ਭਾਈ ਗੁਰਦਾਸ ਜੀ ਦਾ ਵਿਆਹ ਧਾਲੀਵਾਲ ਜੱਟ ਲੜਕੀ ਨਾਲ ਹੋਇਆ ਸੀ। ਉਹ ਪਿੰਡ ਧਿੰਗੜ ਦੇ ਰਹਿਣ ਵਾਲੇ ਸਨ ਅਤੇ ਇੱਥੇ ਇਕ ਵਾਰ ਆਪਣੇ ਸਹੁਰੇ ਘਰ ਪਤਨੀ ਨੂੰ ਲੈਣ ਆਏ ਸਨ ਤਾਂ ਸਹੁਰਾ ਪਰਿਵਾਰ ਨੂੰ ਜਦ ਉਨ੍ਹਾਂ ਦੀ ਸਾਧ ਬਿਰਤੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਲੜਕੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ।

ਹਰਕ੍ਰਿਸ਼ਨ ਸ਼ਰਮਾ, ਮਾਨਸਾ : ਡੇਰਾ ਬਾਬਾ ਭਾਈ ਗੁਰਦਾਸ ਜੀ ਉਦਾਸੀਨ ਆਸ਼ਰਮ ਮਾਨਸਾ ਦੀ ਬਹੁਤ ਮਾਨਤਾ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਧਿੰਗੜ ਤੋਂ ਆਏ ਭਾਈ ਗੁਰਦਾਸ ਜੀ ਕਾਰਨ ਨਗਰ ਮਾਨਸਾ ਹੋਂਦ ’ਚ ਆਇਆ ਸੀ। ਮਾਨਸਾ ਤਿੰਨ-ਕੋਣੀ ਨਜ਼ਦੀਕ ਓਵਰਬ੍ਰਿਜ ਕੋਲ ਡੇਰਾ ਬਾਬਾ ਭਾਈ ਗੁਰਜਾਸ ਜੀ ਉਦਾਸੀਨ ਸਥਿਤ ਹੈ ਜਿੱਥੇ ਹਰ ਐਤਵਾਰ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ।
ਦੱਸਿਆ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਦਾ ਵਿਆਹ ਧਾਲੀਵਾਲ ਜੱਟ ਲੜਕੀ ਨਾਲ ਹੋਇਆ ਸੀ। ਉਹ ਪਿੰਡ ਧਿੰਗੜ ਦੇ ਰਹਿਣ ਵਾਲੇ ਸਨ ਅਤੇ ਇੱਥੇ ਇਕ ਵਾਰ ਆਪਣੇ ਸਹੁਰੇ ਘਰ ਪਤਨੀ ਨੂੰ ਲੈਣ ਆਏ ਸਨ ਤਾਂ ਸਹੁਰਾ ਪਰਿਵਾਰ ਨੂੰ ਜਦ ਉਨ੍ਹਾਂ ਦੀ ਸਾਧ ਬਿਰਤੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਲੜਕੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਭਾਈ ਗੁਰਦਾਸ ਜੀ ਵੈਰਾਗਮਈ ਹੋ ਕੇ ਤਪੱਸਿਆ ’ਤੇ ਬੈਠ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸੰਸਾਰਕ ਝੰਜਟ ਤੋਂ ਮੁਕਤ ਹੋ ਗਏ ਹਨ। ਇੱਥੇ ਹੁਣ ਸਮਾਧ ਬਣੀ ਹੋਈ ਹੈ।
ਆਸ਼ਰਮ ’ਚ ਲੱਖਾਂ ਸ਼ਰਧਾਲੂ ਹੁੰਦੇ ਨੇ ਨਤਮਸਤਕ
ਡੇਰਾ ਬਾਬਾ ਭਾਈ ਗੁਰਦਾਸ ਜੀ ਉਦਾਸੀਨ ਆਸ਼ਰਮ ਮਾਨਸਾ ’ਚ ਬਣੀ ਸਮਾਧ ’ਤੇ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਮਨੋਕਾਮਨਾਵਾਂ ਪੂਰਨ ਹੋਣ ਦੀ ਉਮੀਦ ਨਾਲ ਆਉਂਦੇ ਹਨ। ਚੇਤਰਵਧੀ ਚੌਦਸ ਨੂੰ ਵਿਸ਼ਾਲ ਮੇਲਾ ਭਰਦਾ ਹੈ ਤੇ ਲੱਖਾਂ ਹੀ ਹੋਰ ਹਰਿਆਣਾ, ਰਾਜਸਥਾਨ ਤੇ ਬਾਹਰਲੇ ਰਾਜਾਂ ਤੋਂ ਵੀ ਸ਼ਰਧਾਲੂ ਆਉਂਦੇ ਹਨ।
ਧਾਰਮਿਕ ਤੇ ਮਾਨਸਿਕ ਤੌਰ ’ਤੇ ਵੀ ਸਹਾਈ ਸਿੱਧ ਹੋ ਰਿਹਾ ਡੇਰਾ
ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਮਹੰਤ ਅੰੰਮ੍ਰਿਤ ਮੁਨੀ ਜੀ ਦਾ ਇਲਾਕੇ ਦੇ ਲੋਕਾਂ ’ਚ ਸਤਿਕਾਰ ਹੋਣ ਕਰ ਕੇ ਜ਼ਿਆਦਾਤਰ ਪਰਿਵਾਰਕ ਮਸਲੇ, ਝਗੜੇ ਆਦਿ ਡੇਰੇ ’ਚ ਆ ਕੇ ਹੱਲ ਹੋ ਰਹੇ ਹਨ ਅਤੇ ਆਮ ਲੋਕਾਂ ਲਈ ਡੇਰਾ ਬਾਬਾ ਭਾਈ ਗੁਰਦਾਸ ਧਾਰਮਿਕ ਤੇ ਮਾਨਸਿਕ ਤੌਰ ’ਤੇ ਵੀ ਸਹਾਈ ਸਿੱਧ ਹੋ ਰਿਹਾ ਹੈ। ਟਰੱਕਾਂ ਸਮੇਤ ਵੱਖ-ਵੱਖ ਵਾਹਨਾਂ ਦਾ ਡਰਾਈਵਰ ਭਾਈਚਾਰਾ ਸ਼ਰਧਾ ਨਾਲ ਡੇਰੇ ’ਤੇ ਆਉਂਦਾ ਹੈ। ਇਸ ਦੇ ਨਾਲ ਸ਼ਹਿਰ ’ਚ ਜਦ ਵੀ ਕੋਈ ਵਿਅਕਤੀ ਨਵਾਂ ਵਾਹਨ ਲੈ ਕੇ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇੱਥੇ ਸ਼ਰਧਾ ਭਾਵਨਾ ਨਾਲ ਆਉਂਦਾ ਹੈ। ਡੇਰੇ ਦੇ ਗੱਦੀਨਸ਼ੀਨ ਮਹੰਤ ਅੰਮ੍ਰਿਤ ਮੁਨੀ ਜੀ ਨੇ ਦੱਸਿਆ ਕਿ ਬਾਬਾ ਭਾਈ ਗੁਰਦਾਸ ਜੀ ਬੜੇ ਤਪੱਸਵੀ, ਭਜਨ ਬੰਦਗੀ ਤੇ ਸਿਮਰਨ ਕਰਨ ਵਾਲੇ ਸੰਤ ਸਨ, ਜਿਨ੍ਹਾਂ ਨੇ ਇਸ ਜਗ੍ਹਾ ’ਤੇ ਬੈਠ ਕੇ ਆਪਣਾ ਜੀਵਨ ਭਜਨ ਬੰਦਗੀ ਤੇ ਸਿਮਰਨ ਕਰ ਕੇ ਬਤੀਤ ਕੀਤਾ। ਉਨ੍ਹਾਂ ਕੋਲ ਜੋ ਵੀ ਇਨਸਾਨ ਸ਼ਰਧਾ ਭਾਵਨਾ ਨਾਲ ਮਨੋਕਾਮਨਾ ਲੈ ਕੇ ਆਉਂਦਾ, ਬਾਬਾ ਜੀ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਕਰਦੇ ਹਨ।
‘ਪਾਣੀ ਦੇ ਕੁੰਡ’ ’ਤੇ ਲੋਕ ਚੜ੍ਹਾਉਂਦੇ ਹਨ ਤੋਤੇ
ਇਕ ਪਾਣੀ ਦਾ ਕੁੰਡ, ਜਿਸ ਨੂੰ ‘ਅੰਮ੍ਰਿਤ ਦਾ ਕੁੰਡ’ ਵੀ ਕਿਹਾ ਜਾਂਦਾ ਹੈ, ਵੀ ਆਸਥਾ ਦਾ ਪ੍ਰਤੀਕ ਹੈ। ਮਿੱਥ ਅਨੁਸਾਰ ਲੋਕਾਂ ’ਚ ਇਹ ਮਾਨਤਾ ਹੈ ਕਿ ਡੇਰੇ ’ਚ ਲੱਗੇ ਇਕ ਪੁਰਾਣੇ ਵਣ ਦੇ ਹੇਠਾਂ ਪਏ ਕੁੰਡ ’ਚ ਪਾਣੀ ਪਿਆਉਣ ਨਾਲ ਬੱਚਿਆਂ ਦਾ ਤੋਤਲਾਪਣ ਦੂਰ ਹੋ ਜਾਂਦਾ ਹੈ, ਜਿਸ ਕਰ ਕੇ ਤੋਤਲੇ ਬੋਲਦੇ ਬੱਚਿਆਂ ਦੇ ਸਹੀ ਬੋਲਣ ’ਤੇ ਇਸ ਵਣ ’ਤੇ ਖਿਡੌਣੇ ਤੋਤੇ ਚੜ੍ਹਾਏ ਜਾਂਦੇ ਹਨ। ਇਹੀ ਨਹੀਂ ਲੋਕ ਮਨੋਕਾਮਨਾ ਪੂਰੀ ਹੋਣ ਲਈ ਇਸ ਸਮਾਧ ’ਤੇ ਲੋਕ ਸੁੱਖਣਾ ਸੁੱਖਦੇ ਹਨ ਅਤੇ ਪੂਰੀ ਹੋਣ ’ਤੇ ਸੁੱਖਣਾ ਲਾਹੁਣ ਆਉਂਦੇ ਹਨ। ਇਥੇ ਹੀ ਬਾਬਾ ਹਰਨਾਮ ਦਾਸ ਜੀ ਦੀ ਸਮਾਧ ’ਤੇ ਸ਼ਰਧਾਲੂ ਮੌਕੇ ਜਾਂ ਹੋਰ ਕਸ਼ਟ ਦੂਰ ਕਰਨ ਲਈ ਆਉਂਦੇ ਹਨ ਅਤੇ ਇਹ ਖ਼ਤਮ ਹੋਣ ’ਤੇ ਨਮਕ ਤੇ ਝਾੜੂ ਸ਼ਰਧਾ ਨਾਲ ਚੜ੍ਹਾਉਣ ਆਉਂਦੇ ਹਨ।
ਟਰੱਕ ਯੂਨੀਅਨ ਆਪੇ੍ਰਟਰ ਵੀ ਰੱਖਦੇ ਨੇ ਬਹੁਤ ਸ਼ਰਧਾ
ਜੈ ਬਾਬਾ ਭਾਈ ਗੁਰਦਾਸ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਟਰੱਕ ਆਪੇ੍ਰਟਰ, ਡਰਾਈਵਰ ਭਾਈਚਾਰਾ ਤੇ ਸ਼ਹਿਰ ਦੇ ਲੋਕ ਬਾਬਾ ਭਾਈ ਗੁਰਦਾਸ ਜੀ ’ਚ ਅਥਾਹ ਆਸਥਾ ਰੱਖਦੇ ਹੈ। ਕਈਆਂ ਦੇ ਝਗੜੇ, ਮਸਲੇ ਵੀ ਇੱਥੇ ਹੀ ਹੱਲ ਹੁੰਦੇ ਹਨ।
ਮੇਲੇ ’ਤੇ ਵਿਸ਼ੇਸ਼
ਮੇਲੇ ਵਾਲੇ ਦਿਨ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਵਿਸ਼ਾਲ ਲੰਗਰ, ਮੈਡੀਕਲ ਸਹੂਲਤਾਂ, ਫਰੂਟ ਚਾਟ, ਟਿੱਕੀ-ਭੱਲਾ ਆਦਿ ਦੀ ਸੇਵਾ ਨਿਭਾਈ ਜਾਂਦੀ ਹੈ। ਹੋਰ ਆਸੇ-ਪਾਸੇ ਸ਼ਹਿਰਾਂ ’ਚੋਂ ਵੀ ਲੋਕ ਆ ਕੇ ਸਟਾਲਾਂ ਲਗਾਉਂਦੇ ਹਨ।
ਡੇਰਾ ਨੇੜੇ ਬਣਿਆ ਡੰਪ ਬਣਿਆ ਹੋਇਆ ਸਮੱਸਿਆ
ਡੇਰਾ ਬਾਬਾ ਭਾਈ ਗੁਰਦਾਸ ਜੀ ਉਦਾਸੀਨ ਆਸ਼ਰਮ ਮਾਨਸਾ ਦੇ ਨਜ਼ਦੀਕ ਅਤੇ ਸ਼ਹਿਰ ਵਿਚਾਲੇ ਬਣੇ ਹੋਏ ਕਈ ਦਹਾਕਿਆਂ ਤੋਂ ਕੂੜਾ ਡੰਪ ਦੀ ਗੰਭੀਰ ਸਮੱਸਿਆ ਹੱਲ ਨਹੀਂ ਹੋਈ ਹੈ। ਬੇਸ਼ੱਕ ਨਗਰ ਕੌਂਸਲ ਵੱਲੋਂ ਟੈਂਡਰ ਲਗਾ ਕੇ ਕੂੜਾ ਚੁੱਕਣ ਸਬੰਧੀ ਕੰਪਨੀ ਨੂੰ ਠੇਕਾ ਦਿੱਤਾ ਹੈ ਪ੍ਰੰਤੂ ਅਜੇ ਤੱਕ ਸਮੱਸਿਆ ਹੱਲ ਨਹੀਂ ਹੋ ਸਕੀ। ਬੇਸ਼ੱਕ ਸ਼ਹਿਰੀਆਂ ਦੇ ਸਹਿਯੋਗ ਨਾਲ ਵੱਡੀ ਪੱਧਰ ’ਤੇ ਵਾਤਾਵਰਨ ਪੇ੍ਰਮੀ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਸਮੇਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਮੇਟੀ ਵੱਲੋਂ ਦਖ਼ਲ ਦਿੱਤਾ ਗਿਆ।
ਮਾਨਸ਼ਾਹੀਆ ਪਰਿਵਾਰਾਂ ਦੀ ਡੇਰੇ ’ਚ ਹੈ ਅਥਾਹ ਸ਼ਰਧਾ
ਸੋਸ਼ਲਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਹ ਮੰਨਣਾ ਹੈ ਕਿ ਮਾਨਸ਼ਾਹੀਆ ਖ਼ਾਨਦਾਨ ਦੀ ਮੌੜੀ ਬਾਬਾ ਭਾਈ ਗੁਰਦਾਸ ਜੀ ਦੀ ਕ੍ਰਿਪਾ ਨਾਲ ਇੱਥੇ ਗੱਡੀ ਗਈ ਅਤੇ ਮਾਨਸ਼ਾਹੀਆ ਦੇ ਕਾਰਨ ਹੀ ਮਾਨਸਾ ਸ਼ਹਿਰ ਹੋਂਦ ਵਿਚ ਆਇਆ। ਮਾਨਸ਼ਾਹੀਆ ਪਰਿਵਾਰਾਂ ਦੀ ਜਿੱਥੇ ਡੇਰਾ ਬਾਬਾ ਭਾਈ ਗੁਰਦਾਸ ਜੀ ਵਿਚ ਆਸਥਾ ਹੈ, ਉਥੇ ਹੀ ਸ਼ਹਿਰ ਤੇ ਦੂਰ-ਦੁਰਾਡੇ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਹਨ।