ ਸਰਵੇ, ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਖ਼ਰਾਬਾ, ਕਰਜ਼ਾ ਮੁਆਫ਼ੀ, ਤਤਕਾਲ ਮੁਸਾਵੀਆਂ ਆਦਿ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕੀਤੇ ਹਨ। ਫ਼ਿਰ ਵੀ ਸਾਡੀਆਂ ਤਨਖ਼ਾਹਾਂ ਵਿੱਚ ਨਾ ਕੋਈ ਵਾਧਾ ਕੀਤਾ ਗਿਆ ਹੈ, ਨਾ ਕਿਰਤ ਕਾਨੂੰਨ ਅਨੁਸਾਰ ਤਨਖ਼ਾਹ ਦਿੱਤੀ ਜਾ ਰਹੀ ਹੈ, ਨਾ ਹੀ ਸਮੇਂ ਸਿਰ ਤਨਖ਼ਾਹ ਮਿਲਦੀ ਹੈ। ਸਰਕਾਰ ਵੱਲੋਂ ਸਾਨੂੰ ਕਿਸੇ ਪਾਲਸੀ ਮੁਤਾਬਕ ਵਿਭਾਗ ਅਧੀਨ ਲਿਆਉਣ ਲਈ ਕੋਈ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਗਈ। ਇਸ ਰੋਸ ਵਜੋਂ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਸਵੇਰੇ 9:00 ਵਜੇ ਤੋਂ 2:00 ਵਜੇ ਤੱਕ ਫ਼ਰਦ ਕੇਂਦਰਾਂ ਦਾ ਕੰਮ-ਕਾਰ ਮੁਕੰਮਲ ਬੰਦ ਰੱਖ ਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਗਟਾਇਆ ਗਿਆ ਅਤੇ ਮਿਤੀ 04 ਦਸੰਬਰ 2025 ਨੂੰ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਤਹਿਸੀਲਾਂ ਦੇ ਫ਼ਰਦ ਕੇਂਦਰ ਆਪਰੇਟਰਾਂ ਵੱਲੋਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਡੀਸੀ ਦਫ਼ਤਰ ਮਾਨਸਾ ਦੇ ਬਾਹਰ ਕੰਮ ਕਾਰ ਪੂਰ੍ਹੀ ਤਰ੍ਹਾਂ ਬੰਦ ਕਰਕੇ ਰੋਸ ਪ੍ਰਗਟਾਇਆ ਜਾਵੇਗਾ ਅਤੇ ਮੰਗ - ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਚਕੇਰੀਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਸਰਕਾਰ ਸਾਡੀਆਂ ਹੱਕੀ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੀ ਨਵੀਂ ਰੂਪ ਰੇਖਾ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਕਰਮਜੀਤ ਸਿੰਘ ਭੀਖੀ, ਜਨਰਲ ਸਕੱਤਰ ਸੇਵਕ ਜੋਗਾ, ਕੁਲਦੀਪ ਸਿੰਘ ਮਾਨਸਾ ਆਦਿ ਹਾਜ਼ਰ ਸਨ।