ਮੰਦਰ ’ਚੋਂ ਚਾਂਦੀ ਦਾ ਮੁਕਟ ਚੋਰੀ ਕਰਨ ਵਾਲਾ ਕਾਬੂ
ਸਥਾਨਕ ਹਨੂੰਮਾਨ ਮੰਦਿਰ ਵਿਖੇ ਹਨੂੰਮਾਨ ਦੀ
Publish Date: Mon, 09 Feb 2026 08:16 PM (IST)
Updated Date: Tue, 10 Feb 2026 04:11 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ
ਸਥਾਨਕ ਹਨੂੰਮਾਨ ਮੰਦਰ ਵਿਖੇ ਹਨੂੰਮਾਨ ਦੀ ਮੂਰਤੀ ਦੀ ਬੇਅਦਬੀ ਅਤੇ ਚਾਂਦੀ ਦਾ ਮੁਕਟ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਮੌਕੇ ’ਤੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਦੁਪਹਿਰੇ 2 ਵਜੇ ਦੇ ਕਰੀਬ ਇੱਕ ਨੌਜਵਾਨ ਮੰਦਿਰ ਵਿੱਚ ਮੱਥਾ ਟੇਕਣ ਆਇਆ, ਪ੍ਰੰਤੂ ਕਾਫੀ ਦੇਰ ਬਾਹਰ ਨਾ ਆਉਣ ਕਾਰਨ ਉਥੇ ਕੰਮ ਕਰ ਰਹੇ 2 ਵਿਅਕਤੀਆਂ ਨੇ ਜਦੋਂ ਮੰਦਿਰ ਅੰਦਰ ਜਾ ਕੇ ਦੇਖਿਆ ਤਾਂ ਮੂਰਤੀ ਤੋਂ ਮੁਕਟ ਲਾਹ ਕੇ ਆਪਣੇ ਕੋਟ ਵਿੱਚ ਲੁਕਾ ਰੱਖਿਆ ਸੀ, ਜਦੋਂਕਿ ਮੂਰਤੀ ਦੇ ਮਾਲਾ ਤੇ ਵਸਤਰ ਤੋੜ ਕੇ ਹੇਠਾਂ ਸੁੱਟੇ ਹੋਏ ਸਨ। ਉਕਤ ਵਿਅਕਤੀਆਂ ਵੱਲੋਂ ਦਲੇਰੀ ਵਰਤਦਿਆਂ ਨੌਜਵਾਨ ਨੂੰ ਮੌਕੇ ’ਤੇ ਕਾਬੂ ਕਰਕੇ ਪ੍ਰਬੰਧਕ ਕਮੇਟੀ ਨੂੰ ਸੂਚਨਾ ਦਿੱਤੀ, ਜਿਸ ‘ਤੇ ਮੰਦਿਰ ਕਮੇਟੀ ਸ਼੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਵੱਲੋਂ ਥਾਣਾ ਭੀਖੀ ਨੂੰ ਤੁਰੰਤ ਇਸਦੀ ਸੂਚਨਾ ਦਿੱਤੀ। ਕਮੇਟੀ ਪ੍ਰਧਾਨ ਹਰਬੰਸ ਲਾਲ ਬਾਂਸਲ ਨੇ ਦੱਸਿਆ ਕਿ ਅੱਜ ਦੁਪਿਹਰ ਮੰਦਿਰ ਵਿੱਚ ਮੌਜੂਦ 2 ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਮੂਰਤੀ ਦੀ ਬੇਅਦਬੀ ਅਤੇ ਉਤਾਰੇ ਮੁਕਤ ਸਮੇਤ ਕਾਬੂ ਕਰ ਲਿਆ, ਜਿਸ ਨਾਲ ਮੰਦਰ ‘ਚ ਚੋਰੀ ਦੇ ਨਾਲ-ਨਾਲ ਭਗਵਾਨ ਹਨੂੰਮਾਨ ਦੀ ਬੇਅਦਬੀ ਹੋਈ ਹੈ। ਇਸ ਸਬੰਧੀ ਥਾਣਾ ਭੀਖੀ ਵਿਖੇ ਜਾਣਕਾਰੀ ਦੇ ਕੇ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਸਬੰਧਿਤ ਨੌਜਵਾਨ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦਾ ਹੈ, ਜੋ ਪੁਲਿਸ ਦੀ ਗ੍ਰਿਫਤ ਵਿੱਚ ਹੈ ਅਤੇ ਉਸ ਤੋਂ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ।