ਮਾਹਿਰਾਂ ਅਨੁਸਾਰ ਜੇਕਰ ਚਿੱਟੀ ਮੱਖੀ ਦਾ ਸਮੇਂ ਸਿਰ ਕੰਟਰੋਲ ਨਾ ਕੀਤਾ ਗਿਆ ਤਾਂ ਇਸਦਾ ਸਿੱਧਾ ਅਸਰ ਨਰਮੇ ਦੀ ਫ਼ਸਲ ’ਤੇ ਪੈ ਸਕਦਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਮਾਲਵਾ ਖੇਤਰ ਅੰਦਰ ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ’ਤੇ ਤੰਬਾਕੂ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਖ਼ਾਸ ਕਰਕੇ ਨਰਮਾ ਪੱਟੀ ਦੇ ਕਿਸਾਨ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਮੂੰਗੀ ’ਤੇ ਪੈਦਾ ਹੋ ਰਹੀ ਚਿੱਟੀ ਮੱਖੀ ਆਉਣ ਵਾਲੇ ਸਮੇਂ ’ਚ ਨਰਮੇ ਦੀ ਫ਼ਸਲ ਲਈ ਵੱਡਾ ਖਤਰਾ ਬਣ ਸਕਦੀ ਹੈ। ਪਿਛਲੇ ਸਾਲਾਂ ਦੌਰਾਨ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ ਨੂੰ ਯਾਦ ਕਰਦੇ ਹੋਏ ਕਿਸਾਨ ਇਸ ਵਾਰ ਪਹਿਲਾਂ ਹੀ ਸਾਵਧਾਨੀ ਵਰਤ ਰਹੇ ਹਨ।
ਚਿੱਟੀ ਮੱਖੀ ਨੇ ਸਾਲ 2015 ’ਚ ਪਹਿਲੀ ਵਾਰ ਹਮਲਾ ਕਰਕੇ ਨਰਮੇ ਦੀ ਫ਼ਸਲ ਨੂੰ ਬਿਲਕੁਲ ਨਸ਼ਟ ਕਰ ਦਿੱਤਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੂੰਗੀ ਦੀ ਫ਼ਸਲ ਉੱਪਰ ਨਿਯਮਿਤ ਤੌਰ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਰਹੇ ਹਨ ਪਰ ਇਸਦੇ ਬਾਵਜੂਦ ਕਈ ਖੇਤਾਂ ’ਚ ਤੰਬਾਕੂ ਸੁੰਡੀ ਅਤੇ ਚਿੱਟੀ ਮੱਖੀ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਮੁਤਾਬਕ ਤੰਬਾਕੂ ਸੁੰਡੀ ਪਹਿਲਾਂ ਪੱਤਿਆਂ ਨੂੰ ਖਾ ਕੇ ਉਨ੍ਹਾਂ ਨੂੰ ਛਾਣਨੀ ਵਰਗਾ ਕਰ ਦਿੰਦੀ ਹੈ ਅਤੇ ਬਾਅਦ ’ਚ ਪੂਰੀ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਸੇ ਤਰ੍ਹਾਂ ਚਿੱਟੀ ਮੱਖੀ ਪੌਦਿਆਂ ਦਾ ਰਸ ਚੂਸ ਕੇ ਫ਼ਸਲ ਨੂੰ ਕਮਜ਼ੋਰ ਕਰਦੀ ਹੈ ਅਤੇ ਹੋਰ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਮਾਲਵਾ ਖੇਤਰ ’ਚ ਮੂੰਗੀ ਅਤੇ ਸਬਜ਼ੀਆਂ ਵਾਲੀਆਂ ਫ਼ਸਲਾਂ ਚਿੱਟੀ ਮੱਖੀ ਦੇ ਵਾਧੇ ਲਈ ਅਨੁਕੂਲ ਮੰਨੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਪਹਿਲਾਂ ਵੀ ਖੇਤੀ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮਾ ਪੱਟੀ ’ਚ ਮੂੰਗੀ ਦੀ ਕਾਸ਼ਤ ਘੱਟ ਕਰਨ ਦੀ ਸਲਾਹ ਦਿੱਤੀ ਗਈ ਸੀ।
