ਕੁਝ ਹੀ ਮਿੰਟਾਂ ਬਾਅਦ ਕਮਰੇ ਵਿੱਚ ਇੱਕ ਹੋਰ ਮਹਿਲਾ ਅਤੇ ਇਕ ਵਿਅਕਤੀ ਦਾਖ਼ਲ ਹੋਏ, ਜਿਨ੍ਹਾਂ ਨੇ ਕਾਰੋਬਾਰੀ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਜਬਰਦਸਤੀ ਉਤਾਰ ਕੇ ਮਹਿਲਾ ਨਾਲ ਅਸ਼ਲੀਲ ਵੀਡੀਓ ਬਣਾ ਲਈ। ਗਿਰੋਹ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੀੜਤ ਤੋਂ 2 ਲੱਖ ਰੁਪਏ ਦੀ ਮੰਗ ਕੀਤੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਸ਼ਹਿਰ ਵਿੱਚ ਮਦਦ ਦੇ ਬਹਾਨੇ ਬੁਲਾ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਜਾਲ ਵਿੱਚ ਫਸਾਉਣ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਕ ਸਥਾਨਕ ਕਾਰੋਬਾਰੀ ਨੂੰ ਮਹਿਲਾ ਵੱਲੋਂ ਮਦਦ ਦੇ ਬਹਾਨੇ ਆਪਣੇ ਘਰ ਬੁਲਾ ਕੇ ਨਾ ਸਿਰਫ਼ ਕਮਰੇ ਵਿੱਚ ਬੰਦ ਕੀਤਾ ਗਿਆ, ਸਗੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਪੀੜਤ ਦੀ ਸ਼ਿਕਾਇਤ ''ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਮਹਿਲਾ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਤਿੰਨ ਹੋਰ ਦੀ ਭਾਰ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਰਤਨ ਕੁਮਾਰ (ਕਾਲਪਨਿਕ ਨਾਮ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਇਕ ਅਣਜਾਣ ਨੰਬਰ ਤੋਂ ਮਹਿਲਾ ਦੀ ਕਾਲ ਆਈ, ਜਿਸ ਨੇ ਖ਼ੁਦ ਨੂੰ ਮੁਸੀਬਤ ਵਿੱਚ ਦੱਸਦਿਆਂ ਮਦਦ ਦੀ ਗੁਹਾਰ ਲਗਾਈ। ਮਨੁੱਖਤਾ ਦੇ ਨਾਤੇ ਜਦੋਂ ਕਾਰੋਬਾਰੀ ਉਸ ਮਹਿਲਾ ਵੱਲੋਂ ਦੱਸੇ ਪਤੇ (ਦੰਗਾ ਪੀੜਤ ਕਾਲੋਨੀ) ''ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਮਹਿਲਾ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਕਮਰੇ ਅੰਦਰ ਬਿਠਾ ਲਿਆ। ਕੁਝ ਹੀ ਮਿੰਟਾਂ ਬਾਅਦ ਕਮਰੇ ਵਿੱਚ ਇੱਕ ਹੋਰ ਮਹਿਲਾ ਅਤੇ ਇਕ ਵਿਅਕਤੀ ਦਾਖ਼ਲ ਹੋਏ, ਜਿਨ੍ਹਾਂ ਨੇ ਕਾਰੋਬਾਰੀ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਜਬਰਦਸਤੀ ਉਤਾਰ ਕੇ ਮਹਿਲਾ ਨਾਲ ਅਸ਼ਲੀਲ ਵੀਡੀਓ ਬਣਾ ਲਈ। ਗਿਰੋਹ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੀੜਤ ਤੋਂ 2 ਲੱਖ ਰੁਪਏ ਦੀ ਮੰਗ ਕੀਤੀ। ਡਰ ਦੇ ਮਾਰੇ ਪੀੜਤ ਨੇ ਮੌਕੇ ''ਤੇ ਕੁਝ ਨਕਦੀ ਦਿੱਤੀ ਅਤੇ ਆਪਣਾ ਮੋਬਾਈਲ ਫ਼ੋਨ ਤੇ ਸਕੂਟਰੀ ਵੀ ਉੱਥੇ ਹੀ ਛੱਡ ਕੇ ਜਾਨ ਬਚਾ ਕੇ ਭੱਜਿਆ।
ਮੁਲਜ਼ਮਾਂ ਨੇ ਪੀੜਤ ਦਾ ਪਿੱਛਾ ਨਹੀਂ ਛੱਡਿਆ ਅਤੇ ਲਗਾਤਾਰ ਪੈਸਿਆਂ ਲਈ ਦਬਾਅ ਬਣਾਉਂਦੇ ਰਹੇ। ਆਖ਼ਰਕਾਰ ਹਿੰਮਤ ਕਰਕੇ ਪੀੜਤ ਨੇ ਪੁਲਿਸ ਤਕ ਪਹੁੰਚ ਕੀਤੀ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ''ਤੇ ਬਬਲੀ, ਪਰਮਜੀਤ ਕੌਰ, ਜਸਵੀਰ ਸਿੰਘ, ਕਰਨ ਅਤੇ ਖੁਸ਼ਪ੍ਰੀਤ ਕੌਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 308(2) ਅਤੇ 351(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਇਨ ਦੇ ਐਸਐਚਓ ਰਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਅਤੇ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।