ਇਹ ਦਰਦ ਹੈ ਪਿੰਡ ਮਹਿਰਾਜ ਅਤੇ ਆਸਪਾਸ ਦੇ ਉਨ੍ਹਾਂ ਪਰਿਵਾਰਾਂ ਦਾ ਹੈ, ਜਿਹੜੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਰਾਸ਼ੀ ਮਨਜ਼ੂਰ ਨਾ ਹੋਣ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਖੁੱਲ੍ਹੇ ਅਸਮਾਨ ਹੇਠ ਜ਼ਿੰਦਗੀ ਕੱਟਣ ਲਈ ਮਜਬੂਰ ਹਨ।

ਗੁਰਤੇਜ ਸਿੰਘ ਸਿੱਧੂ, ਜਸਪਾਲ ਸਿੰਘ ਪਾਲੀ, ਮਹਿਰਾਜ/ ਬਠਿੰਡਾ : ‘ਰਾਤ ਨੂੰ ਮੀਂਹ ਪੈ ਜਾਵੇ ਤਾਂ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ…। ਦਿਨ ’ਚ ਤਪਦੀ ਧੁੱਪ ਅਤੇ ਰਾਤ ਨੂੰ ਡਰ ਦਾ ਮਾਹੌਲ। ਸਰਕਾਰ ਨੇ ਘਰ ਦਾ ਸੁਪਨਾ ਤਾਂ ਦਿਖਾਇਆ ਅਤੇ ਉਨ੍ਹਾਂ ਦੇ ਬਣੇ ਛੋਟੇ ਮੋਟੇ ਕਮਰੇ ਵੀ ਢੁਆ ਦਿੱਤੇ ਪਰ ਮੁੜ ਨਾ ਤਾਂ ਸਾਨੂੰ ਛੱਤ ਨਸੀਬ ਨਹੀਂ ਹੋਈ ਅਤੇ ਨਾਂ ਹੀ ਮਕਾਨ ਬਣਾਉਣ ਲਈ ਸਰਕਾਰ ਤਰਫੋਂ ਰਾਸ਼ੀ ਹੀ ਮਿਲੀ, ਹੁਣ ਅਸੀਂ ਤਰਪਾਲਾਂ ਹੇਠ ਰਹਿਣ ਲਈ ਮਜ਼ਬੂਰ ਹਾਂ।’ ਇਹ ਦਰਦ ਹੈ ਪਿੰਡ ਮਹਿਰਾਜ ਅਤੇ ਆਸਪਾਸ ਦੇ ਉਨ੍ਹਾਂ ਪਰਿਵਾਰਾਂ ਦਾ ਹੈ, ਜਿਹੜੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਰਾਸ਼ੀ ਮਨਜ਼ੂਰ ਨਾ ਹੋਣ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਖੁੱਲ੍ਹੇ ਅਸਮਾਨ ਹੇਠ ਜ਼ਿੰਦਗੀ ਕੱਟਣ ਲਈ ਮਜਬੂਰ ਹਨ।
ਦਰਅਸਲ, ਗਰੀਬ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਮਿਲਦੀ ਰਾਸ਼ੀ ਲਈ ਸਰਕਾਰ ਕੋਲ ਅਰਜ਼ੀ ਦਿੱਤੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਸਣੇ ਹੋਰਨਾਂ ਖੇਤਰਾਂ ਦੇ ਲੋਕਾਂ ਨੇ ਕਈ ਗਰੀਬ ਪਰਿਵਾਰਾਂ ਨੇ ਸਰਕਾਰ ਦੇ ਭਰੋਸੇ ਆਪਣੇ ਪੁਰਾਣੇ ਕੱਚੇ ਪੱਕੇ ਮਕਾਨ ਢਾਹ ਦਿੱਤੇ ਅਤੇ ਨਵੇਂ ਮਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਯਕੀਨ ਸੀ ਕਿ ਯੋਜਨਾ ਤਹਿਤ ਮਿਲਣ ਵਾਲੀ ਰਕਮ ਸਮੇਂ ਸਿਰ ਖਾਤਿਆਂ ’ਚ ਆ ਜਾਵੇਗੀ ਅਤੇ ਉਹ ਆਪਣਾ ਪੱਕਾ ਘਰ ਤਿਆਰ ਕਰ ਲੈਣਗੇ ਪਰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਇਕ ਵੀ ਕਿਸ਼ਤ ਜਾਰੀ ਨਾ ਹੋਣ ਕਾਰਨ ਹੁਣ ਇਹ ਪਰਿਵਾਰ ਅਧੂਰੇ ਮਕਾਨਾਂ ਵਿਚਕਾਰ ਤਰਪਾਲਾਂ ਹੇਠ ਰਹਿਣ ਲਈ ਮਜਬੂਰ ਹਨ।
ਪੀੜਤ ਲੋਕਾਂ ਨੇ ਦੱਸਿਆ ਕਿ ਨਗਰ ਪੰਚਾਇਤ ਮਹਿਰਾਜ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਰਾਸ਼ੀ ਮਨਜ਼ੂਰ ਹੋ ਗਈ ਹੈ। ਇਸ ਲਈ ਨਵੇਂ ਮਕਾਨ ਬਣਾਉਣ ਲਈ ਪੁਰਾਣੇ ਢਾਹ ਕੇ ਨੀਹਾਂ ਭਰ ਲਈਆਂ ਜਾਣ। ਜੇਕਰ ਉਨ੍ਹਾਂ ਅਜਿਹਾ ਨਹੀਂ ਕੀਤਾ ਤਾਂ ਰਾਸ਼ੀ ਵਾਪਸ ਜਾ ਸਕਦੀ ਹੈ। ਇਸ ਤੋਂ ਬਾਅਦ ਇਕ ਦਰਜ਼ਨ ਤੋਂ ਜ਼ਿਆਦਾ ਲੋਕਾਂ ਨੇ ਨਵੀਂ ਛੱਤ ਲਈ ਪੁਰਾਣੀ ਛੱਤ ਵੀ ਗੁਆ ਲਈ। ਲੋਕਾਂ ਨੇ ਮਕਾਨ ਢਾਹ ਕੇ ਉਧਾਰ ਸੀਮੈਂਟ, ਸਰੀਆ, ਬਜ਼ਰੀ ਤੇ ਬਰੇਤੀ ਲੈ ਕੇ ਮਕਾਨ ਦੀਆਂ ਨੀਹਾਂ ਤਾਂ ਭਰ ਲਈਆਂ ਪਰ ਮਕਾਨ ਬਣਾਉਣ ਲਈ ਰਾਸ਼ੀ ਨਹੀਂ ਆਈ, ਜਿਸ ਕਾਰਨ ਉਹ ਘਰੋਂ ਬੇਘਰ ਹੋ ਗਏ। ਹੁਣ ਬਹੁਤੇ ਲੋਕ ਤਰਪਾਲਾਂ ਅਤੇ ਮੋਮੀ ਕਾਗਜ਼ ਤਾਣ ਕੇ ਰਹਿਣ ਲਈ ਮਜਬੂਰ ਹਨ।
ਘਰ ਢਾਹ ਲਿਆ, ਹੁਣ ਰਹਿਣ ਲਈ ਥਾਂ ਨਹੀਂ
ਪਿੰਡ ਮਹਿਰਾਜ ਦੇ ਗਰੀਬ ਪਰਿਵਾਰ ਨਾਲ ਸਬੰਧਤ ਪੀੜਤ ਬੂਟਾ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਸਰਕਾਰ ਵੱਲੋਂ ਘਰ ਮਨਜ਼ੂਰ ਹੋਣ ਦੇ ਭਰੋਸੇ ਤੋਂ ਬਾਅਦ ਉਸ ਨੇ ਆਪਣੇ ਪੁਰਾਣਾ ਮਕਾਨ ਨੂੰ ਢਾਹ ਦਿੱਤਾ ਅਤੇ ਉਧਾਰ ’ਤੇ ਸਮਾਨ ਲੈ ਕੇ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, ‘ਸਰੀਆ, ਸੀਮੈਂਟ, ਰੇਤਾ, ਬਜਰੀ ਅਤੇ ਇੱਟਾਂ ਸਭ ਕੁਝ ਉਧਾਰ ਲੈ ਲਿਆ। ਤਿੰਨ ਕਮਰਿਆਂ ਦੀਆਂ ਨੀਹਾਂ ਭਰ ਦਿੱਤੀਆਂ ਪਰ ਹੁਣ ਪੈਸੇ ਖ਼ਤਮ ਹੋ ਗਏ ਹਨ। ਉਮੀਦ ਸੀ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਾਸ਼ੀ ਮਿਲ ਜਾਵੇਗੀ ਅਤੇ ਮਕਾਨ ਬਣਾ ਕੇ ਉਹ ਆਰਾਮ ਨਾਲ ਰਹਿ ਸਕਣਗੇ ਪਰ ਸਰਕਾਰ ਦੀ ਰਾਸ਼ੀ ਨਹੀਂ ਮਿਲੀ, ਹੁਣ ਉਹ ਇਕ ਤਰਪਾਲ ਹੇਠਾਂ ਰਹਿਣ ਲਈ ਮਜ਼ਬੂਰ ਹਨ। ਦਿਨ ਸਮੇਂ ਗਰਮੀ ਪਰੇਸ਼ਾਨ ਕਰਦੀ ਹੈ। ਉਸਨੇ ਦੱਸਿਆ ਕਿ ਦੁਕਾਨਦਾਰ ਨੀਹਾਂ ਭਰਨ ਵਾਲੇ ਮੀਟਰੀਅਲ ਦੇ ਪੈਸੇ ਮੰਗ ਰਹੇ ਹਨ ਅਤੇ ਸਰਕਾਰ ਦੀ ਕਿਸ਼ਤ ਹਾਲੇ ਤੱਕ ਨਹੀਂ ਆਈ।
ਦੋ ਮਹੀਨਿਆਂ ਤੋਂ ਤਿਰਪਾਲ ਹੇਠ ਸੌਂ ਰਹੇ ਹਾਂ : ਅਮਨਦੀਪ ਕੌਰ
ਪਿੰਡ ਮਹਿਰਾਜ ਦੀ ਹੀ ਅਮਨਦੀਪ ਕੌਰ ਨੇ ਦੱਸਿਆ ਕਿ ਸਭ ਤੋਂ ਵੱਧ ਮੁਸ਼ਕਿਲ ਔਰਤਾਂ ਅਤੇ ਬੱਚਿਆਂ ਨੂੰ ਆ ਰਹੀ ਹੈ। ਨਾ ਢੰਗ ਦਾ ਬਾਥਰੂਮ ਹੈ, ਨਾ ਰਸੋਈ। ਗਰਮੀ ’ਚ ਬੱਚੇ ਬਿਮਾਰ ਹੋ ਰਹੇ ਹਨ। ਮੀਂਹ ਆ ਜਾਵੇ ਤਾਂ ਸਾਰਾ ਸਮਾਨ ਭਿੱਜ ਜਾਂਦਾ ਹੈ। ਰਾਤ ਭਰ ਨੀਂਦ ਨਹੀਂ ਆਉਂਦੀ ਕਿ ਕਿਤੇ ਕੋਈ ਚੋਰੀ ਨਾ ਕਰ ਜਾਵੇ। ਪੀੜਤ ਔਰਤ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਜੇਈ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਕਾਨ ਦੇ ਪੈਸੇ ਮਨਜ਼ੂਰ ਹੋ ਗਏ ਹਨ, ਇਸ ਲਈ ਉਹ ਖ਼ਸਤਾ ਹਾਲਤ ਪੁੱਜ ਚੁੱਕੇ ਕਮਰੇ ਢਾਹ ਕੇ ਨੀਹਾਂ ਭਰ ਲੈਣ। ਉਨ੍ਹਾਂ ਅਜਿਹਾ ਹੀ ਕੀਤਾ ਪਰ ਹੁਣ ਦੋ ਮਹੀਨਿਆਂ ਤੋਂ ਤਰਪਾਲ ਹੇਠਾਂ ਸਮਾਂ ਕੱਟ ਰਹੇ ਹਨ। ਉਸ ਨੇ ਕਿਹਾ ਕਿ ਸਖ਼ਤ ਗਰਮੀ ਕਾਰਨ ਬੱਚਿਆਂ ਦਾ ਬਹੁਤ ਮੁਸ਼ਕਿਲ ਹਾਲ ਹੈ। ਉਸ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਰਾਸ਼ੀ ਜਾਰੀ ਕੀਤੀ ਜਾਵੇ।
ਖੁੱਲ੍ਹੇ ਅਸਮਾਨ ਹੇਠ ਕੱਟ ਰਹੇ ਹਨ ਰਾਤਾਂ
ਪਿੰਡ ਮਹਿਰਾਜ ’ਚ ਕਈ ਪਰਿਵਾਰ ਅਜਿਹੇ ਹਨ, ਜਿਹੜੇ ਆਪਣੇ ਅਧੂਰੇ ਮਕਾਨਾਂ ਦੇ ਕੋਲ ਹੀ ਤਰਪਾਲਾਂ ਅਤੇ ਚਾਦਰਾਂ ਨਾਲ ਅਸਥਾਈ ਟਿਕਾਣੇ ਬਣਾ ਕੇ ਰਹਿ ਰਹੇ ਹਨ। ਦਿਨ ’ਚ ਤਪਦੀ ਧੁੱਪ ਅਤੇ ਰਾਤ ਨੂੰ ਮੱਛਰਾਂ ਅਤੇ ਗਰਮੀ ਨਾਲ ਜੂਝਣਾ ਪੈ ਰਿਹਾ ਹੈ। ਪੀੜਤ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਘਰ ਦੇ ਸਮਾਨ ਦੀ ਰੱਖਿਆ ਲਈ ਵਾਰੀ-ਵਾਰੀ ਜਾਗਣਾ ਪੈਂਦਾ ਹੈ। ਜੇ ਸਾਰਾ ਪਰਿਵਾਰ ਕਿਤੇ ਹੋਰ ਸੌਣ ਚਲਾ ਜਾਵੇ ਤਾਂ ਚੋਰੀ ਦਾ ਡਰ ਬਣਿਆ ਰਹਿੰਦਾ ਹੈ। ਇਸ ਕਰਕੇ ਇਕ ਮੈਂਬਰ ਨੂੰ ਹਰ ਵੇਲੇ ਮੌਕੇ ’ਤੇ ਰਹਿਣਾ ਪੈਂਦਾ ਹੈ। ਪੀੜਤ ਨੇ ਦੱਸਿਆ ਕਿ ਰਹਿਣ ਲਈ ਕਮਰਾ ਨਾ ਹੋਣ ਕਾਰਨ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧੂਰੇ ਮਕਾਨ ਉੱਪਰ ਉਨ੍ਹਾਂ ਨੇ ਮੋਮੀ ਕਾਗਜ਼ ਪਾ ਕੇ ਰੈਣ ਬਸੇਰਾ ਬਣਾਇਆ ਹੋਇਆ ਹੈ। ਪੀੜਤ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਭੋਲਾ ਸਿੰਘ ਦਾ ਪਰਿਵਾਰ ਵੀ ਇਨ੍ਹਾਂ ਦਿੱਕਤਾਂ ਨਾਲ ਜੂਝ ਰਿਹਾ ਹੈ। ਯੋਜਨਾ ਦੀ ਰਕਮ ਸਮੇਂ ਸਿਰ ਨਾ ਮਿਲਣ ਕਾਰਨ ਘਰ ਦਾ ਨਿਰਮਾਣ ਕੰਮ ਰੁਕ ਗਿਆ ਹੈ, ਜਿਸ ਨਾਲ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਭੋਲਾ ਸਿੰਘ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਗਰੀਬਾਂ ਨੂੰ ਪੱਕੇ ਘਰ ਦਿੱਤੇ ਜਾਣਗੇ ਪਰ ਅੱਜ ਹਾਲਾਤ ਇਹ ਹਨ ਕਿ ਸਾਡੇ ਕੋਲ ਸਿਰ ਢਕਣ ਲਈ ਵੀ ਛੱਤ ਨਹੀਂ। ਉਨ੍ਹਾਂ ਦੱਸਿਆ ਕਿ ਮੀਂਹ, ਧੁੱਪ ਅਤੇ ਠੰਢ ’ਚ ਪਰਿਵਾਰ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਹਨ।
ਕਰਜ਼ੇ ਹੇਠ ਦੱਬੇ ਪਰਿਵਾਰ
ਆਵਾਸ ਯੋਜਨਾ ਦੀ ਰਕਮ ’ਚ ਹੋ ਰਹੀ ਦੇਰੀ ਕਾਰਨ ਗਰੀਬ ਪਰਿਵਾਰਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਮਕਾਨ ਬਣਾਉਣ ਲਈ ਜ਼ਿਆਦਾਤਰ ਪਰਿਵਾਰਾਂ ਨੇ ਉਧਾਰ ’ਤੇ ਇੱਟ, ਸੀਮੈਂਟ ਅਤੇ ਹੋਰ ਸਮੱਗਰੀ ਲਈ ਹੋਈ ਹੈ। ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ, ਜਦਕਿ ਕਈ ਪਰਿਵਾਰਾਂ ਨੇ ਦੁਕਾਨਦਾਰਾਂ ਤੋਂ ਭਰੋਸੇ ’ਤੇ ਸਮਾਨ ਚੁੱਕ ਕੇ ਘਰ ਦਾ ਕੰਮ ਸ਼ੁਰੂ ਕੀਤਾ ਸੀ। ਲੋੜਵੰਦ ਗਰੀਬ ਮਜ਼ਦੂਰ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਯੋਜਨਾ ਦੀ ਕਿਸ਼ਤ ਨਾ ਮਿਲਣ ਕਾਰਨ ਮਕਾਨਾਂ ਦਾ ਨਿਰਮਾਣ ਅਧੂਰਾ ਰਹਿ ਗਿਆ ਹੈ ਅਤੇ ਹੁਣ ਪਰਿਵਾਰਾਂ ਉੱਤੇ ਕਰਜ਼ੇ ਦਾ ਬੋਝ ਵੀ ਵਧਦਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਉਧਾਰ ਦੇ ਪੈਸਿਆਂ ਅਤੇ ਸਮਾਨ ਦੀ ਚਿੰਤਾ ’ਚ ਜੀਅ ਰਹੇ ਹਨ। ਕਈ ਪਰਿਵਾਰ ਆਰਥਿਕ ਤੰਗੀ ਕਾਰਨ ਦੋ ਵਕਤ ਦੀ ਰੋਟੀ ਜੁਟਾਉਣ ’ਚ ਵੀ ਮੁਸ਼ਕਲ ਮਹਿਸੂਸ ਕਰ ਰਹੇ ਹਨ। ਪੀੜਤ ਪਰਿਵਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਰੁਕੀ ਹੋਈ ਰਕਮ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਅਧੂਰੇ ਘਰ ਪੂਰੇ ਕਰ ਸਕਣ ਅਤੇ ਕਰਜ਼ੇ ਦੇ ਬੋਝ ਤੋਂ ਕੁਝ ਰਾਹਤ ਮਿਲ ਸਕੇ।
ਬਠਿੰਡਾ ਦੀ ਧੋਬੀਆਨਾ ਰੋਡ ਦੇ ਵਾਸੀ ਮੱਖਣ ਸਿੰਘ ਦਾ ਪਰਿਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਕਮ ਨਾ ਮਿਲਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਘਰ ਦਾ ਨਿਰਮਾਣ ਕੰਮ ਅਧੂਰਾ ਰਹਿ ਜਾਣ ਕਾਰਨ ਪਰਿਵਾਰ ਨੂੰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੱਖਣ ਸਿੰਘ ਨੇ ਦੁੱਖ ਭਰੇ ਲਹਿਜ਼ੇ ’ਚ ਕਿਹਾ, ਪਹਿਲਾਂ ਹੀ ਗਰੀਬੀ ਨਾਲ ਜੂਝ ਰਹੇ ਹਾਂ ਪਰ ਹੁਣ ਸਿਰ ਢੱਕਣ ਲਈ ਛੱਤ ਵੀ ਨਹੀਂ ਰਹੀ। ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਮਦਦ ਦੀ ਉਡੀਕ ਕਰ ਰਹੇ ਹਾਂ। ਮਜਬੂਰੀ ’ਚ ਖੁੱਲ੍ਹੇ ’ਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਕਮ ਨਾ ਮਿਲਣ ਕਾਰਨ ਮਕਾਨ ਦਾ ਕੰਮ ਅੱਗੇ ਨਹੀਂ ਵੱਧ ਸਕਿਆ ਅਤੇ ਪਰਿਵਾਰ ਹਰ ਰੋਜ਼ ਮੀਂਹ, ਧੁੱਪ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਯੋਜਨਾ ਦੀ ਰੁਕੀ ਹੋਈ ਰਕਮ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਗਰੀਬ ਪਰਿਵਾਰਾਂ ਨੂੰ ਰਹਿਣ ਲਈ ਪੱਕੀ ਛੱਤ ਮਿਲ ਸਕੇ।
ਗਰਮੀ ਅਤੇ ਮੀਂਹ ਨੇ ਵਧਾਈ ਮੁਸ਼ਕਿਲ
ਪਿਛਲੇ ਕੁਝ ਹਫ਼ਤਿਆਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਬਦਲਦੇ ਮੌਸਮ ਨੇ ਅਧੂਰੇ ਮਕਾਨਾਂ ’ਚ ਰਹਿ ਰਹੇ ਗਰੀਬ ਪਰਿਵਾਰਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਖੁੱਲ੍ਹੇ ਅਸਮਾਨ ਹੇਠ ਜਾਂ ਤਰਪਾਲਾਂ ਦੇ ਸਹਾਰੇ ਜੀਵਨ ਬਿਤਾਉਣਾ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਦਿਨ ਦਿਹਾੜੇ ਤਪਦੀ ਧੁੱਪ ਕਾਰਨ ਤਰਪਾਲਾਂ ਹੇਠ ਬੈਠਣਾ ਵੀ ਮੁਸ਼ਕਿਲ ਹੋ ਰਿਹਾ ਹੈ, ਜਦਕਿ ਮੀਂਹ ਪੈਣ ਦੌਰਾਨ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ।
ਅਧੂਰੇ ਮਕਾਨਾਂ ’ਚ ਰਹਿ ਰਹੀਆਂ ਮਹਿਲਾਵਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਰਸੋਈ ਨਾ ਹੋਣ ਕਾਰਨ ਰੋਜ਼ਾਨਾ ਜੀਵਨ ਬਹੁਤ ਮੁਸ਼ਕਲ ਹੋ ਗਿਆ ਹੈ। ਖਾਣਾ ਬਣਾਉਣ ਲਈ ਉਨ੍ਹਾਂ ਨੂੰ ਖੁੱਲ੍ਹੇ ਅਸਮਾਨ ਹੇਠ ਚੁੱਲ੍ਹਾ ਤਪਾਉਣਾ ਪੈਂਦਾ ਹੈ, ਜਿਸ ਕਾਰਨ ਗਰਮੀ ਅਤੇ ਮੀਂਹ ਦੌਰਾਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਮਹਿਲਾ ਰਾਣੀ ਕੌਰ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ, ਕਦੇ ਖੁੱਲ੍ਹੇ ’ਚ ਚੁੱਲ੍ਹਾ ਤਪਾਉਦੇ ਹਾਂ, ਕਦੇ ਗੁਆਂਢੀਆਂ ਕੋਲੋਂ ਮਦਦ ਲੈਣੀ ਪੈਂਦੀ ਹੈ। ਮੀਂਹ ਪੈਣ ’ਤੇ ਤਾਂ ਖਾਣਾ ਬਣਾਉਣਾ ਵੀ ਸੰਭਵ ਨਹੀਂ ਰਹਿੰਦਾ। ਗਰਮੀ ਕਾਰਨ ਬੱਚੇ ਬਿਮਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਸਮੇਂ ’ਤੇ ਖਾਣਾ ਤਿਆਰ ਕਰਨਾ ਵੀ ਵੱਡੀ ਚੁਣੌਤੀ ਬਣ ਗਿਆ ਹੈ। ਮਹਿਲਾਵਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰੁਕੀ ਹੋਈ ਰਕਮ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣਾ ਘਰ ਅਤੇ ਰਸੋਈ ਤਿਆਰ ਕਰਕੇ ਇਜ਼ਤ ਨਾਲ ਜੀਵਨ ਬਿਤਾ ਸਕਣ।
ਸਰਕਾਰ ਜਲਦੀ ਰਕਮ ਜਾਰੀ ਕਰੇ
ਪੀੜਤ ਪਰਿਵਾਰਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਮਕਾਨਾਂ ਦੀ ਉਸਾਰੀ ਕਰ ਸਕਣ। ਉਨ੍ਹਾਂ ਕਿਹਾ ਕਿ ਜੇ ਹੋਰ ਦੇਰੀ ਹੋਈ ਤਾਂ ਉਨ੍ਹਾਂ ਲਈ ਜੀਵਨ ਬਿਤਾਉਣਾ ਹੋਰ ਮੁਸ਼ਕਿਲ ਹੋ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਯੋਜਨਾਵਾਂ ਦਾ ਐਲਾਨ ਕਰਨਾ ਹੀ ਕਾਫ਼ੀ ਨਹੀਂ, ਸਗੋਂ ਸਮੇਂ ਸਿਰ ਲਾਭਪਾਤਰੀਆਂ ਤਕ ਸਹਾਇਤਾ ਪਹੁੰਚਾਉਣਾ ਵੀ ਜ਼ਰੂਰੀ ਹੈ। ਨਹੀਂ ਤਾਂ ਗਰੀਬ ਲੋਕ ਹੋਰ ਮੁਸੀਬਤ ਵਿੱਚ ਫਸ ਜਾਂਦੇ ਹਨ।
ਨਗਰ ਪੰਚਾਇਤ ਨੇ ਦਿੱਤਾ ਭਰੋਸਾ
ਇਸ ਸਬੰਧੀ ਨਗਰ ਪੰਚਾਇਤ ਮਹਿਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਘਰਾਂ ਲਈ ਰਕਮ ਕੇਂਦਰ ਸਰਕਾਰ ਵੱਲੋਂ ਜਾਰੀ ਹੋਣੀ ਹੈ। ਉਨ੍ਹਾਂ ਮੁਤਾਬਕ ਪੱਤਰ ਜਾਰੀ ਹੋ ਚੁੱਕਿਆ ਹੈ ਅਤੇ ਇਕ ਹਫ਼ਤੇ ਦੇ ਅੰਦਰ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਕਮ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਜਿਹੇ ਭਰੋਸੇ ਦਿੱਤੇ ਗਏ ਸਨ, ਜਿਸ ਤੋਂ ਬਾਅਦ ਹੀ ਉਨ੍ਹਾਂ ਆਪਦੇ ਮਕਾਲ ਢਾਹੇ ਸਨ ਪਰ ਹੁਣ ਤਕ ਕੋਈ ਰਕਮ ਨਹੀਂ ਮਿਲੀ। ਉਹ ਆਸ ਕਰ ਰਹੇ ਹਨ ਕਿ ਇਸ ਵਾਰ ਸਰਕਾਰ ਸੱਚਮੁੱਚ ਉਨ੍ਹਾਂ ਦੀ ਸੁਣੇਗੀ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ ਪੂਰੇ ਹੋਣਗੇ।
ਪ੍ਰਧਾਨ ਮੰਤਰੀ ਅਵਾਜ ਯੋਜਨਾ ਨੂੰ ਸ਼ਹਿਰੀ ਤੇ ਪੇਂਡੂ ਖੇਤਰ ਵਿਚ ਵੰਡਿਆ ਗਿਆ ਹੈ। ਸਹਿਰੀ ਖੇਤਰ ਵਿਚ ਮਕਾਨ ਬਣਾਉਣ ਲਈ ਲੋੜਵੰਦ ਵਿਅਕਤੀ ਨੂੰ 2.50 ਲੱਖ ਰੁਪਏ ਅਤੇ ਪੇਂਡੂ ਖੇਤਰ ਵਿਚ ਮਕਾਨ ਬਣਾਉਣ ਲਈ 2 ਲੱਖ ਰੁਏ ਦਿੱਤੇ ਜਾ ਰਹੇ ਹਨ। 2.50 ਲੱਖ ਵਿੱਚੋਂ 2 ਲੱਖ ਕੇਂਦਰ ਸਰਕਾਰ ਤੇ 50 ਹਜ਼ਾਰ ਸੂਬਾ ਸਰਕਾਰ ਦਾ ਹੁੰਦਾ ਹੈ। ਪਹਿਲੀ ਕਿਸ਼ਤ ਮਕਾਨ ਦੀਆਂ ਨੀਹਾਂ ਭਰਨ ਬਾਅਦ ਮਿਲਦੀ ਹੈ, ਜਦੋਂ ਕਿ ਦੂਜੀ ਕਿਸ਼ਤ ਮਕਾਨ ਦੀ ਛੱਤਾਂ ਲਈ ਮਿਲਦੀ ਹੈ। ਇੱਥੇ ਸਮੱਸਿਆ ਇਹ ਹੈ ਕਿ ਪਹਿਲੀ ਕਿਸ਼ਤ ਲੈਣ ਲਈ ਲੋਕਾਂ ਨੂੰ ਆਪਣੇ ਮਕਾਨ ਦੀਆਂ ਨਹੀਂ ਭਰਨੀਆਂ ਪੈਂਦੀਆਂ ਹਨ, ਲੋਕ ਮਕਾਨ ਢਾਹ ਕੇ ਨੀਂਹਾਂ ਤਾਂ ਭਰੀ ਬੈਠੇ ਹਨ ਪਰ ਰਾਸ਼ੀ ਨਾਂ ਮਿਲਣ ਕਾਰਨ ਖੁੱਲੇ ਵਿਚ ਰਹਿਣ ਲਈ ਮਜ਼ਬੂਰ ਹਨ।
ਕਿਸ਼ਤਾਂ-ਨਿਰਮਾਣ ਦਾ ਪੜਾਅ -- ਸੈਂਟਰ ਸ਼ੇਅਰ (ਰੁਪਏ)--ਸਟੇਟ ਸ਼ੇਅਰ (ਰੁਪਏ)--ਰਕਮ (ਸੀਐੱਸਐੱਸਐੱਸ)
ਨੀਂਹ ਦੇ ਮੁਕੰਮਲ ਹੋਣ ਤੇ (ਡੀਪੀਸੀ ਪੱਧਰ) 30,000/- 20,000/- 50,000/-
ਲਿੰਟਲ ਪੱਧਰ ਦੇ ਪੂਰਾ ਹੋਣ ’ਤੇ 60,000/- 40,000/- 1,00,000/-
ਛੱਤ ਦੇ ਪੱਧਰ ’ਤੇ 30,000/- 20,000/- 50,000/-
4.
ਮਕਾਨ ਕੰਪਲੀਟ ਹੋਣ ਉਪਰੰਤ ਸਕੀਮ ਦੇ ਲੋਗੋ ਵਾਲੇ ਘਰ ਦੀ ਪੂਰਤੀ।
30,000/- 20,000/- 50,000/-
ਕੁੱਲ ਰਕਮ 1,50,000/- 1,00,000/- 2,50,000/-
1 ਲੱਖ 58 ਹਜ਼ਾਰ 376 ਨਵੇਂ ਮਕਾਨ ਬਣਾਉਣ ਨੂੰ ਕੇਂਦਰ ਸਰਕਾਰ ਨੇ ਮੰਨਜ਼ੂਰੀ ਦਿੱਤੀ
ਪੰਜਾਬ ਵਿਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 11 ਮਈ ਤਕ 1 ਲੱਖ 58 ਹਜ਼ਾਰ 376 ਨਵੇਂ ਮਕਾਨ ਬਣਾਉਣ ਨੂੰ ਕੇਂਦਰ ਸਰਕਾਰ ਨੇ ਮੰਨਜ਼ੂਰੀ ਦਿੱਤੀ ਹੈ। ਇਸ ’ਚੋਂ ਹੁਣ ਤਕ 1 ਲੱਖ 4 ਹਜ਼ਾਰ 341 ਮਕਾਨ ਬਣਾਏ ਜਾ ਚੁੱਕੇ ਹਨ। ਸਰਕਾਰ ਵੱਲੋਂ ਇਹ ਮਕਾਨ ਬਣਾਉਣ ਲਈ 11 ਹਜ਼ਾਰ 347 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਜਦੋਂ ਕਿ ਇਸ ਵਿੱਚੋਂ ਪੰਜਾਬ ਲਈ 2712.87 ਕਰੋੜ ਦੀ ਰਾਸ਼ੀ ਮੰਨਜ਼ੂਰ ਕੀਤੀ ਗਈ ਹੈ। ਇਸ ਰਾਸ਼ੀ ’ਚੋਂ 2237.49 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ 54 ਹਜ਼ਾਰ ਲੋੜਵੰਦ ਲੋਕਾਂ ਨੂੰ ਅਜੇ ਤਕ ਨਵੇਂ ਮਕਾਨ ਨਸੀਬ ਨਹੀ ਹੋ ਸਕੇ।