ਮਾਣਹਾਨੀ ਕੇਸ: ਵਿਧਾਨ ਸਭਾ ਸੈਸ਼ਨ ਕਾਰਨ ਅਦਾਲਤ 'ਚ ਪੇਸ਼ ਨਹੀਂ ਹੋਏ CM ਮਾਨ, ਹੁਣ 20 ਮਈ ਨੂੰ ਹੋਵੇਗੀ ਅਗਲੀ ਸੁਣਵਾਈ
ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਭਗਵੰਤ ਮਾਨ ਅਦਾਲਤਾਂ ਦਾ ਪੂਰਾ ਸਨਮਾਨ ਕਰਦੇ ਹਨ ਅਤੇ ਅਗਲੀ ਪੇਸ਼ੀ ‘ਤੇ ਜ਼ਰੂਰ ਹਾਜ਼ਰ ਹੋਣਗੇ। ਇਸ ਦੌਰਾਨ ਵਕੀਲ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਡਾ. ਸੰਦੀਪ ਘੰਡ ਐਡਵੋਕੇਟ ਵੀ ਮੌਜੂਦ ਸਨ।
Publish Date: Sat, 02 May 2026 08:16 AM (IST)
Updated Date: Sat, 02 May 2026 08:19 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕੀਤੇ ਹੋਏ ਮਾਣਹਾਨੀ ਦੇ ਕੇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਕੀਲ ਨੇ ਮਾਨਸਾ ਅਦਾਲਤ ਨੂੰ ਦਰਖਾਸਤ ਦੇ ਕੇ ਅੱਜ ਸਪੈਸ਼ਲ ਵਿਧਾਨ ਸਭਾ ਸੈਸ਼ਨ ਹੋਣ ਕਾਰਨ ਪੇਸ਼ ਨਾ ਹੋਣ ਦੀ ਗੱਲ ਕਹੀ.ਹੈ। ਅਦਾਲਤ ਵੱਲੋਂ ਅਗਲੀ ਤਾਰੀਖ 20 ਮਈ ਮੁਕੱਰਰ ਕੀਤੀ ਹੈ। ਮੁੱਖ ਮੰਤਰੀ ਦੇ ਵਕੀਲ ਹਰਪ੍ਰੀਤ ਸਿੰਘ ਵੱਲੋਂ ਅਦਾਲਤ ’ਚ ਦੱਸਿਆ ਗਿਆ ਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਕਾਰਨ ਮੁੱਖ ਮੰਤਰੀ ਦਾ ਉੱਥੇ ਹਾਜ਼ਰ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਭਗਵੰਤ ਮਾਨ ਅਦਾਲਤਾਂ ਦਾ ਪੂਰਾ ਸਨਮਾਨ ਕਰਦੇ ਹਨ ਅਤੇ ਅਗਲੀ ਪੇਸ਼ੀ ‘ਤੇ ਜ਼ਰੂਰ ਹਾਜ਼ਰ ਹੋਣਗੇ। ਇਸ ਦੌਰਾਨ ਵਕੀਲ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਡਾ. ਸੰਦੀਪ ਘੰਡ ਐਡਵੋਕੇਟ ਵੀ ਮੌਜੂਦ ਸਨ। ਇੱਥੇ ਜ਼ਿਕਰਯੋਗ ਹੈ ਕਿ ਇਹ ਮੁਕੱਦਮਾ ਮਾਨਸਾ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਵਿਧਾਇਕ ਹੁੰਦਿਆਂ, ਉਦੋਂ ਦਰਜ ਕਰਵਾਇਆ ਸੀ, ਜਦ ਉਹ 2019 ‘ਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਨਾਜ਼ਰ ਸਿੰਘ ਮਾਨਸ਼ਾਹੀਆਂ ਵੱਲੋਂ ਕੇਸ ’ਚ ਦੋਸ਼ ਲਗਾਇਆ ਗਿਆ ਹੈ ਕਿ ਜਦ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਭੰਗਵਤ ਸਿੰਘ ਮਾਨ ਨੇ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਸ਼ਾਮਲ ਹੋਣ ਲਈ ਕਰੋੜਾਂ ਰੁਪਏ ਕਾਂਗਰਸ ਪਾਰਟੀ ਤੋਂ ਲਏ ਹਨ। ਇਹ ਕੇਸ ਲਗਾਤਾਰ ਚੱਲ ਰਿਹਾ ਹੈ। ਪਿਛਲੀ ਪੇਸ਼ੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਦਾਲਤ ਵੱਲੋਂ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ।