ਨਸ਼ੇੜੀ ਡਰਾਈਵਰ ਦਾ ਕਹਿਰ: ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਦੜ੍ਹਿਆ, ਇੱਕ ਘਰ ਦਾ ਬੁਝਿਆ ਚਿਰਾਗ; ਦੂਜਾ ਲੜ ਰਿਹੈ ਜ਼ਿੰਦਗੀ-ਮੌਤ ਦੀ ਜੰਗ
ਪਿੰਡ ਕੋਟਸ਼ਮੀਰ ਨੇੜੇ ਸੋਮਵਾਰ ਨੂੰ ਸ਼ਾਮ ਕਰੀਬ 7 ਵਜੇ ਨਸ਼ੇ ਦੀ ਹਾਲਤ ਵਿਚ ਇਕ ਟਰੱਕ ਚਾਲਕ ਦੀ ਲਾਪ੍ਰਰਵਾਹੀ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
Publish Date: Tue, 13 Jan 2026 03:12 PM (IST)
Updated Date: Tue, 13 Jan 2026 03:18 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਸ਼ਮੀਰ - ਪਿੰਡ ਕੋਟਸ਼ਮੀਰ ਨੇੜੇ ਸੋਮਵਾਰ ਨੂੰ ਸ਼ਾਮ ਕਰੀਬ 7 ਵਜੇ ਨਸ਼ੇ ਦੀ ਹਾਲਤ ਵਿਚ ਇਕ ਟਰੱਕ ਚਾਲਕ ਦੀ ਲਾਪ੍ਰਰਵਾਹੀ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ 03 ਏਐਫ 6470 ਦਾ ਚਾਲਕ ਰਾਮਾਂ ਮੰਡੀ ਤੋਂ ਗੱਡੀ ਖਾਲੀ ਕਰਕੇ ਬਠਿੰਡਾ ਵੱਲ ਵਾਪਸ ਆ ਰਿਹਾ ਸੀ। ਪਿੰਡ ਵਿਚ ਦਾਖ਼ਲ ਹੋਣ ਸਮੇਂ ਸਭ ਤੋਂ ਪਹਿਲਾਂ ਟਰੱਕ ਨੇ ਇਕ ਕਾਰ ਨੂੰ ਫੇਟ ਮਾਰੀ। ਇਸ ਤੋਂ ਬਾਅਦ ਕਰੀਬ 300 ਮੀਟਰ ਅੱਗੇ ਸਕੂਲ ਆਫ ਐਮੀਨਸ ਦੇ ਸਾਹਮਣੇ ਟਰੱਕ ਨੇ ਮੋਟਰਸਾਈਕਲ ਨੰਬਰ ਪੀਬੀ 29 ਡਬਲਿਊ 6973 ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ (24) ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਨੱਤ ਅਤੇ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਗੰਭੀਰ ਜ਼ਖ਼ਮੀ ਹੋ ਗਏ। ਪਿੰਡ ਵਾਸੀਆਂ ਵੱਲੋਂ ਤੁਰੰਤ ਦੋਹਾਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਨਸ਼ੇ ਦੇ ਹਾਲਤ ਵਿਚ ਟਰੱਕ ਨੂੰ ਬਠਿੰਡਾ–ਮਾਨਸਾ ਰੋਡ ‘ਤੇ ਗਲਤ ਸਾਈਡ ਲੈ ਗਿਆ, ਜਿੱਥੇ ਸਾਹਮਣੇ ਤੋਂ ਆ ਰਹੇ ਤੇਲ ਟੈਂਕਰ ਨੰਬਰ ਪੀਬੀ 03 ਏਸੀ 6977 ਨਾਲ ਉਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਤੇਲ ਟੈਂਕਰ ਚਾਲਕ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਕੋਟਸ਼ਮੀਰ ਚੌਂਕੀ ਤੋਂ ਏਐਸਆਈ ਚਮਕੌਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਨਸ਼ੇ ਦੀ ਹਾਲਤ ਵਿਚ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਧੋਬੀਆਣਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।