ਮੋਟਰਸਾਈਕਲ ਚੋਰੀ ਕਰਨ ਦੀ ਤਾਕ ’ਚ ਘੁੰਮ ਰਹੇ ਦੋ ਕਾਬੂ
ਮੋਟਰਸਾਈਕਲ ਚੋਰੀ ਕਰਨ ਦੀ ਤਾਕ ਵਿੱਚ ਘੁੰਮ ਰਹੇ ਦੋ ਕਾਬੂ
Publish Date: Wed, 24 Dec 2025 05:00 PM (IST)
Updated Date: Thu, 25 Dec 2025 04:02 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਜਿੱਥੇ ਮੋਟਰਸਾਈਕਲ ਚੋਰੀ ਕਰਨ ਦੀ ਤਾਕ ’ਚ ਘੁੰਮ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਉੱਥੇ ਹੀ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਈਨੋਂ ਪਾਰ ਖੇਤਰ ਵਿੱਚ ਮੋਟਰਸਾਈਕਲ ਚੋਰੀਆਂ ਕਰਨ ਦੇ ਆਦੀ ਦੋ ਨੌਜਵਾਨ ਚੋਰੀ ਦੀ ਤਾਕ ਵਿੱਚ ਘੁੰਮ ਰਹੇ ਹਨ। ਇਸ ਦੌਰਾਨ ਪੁਲਿਸ ਨੇ ਇਸ ਖੇਤਰ ਵਿੱਚ ਨਾਕਾਬੰਦੀ ਕਰ ਦਿੱਤੀ। ਪੁਲਿਸ ਨੇ ਰਿੰਗ ਰੋਡ ਚੌਂਕ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਮੋਟਰਸਾਈਕਲ ਚੋਰੀ ਕਰਨ ਦੀ ਤਾਕ ਵਿੱਚ ਸਨ ਪੁਲਿਸ ਨੇ ਮੁਲਜਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਸਤਵੰਤ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਬੁਰਜ ਲੱਧਾ ਸਿੰਘ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਪਲਸਰ ਮੋਟਰਸਾਈਕਲ ਬਰਾਮਦ ਕੀਤਾ। ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਚੋਰੀ ਦੀਆਂ ਵਾਰਦਾਤਾਂ ਨੂੰ ਹੱਲ ਕੀਤਾ ਜਾ ਸਕੇ। ਦੂਜੇ ਪਾਸੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਦੋ ਮੁਲਜਮਾਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਵਾਸੀ ਬੁਰਜ ਮਾਨਸ਼ਾਹੀਆਂ ਅਤੇ ਚਤਰ ਸਿੰਘ ਵਾਸੀ ਪਿੰਡ ਕੋਟੜਾ ਕੌੜਾ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜਮਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।