ਸਿਰਕੀ ਬਾਜ਼ਾਰ ਦੇ ਕਰਿਆਣਾ ਵਪਾਰੀ ਘਣਸ਼ਿਆਮ ਕੁਮਾਰ ਨੇ ਦੱਸਿਆ ਕਿ ਪਹਿਲਾਂ 15 ਕਿੱਲੋ ਦਾ ਰਿਫਾਇੰਡ ਟੀਨ ਲਗਪਗ 2120 ਰੁਪਏ ’ਚ ਮਿਲਦਾ ਸੀ, ਜੋ ਹੁਣ ਵਧ ਕੇ 2580 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਤੇਲ ਦੇ ਭਾਅ ਵਧਣ ਨਾਲ ਬਾਜ਼ਾਰ ’ਚ ਬਣਨ ਵਾਲੇ ਹਰ ਖੁਰਾਕ ਪਦਾਰਥ ਦੀ ਲਾਗਤ ਵਧ ਗਈ ਹੈ।

ਜਾਗਰਣ ਸੰਵਾਦਦਾਤਾ, ਬਠਿੰਡਾ : ਖਾੜੀ ਦੇਸ਼ਾਂ ’ਚ ਚੱਲ ਰਹੀ ਜੰਗ ਤੇ ਸ਼ਹਿਰ ’ਚ ਵਪਾਰਕ ਗੈਸ ਸੰਕਟ ਨੇ ਆਮ ਲੋਕਾਂ ਦੀ ਰਸੋਈ ਤੋਂ ਲੈ ਕੇ ਬਾਜ਼ਾਰ ਤੱਕ ਮਹਿੰਗਾਈ ਦੀ ਅੱਗ ਭੜਕਾ ਦਿੱਤੀ ਹੈ। ਰਿਫਾਇੰਡ ਤੇਲ ਦੀਆਂ ਕੀਮਤਾਂ ’ਚ ਲਗਪਗ 30 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋ ਗਿਆ ਹੈ, ਜਿਸ ਕਾਰਨ ਖਾਣ-ਪੀਣ ਦੀ ਲਗਪਗ ਹਰ ਚੀਜ਼ ਮਹਿੰਗੀ ਹੋ ਗਈ ਹੈ। ਦੂਜੇ ਪਾਸੇ, ਵਪਾਰਕ ਗੈਸ ਦੀ ਕਮੀ ਕਾਰਨ ਹੋਟਲ, ਰੈਸਟੋਰੈਂਟ ਤੇ ਵਿਆਹ ਪੈਲੇਸ ਦੇ ਚਾਲਕਾਂ ਦੀਆਂ ਮੁਸ਼ਕਲਾਂ ’ਚ ਵਾਧਾ ਹੋ ਗਿਆ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ ’ਤੇ ਪੈ ਰਿਹਾ ਹੈ।
ਸਿਰਕੀ ਬਾਜ਼ਾਰ ਦੇ ਕਰਿਆਣਾ ਵਪਾਰੀ ਘਣਸ਼ਿਆਮ ਕੁਮਾਰ ਨੇ ਦੱਸਿਆ ਕਿ ਪਹਿਲਾਂ 15 ਕਿੱਲੋ ਦਾ ਰਿਫਾਇੰਡ ਟੀਨ ਲਗਪਗ 2120 ਰੁਪਏ ’ਚ ਮਿਲਦਾ ਸੀ, ਜੋ ਹੁਣ ਵਧ ਕੇ 2580 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਤੇਲ ਦੇ ਭਾਅ ਵਧਣ ਨਾਲ ਬਾਜ਼ਾਰ ’ਚ ਬਣਨ ਵਾਲੇ ਹਰ ਖੁਰਾਕ ਪਦਾਰਥ ਦੀ ਲਾਗਤ ਵਧ ਗਈ ਹੈ।
ਭਵਾਨੀ ਨਮਕੀਨ ਭੰਡਾਰ ਦੇ ਬਾਬੂ ਸਿੰਘ ਨੇ ਦੱਸਿਆ ਕਿ ਭੁਜੀਆ ਦੇ ਭਾਅ ’ਚ 10 ਰੁਪਏ ਪ੍ਰਤੀ ਕਿੱਲੋ ਦੀ ਵਾਧਾ ਕਰਨੀ ਪਈ ਹੈ। ਹੋਰ ਦੁਕਾਨਦਾਰ 2 ਤੋਂ 10 ਰੁਪਏ ਤੱਕ ਭਾਅ ਵਧਾਉਣ ਦੀ ਸੋਚ ਰਹੇ ਹਨ, ਜਿਸ ’ਚ ਪਕੌੜੇ 10 ਰੁਪਏ 250 ਗ੍ਰਾਮ ਵਧਾਏ ਜਾਣਗੇ, ਜਦਕਿ ਹੋਰ ਚੀਜ਼ਾਂ ਦੇ ਭਾਅ ’ਚ 2 ਤੋਂ 3 ਰੁਪਏ ਦਾ ਵਾਧਾ ਕੀਤਾ ਜਾਵੇਗਾ।
ਸ਼ਹਿਰ ’ਚ ਮਹਿੰਗਾਈ ਦਾ ਅਸਰ
