ਟਿਕਾਣਾ ਭਾਈ ਜਗਤਾ ਜੀ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ ਉਥੇ ਹੀ ਇਹ ਇਲਾਕੇ ਦੇ ਬੱਚਿਆਂ ਨੂੰ ਚੰਗੀ ਤਾਲੀਮ ਵੀ ਦੇ ਰਿਹਾ ਹੈ। ਧੰਨ ਭਾਈ ਜਗਤਾ ਜੀ ਅਤੇ ਉਨ੍ਹਾਂ ਦੇ ਪਵਿੱਤਰ ਸਥਾਨ ਟਿਕਾਣਾ ਭਾਈ ਜਗਤਾ ਜੀ ਸਾਹਿਬ ਮੁਕਟਮਣੀ ਭਾਈ ਘਨੱਈਆਂ ਸਾਹਿਬ ਤੋਂ ਪ੍ਰਚਲਿਤ ‘ਸੇਵਾਪੰਥੀ ਸੰਪਰਦਾਇ’ ਦੇ ਮੁੱਖ ਪੰਧ ਪ੍ਰਦਰਸ਼ਕਾਂ ਦੀ ਲੜੀ ਵਿਚ ਪੰਜਵੇਂ ਸਥਾਨ ’ਤੇ ਭਾਈ ਜਗਤਾ ਜੀ ਹੋਏ ਹਨ।

ਮਨਦੀਪ ਸਿੰਘ ਮੱਕੜ, ਗੋਨਿਆਣਾ: ਭਾਈ ਜਗਤਾ ਜੀ ਪਵਿੱਤਰ ਯਾਦ ਵਿਚ ਸਥਾਨ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਦੀ ਮਾਨਤਾ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਵਿਚ ਹੈ। ਇਸ ਅਸਥਾਨ ’ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਅਸਥਾਨ ਪ੍ਰਤੀ ਲੋਕਾਂ ਦੀ ਬੇਹੱਦ ਸ਼ਰਧਾ ਹੈ। ਟਿਕਾਣਾ ਭਾਈ ਜਗਤਾ ਜੀ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ ਉਥੇ ਹੀ ਇਹ ਇਲਾਕੇ ਦੇ ਬੱਚਿਆਂ ਨੂੰ ਚੰਗੀ ਤਾਲੀਮ ਵੀ ਦੇ ਰਿਹਾ ਹੈ। ਧੰਨ ਭਾਈ ਜਗਤਾ ਜੀ ਅਤੇ ਉਨ੍ਹਾਂ ਦੇ ਪਵਿੱਤਰ ਸਥਾਨ ਟਿਕਾਣਾ ਭਾਈ ਜਗਤਾ ਜੀ ਸਾਹਿਬ ਮੁਕਟਮਣੀ ਭਾਈ ਘਨੱਈਆਂ ਸਾਹਿਬ ਤੋਂ ਪ੍ਰਚਲਿਤ ‘ਸੇਵਾਪੰਥੀ ਸੰਪਰਦਾਇ’ ਦੇ ਮੁੱਖ ਪੰਧ ਪ੍ਰਦਰਸ਼ਕਾਂ ਦੀ ਲੜੀ ਵਿਚ ਪੰਜਵੇਂ ਸਥਾਨ ’ਤੇ ਭਾਈ ਜਗਤਾ ਜੀ ਹੋਏ ਹਨ। ਉਨ੍ਹਾਂ ਨੇ ਆਪਣੇ ਆਪ ਉਚ ਆਦਰਸ਼ਕ ਮਹਾਨ ਕਰਨੀਆਂ ਤੇ ਘਾਲਨਾਵਾਂ ਦੇ ਫਲਸਰੂਪ ਥਲ (ਪਾਕਿਸਤਾਨ) ਦੀ ਉਜਾੜ ਧਰਨੀ ਨੂੰ ਜਿਥੇ ਨਵੀਂ ਜ਼ਿੰਦਗੀ ਬਖਸ਼ੀ, ਉਥੇ ਥਲ ਦਾ ਜ਼ਰਰਾ-ਜ਼ਰਰਾ ਮੁਕਾ ਦਿੱਤਾ। ਨੂਰਪੁਰ ਦੇ ਬੈਕੁੰਠ ਧਾਮ ਹਰਿਮੰਦਰ ਵਿਚੇ ਨਾਮ ਬਾਣੀ ਦਾ ਪਰਵਾਹ, ਰਾਹੀਆਂ ਪਾਧੀਆਂ ਲਈਆਂ ਸੁਖਧਾਮ ਧਰਮਸ਼ਾਲਾ, ਜਲ, ਲੰਗਰ, ਦਵਾ ਅਤੇ ਹੋਰ ਲੋੜਵੰਦਾਂ ਦੀ ਹਰ ਸਮੇਂ ਮਦਦ ਕੀਤੀ। ਭਾਈ ਜਗਤਾ ਜੀ ਦੀ ਸੇਵਾ ਤੇ ਸਮਦ੍ਰਿਸ਼ਟੀ ਵਾਲੇ ਤੇ ਰਿੱਧੀਆਂ ਸਿਧੀਆਂ ਦੇ ਮਾਲਕ ਨੇ ਸਿੱਖਾਂ, ਹਿੰਦੂਆਂ, ਮੁਸਲਮਾਨਾ ਅਮੀਰ ਗਰੀਬ ਸਭ ਦੇ ਦਿਲ ਜਿੱਤ ਲਏ। ਇਤਿਹਾਸਕ ਸਾਖੀ ਹੈ ਕਿ ਭਾਈ ਜਗਤਾ ਜੀ ਦੇ ਸਮਕਾਲੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪ ਜੀ ਦੀ ਸੋਭਾ ਸੁਣ ਕੇ ਆਪ ਜੀ ਦੇ ਤਿੰਨ ਵਾਰ ਦਰਸ਼ਨ ਕੀਤੇ। ਆਪ 1811 ਈ. ਵਿਚ ਜੋੋਤੀ-ਜੋਤ ਸਮਾ ਗਏ। ਉਨ੍ਹਾਂ ਤੋਂ ਬਾਅਦ ਭਾਈ ਹਜਾਰੀ ਰਾਮ ਜੀ, ਭਾਈ ਸਹਾਈ ਰਾਮ ਜੀ, ਭਾਈ ਰਲੀਆ ਰਾਮ ਜੀ, ਭਾਈ ਲਖਮੀ ਦਾਸ ਜੀ, ਮਹੰਤ ਭਾਈ ਗੁਲਾਬ ਸਿੰਘ ਜੀ ਨੇ ਦੇਸ਼ ਦੀ ਵੰਡ ਤੋਂ ਬਾਅਦ ਗੋਨਿਆਣਾ ਵਿਖੇ ਡੇਰੇ ਲਾ ਗਏ। ਮਹੰਤ ਗੁਲਾਬ ਸਿੰਘ ਜੀ 1950 ਨੂੰ ਜੋਤੀ ਜੋਤ ਸਮਾ ਗਏ, ਉਨ੍ਹਾਂ ਤੋਂ ਬਾਅਦ ਮਹੰਤ ਭਾਈ ਆਸਾ ਸਿੰਘ ਨੇ ਸੇਵਾ ਕੀਤੀ ਤੇ 1974 ਈ ਵਿਚ ਚੋਲਾ ਛੱਡ ਗਏ। ਮਹੰਤ ਭਾਈ ਤੀਰਥ ਸਿੰਘ ਜੀ 2008 ਵਿਚ ਗੁਰੂ ਚਰਨਾਂ ਵਿਚ ਲੀਨ ਹੋ ਗਏ ਤੇ ਹੁਣ ਉਕਤ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਭਾਈ ਕਾਹਨ ਸਿੰਘ ਜੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਸੰਤ ਰਣਜੀਤ ਸਿੰਘ ਅਤੇ ਸੰਤ ਜਗਜੀਤ ਸਿੰਘ ਵੀ ਪੂਰਾ ਸਾਥ ਦੇ ਰਹੇ ਹਨ। ਇਲਾਕੇ ਦੀ ਇਹ ਮੰਨੀ ਪ੍ਰਮੰਨੀ ਧਾਰਮਿਕ ਸੰਸਥਾ ਟਿਕਾਣਾ ਭਾਈ ਜਗਤਾ ਜੀ ਦੇ ਇਸ ਅਸਥਾਨ ਤੋਂ ਵਿਦੇਸ਼-ਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਸੰਗਤ ਅਤੇ ਸੰਤ ਮਹਾਪੁਰਸ਼ ਵੀ ਨਤਮਸਤਕ ਹੁੰਦੇ ਹਨ। ੳਕਤ ਅਸਥਾਨ ਵੱਲੋਂ ਵਿੱਦਿਅਕ ਅਤੇ ਧਾਰਮਿਕ ਅਦਾਰੇ ਵੀ ਵੱਡੀ ਪੱਧਰ ’ਤੇ ਖੋਲ੍ਹੇ ਗਏ ਹਨ। ਇਸ ਅਸਥਾਨ ਦੀ ਬਹੁਤ ਮਾਨਤਾ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੁੰਦੇ ਹਨ।
