Bathinda News : ਬਸੰਤ ਪੰਚਮੀ ਤੋਂ ਬਾਅਦ ਵੀ ਜਾਨਲੇਵਾ ਬਣੀ ਚਾਈਨਾ ਦੀ ਡੋਰ, 14 ਸਾਲਾਂ ਬੱਚੇ ਦਾ ਗਲਾ ਵੱਢਿਆ
ਇਲਾਜ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜ਼ਖਮੀ ਬੱਚੇ ਦੀ ਪਛਾਣ ਹਰਗੁਣ ਸਿੰਘ ਵਾਸੀ ਬਚਨ ਕਾਲੋਨੀ ਬਠਿੰਡਾ ਵਜੋਂ ਹੋਈ। ਸਮਾਜਸੇਵੀ ਸੰਦੀਪ ਪਾਠਕ ਨੇ ਪ੍ਰਸ਼ਾਸਨ ਉੱਤੇ ਲਾਪਰਵਾਹੀ ਦਾ ਦੋਸ਼ ਲਾਇਆ।
Publish Date: Sun, 25 Jan 2026 08:23 PM (IST)
Updated Date: Sun, 25 Jan 2026 08:26 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਸੰਤ ਪੰਚਮੀ ਦਾ ਤਿਉਹਾਰ ਖਤਮ ਹੋ ਚੁੱਕਾ ਹੈ ਪ੍ਰੰਤੂ ਇਸ ਦੌਰਾਨ ਉਡਾਈ ਗਈਆਂ ਪਤੰਗਾਂ ਵਿਚ ਵਰਤੀ ਗਈ ਚਾਈਨਾ ਡੋਰ ਹੁਣ ਵੀ ਲੋਕਾਂ ਲਈ ਖਤਰਾ ਬਣੀ ਹੋਈ ਹੈ। ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਮਕਾਨਾਂ 'ਤੇ ਲਟਕੀਆਂ ਚਾਈਨਾ ਡੋਰ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਸਖਤ ਖਤਰਾ ਬਣ ਰਹੀ ਹੈ।
ਪਿਛਲੇ ਤਿੰਨ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਸਭ ਤੋਂ ਗੰਭੀਰ ਘਟਨਾ ਸ਼ਹਿਰ ਦੀ ਬਚਨ ਕਾਲੋਨੀ ਤੋਂ ਸਾਹਮਣੇ ਆਈ, ਜਿੱਥੇ ਐਕਟਿਵਾ 'ਤੇ ਸਵਾਰ 14 ਸਾਲ ਦਾ ਬੱਚਾ ਚਾਈਨਾ ਡੋਰ ਦੀ ਚਪੇਟ ਵਿਚ ਆ ਗਿਆ। ਡੋਰ ਅਚਾਨਕ ਉਸਦੇ ਗਲੇ ਵਿੱਚ ਫਸ ਗਈ, ਜਿਸ ਨਾਲ ਉਸਦੀ ਗਰਦਨ 'ਤੇ ਡੂੰਘਾ ਕੱਟ ਲੱਗ ਗਿਆ। ਇਸ ਦੌਰਾਨ ਆਲੇ-ਦੁਆਲੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਇਲਾਜ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜ਼ਖਮੀ ਬੱਚੇ ਦੀ ਪਛਾਣ ਹਰਗੁਣ ਸਿੰਘ ਵਾਸੀ ਬਚਨ ਕਾਲੋਨੀ ਬਠਿੰਡਾ ਵਜੋਂ ਹੋਈ। ਸਮਾਜਸੇਵੀ ਸੰਦੀਪ ਪਾਠਕ ਨੇ ਪ੍ਰਸ਼ਾਸਨ ਉੱਤੇ ਲਾਪਰਵਾਹੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਰ ਸਾਲ ਬਸੰਤ ਪੰਚਮੀ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਪਰ ਫਿਰ ਵੀ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ।
ਇਸ ਸਮੇਂ ਹੋ ਰਹੇ ਹਾਦਸਿਆਂ ਨੇ ਸ਼ਹਿਰਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਜਦ ਤੱਕ ਚਾਈਨਾ ਡੋਰ ਪੂਰੀ ਤਰ੍ਹਾਂ ਹਟਾਈ ਨਹੀਂ ਜਾਂਦੀ, ਉਦੋਂ ਤੱਕ ਪ੍ਰਸ਼ਾਸਨ ਵਿਸ਼ੇਸ਼ ਸਾਵਧਾਨੀ ਵਰਤੇ। ਨਗਰ ਨਿਗਮ ਅਤੇ ਪੁਲਿਸ ਮਿਲ ਕੇ ਵਿਸ਼ੇਸ਼ ਮੁਹਿੰਮ ਚਲਾਏ ਅਤੇ ਸ਼ਹਿਰ ਭਰ ਵਿਚ ਲਟਕ ਰਹੀਆਂ ਚਾਈਨਾ ਡੋਰਾਂ ਨੂੰ ਤੁਰੰਤ ਹਟਵਾਇਆ ਜਾਵੇ।
ਨਾਲ ਹੀ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਸਿਵਲ ਹਸਪਤਾਲ ਦੇ ਡਾਕਟਰਾਂ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਕਈ ਲੋਕ ਗਰਦਨ, ਹੱਥ ਅਤੇ ਚਿਹਰੇ 'ਤੇ ਕੱਟ ਲੱਗਣ ਕਾਰਨ ਜ਼ਖਮੀ ਹੋਏ ਹਨ। ਕੁਝ ਮਾਮਲਿਆਂ ਵਿਚ ਜ਼ਖਮਾਂ 'ਤੇ ਟਾਂਕੇ ਵੀ ਲਗਾਏ ਗਏ।