Bathinda News : ਪੁਲਿਸ ਤੋਂ ਦੁਖੀ ਜਬਰ ਜਨਾਹ ਦੀ ਪੀੜਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ 'ਤੇ ਲਾਏ ਜਲੀਲ ਕਰਨ ਦੇ ਦੋਸ਼
ਜਬਰ ਜਨਾਹ ਪੀੜਤਾ ਨਬਾਲਗ ਕੁੜੀ ਨੇ ਪੁਲਿਸ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਹੀ ਜਲੀਲ ਕਰਨ ਤੋਂ ਦੁਖੀ ਹੋ ਕੇ ਖੁਦਕਸ਼ੀ ਕਰਨ ਦਾ ਯਤਨ ਕੀਤਾ। ਪੀੜਿਤ ਕੁੜੀ ਏਮਜ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਹਾਲਾਂਕਿ ਉਸਨੇ ਬਠਿੰਡਾ ਪੁਲਿਸ ਕੋਲ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਹਨ।
Publish Date: Sat, 17 Jan 2026 08:04 PM (IST)
Updated Date: Sat, 17 Jan 2026 08:11 PM (IST)
ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ: ਜਬਰ ਜਨਾਹ ਪੀੜਤਾ ਨਬਾਲਗ ਕੁੜੀ ਨੇ ਪੁਲਿਸ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਹੀ ਜਲੀਲ ਕਰਨ ਤੋਂ ਦੁਖੀ ਹੋ ਕੇ ਖੁਦਕਸ਼ੀ ਕਰਨ ਦਾ ਯਤਨ ਕੀਤਾ। ਪੀੜਿਤ ਕੁੜੀ ਏਮਜ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਹਾਲਾਂਕਿ ਉਸਨੇ ਬਠਿੰਡਾ ਪੁਲਿਸ ਕੋਲ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਥਾਣਾ ਅਧੀਨ ਪੈਂਦੇ ਇੱਕ ਪਿੰਡ ਦੀ ਨਾਬਾਲਗ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਕੁਝ ਸਮਾਂ ਪਹਿਲਾਂ ਪਿੰਡ ਮਹਿਰਾਜ ਦੀ ਮਾਂ ਧੀ ਅਤੇ ਲਹਿਰਾ ਬੇਗਾ ਪਿੰਡ ਦੇ ਇੱਕ ਮਿਸਤਰੀ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਭਾਵੇਂ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ ਪਰ ਇਸ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਪੀੜਿਤ ਕੁੜੀ ਆਪਣੇ ਮਾਪਿਆਂ ਨਾਲ ਇਨਸਾਫ਼ ਲੈਣ ਲਈ ਵਾਰ-ਵਾਰ ਥਾਣਿਆਂ ਦੇ ਚੱਕਰ ਕੱਟਦੀ ਰਹੀ ਪਰ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਕੁੜੀ ਨੂੰ ਹੀ ਜਲੀਲ ਕਰਨਾ ਸ਼ੁਰੂ ਕਰ ਦਿੱਤਾ।
ਐਨਾ ਹੀ ਨਹੀਂ ਇੱਕ ਥਾਣੇਦਾਰ ਨੇ ਕੁੜੀ ਅਤੇ ਉਸ ਦੇ ਪਿਓ ਨੂੰ ਇਸ ਕਦਰ ਜਲੀਲ ਕੀਤਾ ਕਿ ਨਾਬਾਲਗ ਕੁੜੀ ਨੇ ਇਨਸਾਫ ਨਾ ਮਿਲਦਾ ਦੇਖ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਏਮਜ਼ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਐੱਸਐੱਸਪੀ ਬਠਿੰਡਾ ਨੇ ਏਮਜ ਵਿੱਚ ਪੁੱਜ ਕੇ ਪੀੜਿਤ ਲੜਕੀ ਦਾ ਹਾਲ ਚਾਲ ਜਾਣਿਆ ਤੇ ਉਸ ਤੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ।