ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਅੱਜ ਭੀਖੀ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਆਪ੍ਰੇਸ਼ਨ ਕਾਸੋ ਤਹਿਤ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਸ਼ੱਕੀ ਥਾਵਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਹੋਈ ਹੈ ਅਤੇ ਕਈ ਹੋਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਭੀਖੀ ਵਿਖੇ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਅੱਜ ਦਾਣਾ ਮੰਡੀ ਤੋਂ ਰੁਪਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭੀਖੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਉਸਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੀਐਸਪੀ ਜਸਵਿੰਦਰ ਸਿੰਘ ਅਤੇ ਐਸ.ਐਚ.ੳ. ਭੀਖੀ ਗੁਰਮੇਲ ਸਿੰਘ ਭੁੱਲਰ ਵਲੋਂ ਭੀਖੀ ਅਤੇ ਨੇੜਲੇ ਪਿੰਡਾਂ ਦੀਆਂ ਸ਼ੱਕੀ ਥਾਵਾਂ ਦੀ ਤਲਾਸ਼ੀ ਕੀਤੀ ਗਈ, ਜਿਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ। ਡੀਐੱਸਪੀ ਜਸਵਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਸਮੇਂ ਸਮੇਂ ‘ਤੇ ਪੁਲਿਸ ਵੱਲੋਂ ਹਾਟ ਸਪਾਟ ਏਰੀਆ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਅਤੇ ਅੱਜ ਵੀ ਕਾਸੋ ਆਪ੍ਰੇਸ਼ਨ ਤਹਿਤ ਭੀਖੀ ਇਲਾਕੇ ਅੰਦਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਦਾ ਡੋਪ ਟੈਸਟ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੂਖੀ ਭੀਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਭੀਖੀ ਪੁਲਿਸ ਵਲੋਂ ਰੋਜਾਨਾ ਗਸ਼ਤ ਦੌਰਾਨ ਇੰਨਾਂ ਸ਼ੱਕੀ ਥਾਵਾਂ ਨੂੰ ਚੈੱਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਸ਼ਾ ਵੇਚਣਾ ਬੰਦ ਨਾ ਕੀਤਾ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹਾਂ ਅੰਦਰ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਹੈ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਪੁਲਿਸ ਮੁਲਾਜਮ ਵੀ ਮੋਜੂਦ ਸਨ। ਉਧਰ ਪੁਲਿਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕੌਂਸਲਰ ਪ੍ਰੇਮ ਕੁਮਾਰ ਗਰਗ ਨੇ ਕਿਹਾ ਕਿ ਥਾਣਾ ਮੁਖੀ ਭੀਖੀ ਗੁਰਮੇਲ ਸਿੰਘ ਦੀ ਅਗੁਵਾਈ ‘ਚ ਭੀਖੀ ਪੁਲਿਸ ਵੱਲੋਂ ਇਲਾਕੇ ਅੰਦਰ ਨਸ਼ਾ ਖਤਮ ਕਰਨ ਲਈ ਜੋ ਮੁਹਿੰਮ ਵਿੱਢੀ ਹੋਈ ਹੈ, ਉਸ ਤਹਿਤ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ ਅਤੇ ਕਈ ਨਸ਼ਾ ਸਮੱਗਲਰ ਤਾਂ ਇਲਾਕਾ ਛੱਡ ਕੇ ਹੋਰ ਸ਼ਹਿਰਾਂ ਵੱਲ ਰੁਖ ਕਰ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਵਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਅਧੀਨ ਪੁਲਿਸ ਵੱਲੋਂ ਨਸ਼ੇ ਦੀ ਸਪਲਾਈ ਚੇਨ ਨੂੰ ਤੋੜ ਕੇ ਇਲਾਕੇ ਅੰਦਰ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਫਿਰ ਤੋਂ ਖੁਸ਼ਹਾਲ ਜਿੰਦਗੀ ਦਾ ਆਨੰਦ ਲੈ ਸਕਣ।