ਮਾਹਿਰਾਂ ਅਨੁਸਾਰ ਜੇਕਰ ਚਿੱਟੀ ਮੱਖੀ ਦਾ ਸਮੇਂ ਸਿਰ ਕੰਟਰੋਲ ਨਾ ਕੀਤਾ ਗਿਆ ਤਾਂ ਇਸਦਾ ਸਿੱਧਾ ਅਸਰ ਨਰਮੇ ਦੀ ਫ਼ਸਲ ’ਤੇ ਪੈ ਸਕਦਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਗਰਮੀ ਰੁੱਤ ’ਚ ਮੂੰਗੀ ਦੀ ਫ਼ਸਲ ਦੇ ਕੁਝ ਖੇਤਾਂ ’ਚ ਤੰਬਾਕੂ ਸੁੰਡੀ ਦਾ ਹਮਲਾ ਦੇਖਣ ’ਚ ਆਇਆ ਹੈ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ, ਜਦਕਿ ਵੱਡੀਆਂ ਸੁੰਡੀਆਂ ਦਾ ਰੰਗ ਗੂੜ੍ਹਾ ਹਰਾ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਰੀਰ ’ਤੇ ਕਾਲੇ ਰੰਗ ਦੇ ਤਿਕੋਣੇ ਧੱਬੇ ਪਾਏ ਜਾਂਦੇ ਹਨ। ਇਸ ਕੀੜੇ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ’ਚ ਅੰਡੇ ਦਿੰਦੇ ਹਨ, ਜੋ ਭੂਰੇ ਰੰਗ ਦੇ ਵਾਲਾਂ ਨਾਲ ਢਕੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੰਡਿਆਂ ’ਚੋਂ ਨਿਕਲਣ ਤੋਂ ਬਾਅਦ ਛੋਟੀਆਂ ਸੁੰਡੀਆਂ ਝੁੰਡਾਂ ’ਚ ਪੱਤਿਆਂ ਦਾ ਹਰਾ ਮਾਦਾ ਖਾ ਕੇ ਪੱਤਿਆਂ ਨੂੰ ਛਾਣਨੀ ਵਰਗਾ ਕਰ ਦਿੰਦੀਆਂ ਹਨ। ਬਾਅਦ ’ਚ ਵੱਡੀਆਂ ਸੁੰਡੀਆਂ ਖੇਤ ’ਚ ਖਿੱਲਰ ਕੇ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਾਉਂਦੀਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਫ਼ਸਲਾਂ ਦਾ ਨਿਯਮਿਤ ਸਰਵੇਖਣ ਕਰਦੇ ਰਹਿਣ। ਜੇਕਰ ਤੰਬਾਕੂ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਅੰਡਿਆਂ ਅਤੇ ਛੋਟੀਆਂ ਸੁੰਡੀਆਂ ਵਾਲੇ ਪੱਤਿਆਂ ਨੂੰ ਤੁਰੰਤ ਤੋੜ ਕੇ ਨਸ਼ਟ ਕੀਤਾ ਜਾਵੇ ਤਾਂ ਜੋ ਇਸ ਕੀੜੇ ਦੇ ਫੈਲਾਅ ਨੂੰ ਸਮੇਂ-ਸਿਰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੂੰਗੀ ਦੀ ਫ਼ਸਲ ’ਚ ਚਿੱਟੀ ਮੱਖੀ ਦਾ ਹਮਲਾ ਵੀ ਸੰਭਾਵਿਤ ਹੈ। ਇਸ ਦੀ ਰੋਕਥਾਮ ਲਈ ਖੇਤਾਂ ’ਚ ਯੈਲੋ ਸਟਿੱਕੀ ਟਰੈਪ ਲਗਾਏ ਜਾਣ ਅਤੇ ਲੋੜ ਪੈਣ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਬਠਿੰਡਾ ’ਚ ਸਾਉਣੀ ਦੌਰਾਨ ਨਰਮਾ ਮੁੱਖ ਫ਼ਸਲ ਹੋਣ ਕਾਰਨ ਕਿਸਾਨ ਸਮਰ ਮੂੰਗੀ ਦੀ ਕਾਸ਼ਤ ਤੋਂ ਸੰਭਵ ਹੋ ਸਕੇ ਤਾਂ ਗੁਰੇਜ਼ ਕਰਨ ਤਾਂ ਜੋ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਸੰਭਾਵਿਤ ਹਮਲੇ ਤੋਂ ਬਚਾਇਆ ਜਾ ਸਕੇ।