ਮਹਿੰਗਾਈ ਦਾ ਅਸਰ ਸਟ੍ਰੀਟ ਫੂਡ 'ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਹੁਣ ਜਿੱਥੇ ਪਹਿਲਾਂ 10 ਰੁਪਏ ’ਚ 3 ਗੋਲਗੱਪੇ ਮਿਲਦੇ ਸਨ, ਉੱਥੇ ਹੁਣ 2 ਹੀ ਦਿੱਤੇ ਜਾ ਰਹੇ ਹਨ। ਚਾਹ ਦਾ ਕੱਪ ਵੀ 20 ਰੁਪਏ ਤੱਕ ਪਹੁੰਚ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਿਲੰਡਰ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਰਿਫਾਈਂਡ ਤੇਲ ਮਹਿੰਗਾ ਹੋ ਗਿਆ ਹੈ, ਜਿਸ ਨਾਲ ਖਰਚ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। ਦੂਜੇ ਪਾਸੇ, ਸ਼ਹਿਰ ’ਚ ਵਪਾਰਕ ਗੈਸ ਦੀ ਸਪਲਾਈ ਪਿਛਲੇ ਇਕ ਪੰਦਰਵਾੜੇ ਤੋਂ ਪ੍ਰਭਾਵਿਤ ਹੈ।
ਡੀਜ਼ਲ-ਭੱਠੀ ਪੈ ਰਹੀ ਮਹਿੰਗੀ
ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਕਈ ਹੋਟਲ ਤੇ ਰੈਸਟੋਰੈਂਟ ਸੰਚਾਲਕ ਹੁਣ ਡੀਜ਼ਲ ਭੱਠੀ ਤੇ ਇਲੈਕਟ੍ਰਿਕ ਹੀਟਰ ਦਾ ਇਸਤੇਮਾਲ ਕਰ ਰਹੇ ਹਨ, ਜੋ ਗੈਸ ਦੀ ਤੁਲਨਾ ’ਚ ਤਿੰਨ ਗੁਣਾ ਮਹਿੰਗੇ ਪੈਂਦੇ ਹਨ। ਇਸ ਕਾਰਨ ਖਾਣ-ਪੀਣ ਦੇ ਪਦਾਰਥਾਂ ’ਚ 10 ਤੋਂ 30 ਰੁਪਏ ਤੱਕ ਦਾ ਵਾਧਾ ਹੋ ਚੁੱਕਿਆ ਹੈ। ਵਿਆਹ ਪੈਲੇਸ ਦੇ ਚਾਲਕਾਂ ਮੁਤਾਬਕ ਵਿਆਹ ਸਮਾਰੋਹ ਦਾ ਖਰਚ 15 ਤੋਂ 20 ਫੀਸਦ ਤੱਕ ਵਧ ਗਿਆ ਹੈ। ਸੰਚਾਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਹਾਲਾਤ ਅਜੇ ਵੀ ਅਜਿਹੇ ਹੀ ਰਹੇ, ਤਾਂ ਉਨ੍ਹਾਂ ਨੂੰ ਬੁਕਿੰਗ ਲੈਣਾ ਬੰਦ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ’ਚ ਗੈਸ ਸਪਲਾਈ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕੀਤੀ ਜਾ ਰਹੀ ਹੈ ਤੇ ਜ਼ਰੂਰੀ ਸੇਵਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਨਾਲ ਹੀ, ਘਰੇਲੂ ਗੈਸ ਦੇ ਦੁਰਪਯੋਗ ਨੂੰ ਰੋਕਣ ਲਈ ਓਟੀਪੀ ਸਿਸਟਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।