ਮਹੰਤ ਭਾਈ ਕਾਹਨ ਸਿੰਘ ਦੀ ਅਗਵਾਈ ਵਿਚ ਚਲਦੀਆਂ ਵਿਦਿਅਕ ਸੰਸਥਾਵਾਂ
ਸਥਾਨ ਟਿਕਾਣਾ ਭਾਈ ਜਗਤਾ ਜੀ ਸਾਹਿਬ ਵੱਲੋਂ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ, ਭਾਈ ਜਗਤਾ ਜੀ ਹਾਈ ਸਕੂਲ, ਗੁਰੂ ਅੰਗਦ ਦੇਵ ਸਕੂਲ, ਗੁਰਮਿਤ ਵਿਦਿਆਲਾ ਅਤੇ ਦਰਜਨ ਦੇ ਕਰੀਬ ਵੱਖ ਸ਼ਹਿਰਾਂ ਵਿਚ ਗੁਰਦੁਆਰਾ ਸਾਹਿਬ ਬਣਾਏ ਗਏ ਹਨ, ਜਿਨ੍ਹਾਂ ਵਿਚ ਹਰ ਵੇਲੇ ਗੁਰਬਾਣੀ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਹੈ।
ਹਸਪਤਾਲ ਅਤੇ ਮੈਡੀਕਲ ਕੈਂਪ
ਇਹ ਸੰਸਥਾ ਭਾਈ ਘਨੱਈਆ ਜੀ ਦੇ ਸੰਪ੍ਰਦਾਇ ਵਿਚ ਹੋਣ ਕਰਕੇ ਗੁਰਦੁਆਰਾ ਸਾਹਿਬ ਅੰਦਰ ਹਸਪਤਾਲ ਵੀ ਖੋਲ੍ਹਿਆ ਗਿਆ ਹੈ, ਜਿਥੇ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਕਰ ਕੇ ਦਵਾਈ ਦਿੱਤੀ ਜਾਂਦੀ ਹੈ। ਹਰ ਹਫਤੇ ਦੰਦਾਂ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਜਾਂਦਾ ਹੈ। ਹਰ ਮਹੀਨੇ ਅੱਖਾਂ ਦੀਆਂ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ।
ਸਾਲਾਨਾ ਯੱਗ ਭੰਡਾਰਾ ਅਤੇ ਸਮਾਗਮ
ਸਾਲਾਨਾ ਯੱਗ ਭੰਡਾਰਾ ਅਤੇ ਸਮਾਗਮ 13, 14 ਤੇ 15 ਜਨਵਰੀ ਨੂੰ ਕਰਵਾਇਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼ ਵਿਦੇਸ਼ ਤੋਂ ਹਾਜ਼ਰੀ ਭਰਦੀਆਂ ਹਨ। ਇਸ ਸਮਾਗਮ ਵਿਚ ਪ੍ਰਸਿੱਧ ਕਥਾ ਵਾਚਕ, ਰਾਗੀ ਜੱਥੇ ਅਤੇ ਪ੍ਰਚਾਰਕ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰਦੇ ਹਨ। ਸੰਗਤਾਂ ਨੂੰ ਅੰਮ੍ਰਿਤ ਪਾਨ ਵੀ ਕਰਵਾਇਆ ਜਾਂਦਾ ਹੈ। ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਜਾਂਦਾ ਹੈ। ਕੁਲ ਮਿਲਾ ਕੇ ਪੰਜਾਬ ਹੀ ਨਹੀਂ ਸਗੋਂ ਇਸ ਸੰਸਥਾ ਨਾਲ ਲੋਕ ਵਿਦੇਸ਼ਾਂ ਵਿੱਚੋਂ ਵੀ ਜੁੜੇ ਹੋਏ ਹਨ।