ਕੇਂਦਰੀ ਸੇਵਾਵਾਂ ਦੇ ਅਫ਼ਸਰਾਂ ਵੱਲੋਂ ਡਾਇਟ ਦਾ ਦੌਰਾ
ਕੇਂਦਰੀ ਸੇਵਾਵਾਂ ਨਾਲ ਸਬੰਧਤ ਆਈ.ਪੀ.ਐੱਸ.,
Publish Date: Fri, 05 Dec 2025 06:12 PM (IST)
Updated Date: Sat, 06 Dec 2025 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕੇਂਦਰੀ ਸੇਵਾਵਾਂ ਨਾਲ ਸਬੰਧਤ ਆਈਪੀਐੱਸ, ਆਈਐੱਫ਼ਐੱਸ ਤੇ ਆਈਆਰਐੱਸ ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ (ਮਾਨਸਾ) ਦਾ ਦੌਰਾ ਕੀਤਾ। ਕੇਰਲਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਨਾਲ ਸਬੰਧਤ 2021 ਬੈਚ ਦੇ ਇਹ ਉੱਚ ਅਧਿਕਾਰੀ ਵੱਖ-ਵੱਖ ਸੂਬਿਆਂ ’ਚ ਤਾਇਨਾਤ ਹਨ। ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦੁਆਰਾ ਪਹੁੰਚੇ ਹੋਏ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਮਹਿਕਾਂ ਭਰਿਆ ਸਵਾਗਤ ਕੀਤਾ ਗਿਆ।
ਇਸ ਉਪਰੰਤ ਅਧਿਕਾਰੀਆਂ ਨੇ ਸੰਸਥਾ ਵਿਖੇ ਬਣੇ ਈ-ਕੰਟੈਂਟ ਸਟੂਡੀਓ, ਬੁੱਕ ਕੈਫ਼ੇ, ਸਟੈੱਮ ਲੈਬ, ਲਿਸਨਿੰਗ ਲੈਬ, ਕਾਨਫ਼ਰੰਸ ਹਾਲ, ਸਾਇੰਸ ਲੈਬ, ਸਮਾਰਟ ਰੂਮ, ਆਰਟ ਰੂਮ ਅਤੇ ਵਿੱਦਿਅਕ ਪਾਰਕਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਸੰਬੰਧਿਤ ਕਾਰਜਾਂ ਦੀ ਸ਼ਲਾਘਾ ਕੀਤੀ। ਸਟੈੱਮ ਲੈਬ ਵਿਖੇ ਸਿਖਿਆਰਥੀਆਂ ਦੁਆਰਾ ਮਹਿਮਾਨਾਂ ਸਾਹਮਣੇ ਵੱਖ ਵੱਖ ਰੋਬੋਟਿਕ ਪ੍ਰੋਜੈਕਟ ਪੇਸ਼ ਕੀਤੇ ਗਏ। ਉਸ ਬਾਅਦ ਉਹ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਇਸ ਮੌਕੇ ਸਿਖਿਆਰਥਣਾਂ ਵੱਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ, ਜਿਸ ਦਾ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਮਹਿਮਾਨਾਂ ਵਿੱਚੋਂ ਡਾ. ਬੁਸ਼ਰਾ ਬਾਨੋ ਅਤੇ ਮੈਡਮ ਅਸ਼ਵਥੀ ਨੇ ਡਾਇਟ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਦੀ ਹੀ ਨਹੀਂ ਸਗੋਂ ਪੂਰ੍ਹੇ ਦੇਸ਼ ਦੀ ਸ਼ਾਨ ਹੈ। ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਸਿਕਿਉਰਿਟੀ ਅਫ਼ਸਰ ਕੰਵਲਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੈਡਮ ਮੰਜੂ ਬਾਲਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਪਰਮਜੀਤ ਸਿੰਘ ਭੋਗਲ, ਅਮਰਜੀਤ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਪ੍ਰੋਗਰਾਮ ਦੇ ਅੰਤ ਤੇ ਸੰਸਥਾ ਮੁੱਖੀ ਡਾਕਟਰ ਬੂਟਾ ਸਿੰਘ ਸੇਖੋਂ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ 'ਚ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਤਿਕਾਰ ਵਜੋਂ ਪਿਆਰੀਆਂ ਵਿਰਾਸਤੀ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਲੈਕਚਰਾਰ ਬਲਵਿੰਦਰ ਬਾਘਾ ਨੇ ਕੀਤਾ। ਇਸ ਮੌਕੇ ਡਾਇਟ ਸਟਾਫ਼ ਵਿੱਚੋਂ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਰਾਣੀ, ਡਾ ਕਰਨੈਲ ਸਿੰਘ ਵੈਰਾਗੀ, ਲੈਕਚਰਾਰ ਪੁਰਸ਼ੋਤਮ ਸਿੰਘ ,ਡਾਕਟਰ ਗੁਰਪ੍ਰੀਤ ਕੌਰ, ਸਤਨਾਮ ਸਿੰਘ , ਬਲਦੇਵ ਪ੍ਰਕਾਸ਼ ਸਿੰਗਲਾ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਮੌਜੂਦ ਸਨ।