ਸਕੂਲਾਂ ਦੀ ਮਾੜੀ ਹਾਲਤ, ਅਧਿਆਪਕਾਂ ਦੀ ਲਾਪਰਵਾਹੀ ਅਤੇ ਵਿਦਿਆਰਥੀਆਂ ਦੀ ਗੈਰਹਾਜ਼ਰੀ ਦੀਆਂ ਖ਼ਬਰਾਂ ਤੁਸੀਂ ਜ਼ਰੂਰ ਦੇਖੀਆਂ ਤੇ ਪੜ੍ਹੀਆਂ ਹੋਣਗੀਆਂ। ਪਰ ਇਹ ਕਹਾਣੀ ਬਿਲਕੁਲ ਵੱਖਰੀ ਹੈ। ਇਹ ਉਨ੍ਹਾਂ ਸਾਰਿਆਂ ਲਈ ਇੱਕ ਮਿਸਾਲ ਹੈ ਜਿਨ੍ਹਾਂ ਕੋਲ ਸਕੂਲ ਨਾ ਜਾਣ ਅਤੇ ਪੜ੍ਹਾਈ ਵਿਚ ਧਿਆਨ ਨਾ ਦੇਣ ਦੇ ਲੱਖਾਂ ਬਹਾਨੇ ਹਨ। ਇਹ ਇਕ ਅਜਿਹੇ ਸਕੂਲ ਦੀ ਕਹਾਣੀ ਹੈ ਜਿੱਥੇ ਸਿਰਫ਼ ਇਕ ਵਿਦਿਆਰਥੀ ਅਤੇ ਇਕ ਹੀ ਅਧਿਆਪਕ ਹੈ।

ਗੁਰਤੇਜ ਸਿੰਘ ਸਿੱਧੂ, ਬਠਿੰਡਾ: ਸਕੂਲਾਂ ਦੀ ਮਾੜੀ ਹਾਲਤ, ਅਧਿਆਪਕਾਂ ਦੀ ਲਾਪਰਵਾਹੀ ਅਤੇ ਵਿਦਿਆਰਥੀਆਂ ਦੀ ਗੈਰਹਾਜ਼ਰੀ ਦੀਆਂ ਖ਼ਬਰਾਂ ਤੁਸੀਂ ਜ਼ਰੂਰ ਦੇਖੀਆਂ ਤੇ ਪੜ੍ਹੀਆਂ ਹੋਣਗੀਆਂ। ਪਰ ਇਹ ਕਹਾਣੀ ਬਿਲਕੁਲ ਵੱਖਰੀ ਹੈ। ਇਹ ਉਨ੍ਹਾਂ ਸਾਰਿਆਂ ਲਈ ਇੱਕ ਮਿਸਾਲ ਹੈ ਜਿਨ੍ਹਾਂ ਕੋਲ ਸਕੂਲ ਨਾ ਜਾਣ ਅਤੇ ਪੜ੍ਹਾਈ ਵਿਚ ਧਿਆਨ ਨਾ ਦੇਣ ਦੇ ਲੱਖਾਂ ਬਹਾਨੇ ਹਨ। ਇਹ ਇਕ ਅਜਿਹੇ ਸਕੂਲ ਦੀ ਕਹਾਣੀ ਹੈ ਜਿੱਥੇ ਸਿਰਫ਼ ਇਕ ਵਿਦਿਆਰਥੀ ਅਤੇ ਇਕ ਹੀ ਅਧਿਆਪਕ ਹੈ। ਬਠਿੰਡਾ ਜ਼ਿਲ੍ਹੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਬੁੱਧ ਸਿੰਘ। ਨੂੰ ਲੋਕ ਵਿਲੱਖਣ ਸਕੂਲ ਵੀ ਕਹਿ ਰਹੇ ਹਨ ਕਿਉਂਕਿ ਇਸ ਵਿਚ ਸਿਰਫ਼ ਇਕ ਵਿਦਿਆਰਥੀ ਪੜ੍ਹਦਾ ਹੈ।

ਇਸ ਸਕੂਲ ਵਿਚ ਭਿੰਦਰ ਸਿੰਘ ਨਾਂ ਦਾ ਸਿਰਫ਼ ਇਕ ਵਿਦਿਆਰਥੀ ਪੜ੍ਹਦਾ ਹੈ। ਇਸ ਵਿਦਿਆਰਥੀ ਨੂੰ ਪੜ੍ਹਾਉਣ ਲਈ ਅਧਿਆਪਕਾ ਸਰਬਜੀਤ ਕੌਰ 10 ਕਿਲੋਮੀਟਰ ਦੂਰ ਤੋਂ ਸਕੂਲ ਆਉਂਦੀ ਹੈ। ਸਰਕਾਰ ਵੱਲੋਂ ਭਿੰਦਰ ਸਿੰਘ ਨੂੰ ਸਕੂਲ ਵਿਚ ਮਿਡ-ਡੇ-ਮੀਲ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀ ਭਿੰਦਰ ਅਨੁਸਾਰ ਪਹਿਲਾਂ ਸਕੂਲ ਵਿਚ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਸਨ ਪਰ ਹੁਣ ਸਿਰਫ਼ ਇਕ ਹੀ ਵਿਦਿਆਰਥੀ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਇਸ ਸਕੂਲ ਵਿਚ ਪੜ੍ਹ ਰਿਹਾ ਹੈ। ਸਕੂਲ ਵਿਚ ਬੱਚੇ ਨੂੰ ਪੜ੍ਹਾਉਣ ਲਈ ਇਕ ਅਧਿਆਪਕ ਹਰ ਰੋਜ਼ 10 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਕੇ ਸਕੂਲ ਵਿਚ ਆਉਂਦਾ ਹੈ। ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਬੁੱਧ ਸਿੰਘ ਵਿਚ ਇਹ ਉਸ ਦੀ ਪਹਿਲੀ ਤਾਇਨਾਤੀ ਹੈ। ਜਦੋਂ ਉਹ ਪਹਿਲੇ ਦਿਨ ਸਕੂਲ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਪੂਰੇ ਸਕੂਲ ਵਿਚ ਇਕ ਹੀ ਵਿਦਿਆਰਥੀ ਸੀ। ਪਹਿਲਾਂ ਤਾਂ ਇਹ ਕਾਫੀ ਅਜੀਬ ਲੱਗਦਾ ਸੀ ਪਰ ਹੁਣ ਇਹ ਆਦਤ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਬੁੱਧ ਸਿੰਘ ਵਿਚ ਇਕ ਹੀ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਬੱਚੇ ਦਾ ਨਾਂ ਭਿੰਦਰ ਸਿੰਘ ਹੈ। ਭਿੰਦਰ ਤੋਂ ਇਲਾਵਾ ਕਿਸੇ ਹੋਰ ਬੱਚੇ ਨੇ ਸਕੂਲ ਵਿਚ ਦਾਖ਼ਲਾ ਨਹੀਂ ਲਿਆ ਪਰ ਇਸ ਕਾਰਨ ਭਿੰਦਰ ਦੀ ਪੜ੍ਹਾਈ ਨਹੀਂ ਰੁਕੀ। ਦਰਅਸਲ, ਸਿੱਖਿਆ ਵਿਭਾਗ ਵੱਲੋਂ ਇਕ ਵਿਦਿਆਰਥੀ ਲਈ ਇਕ ਅਧਿਆਪਕ ਤਾਇਨਾਤ ਕੀਤਾ ਹੈ। ਅਧਿਆਪਕਾ ਸਰਬਜੀਤ ਕੌਰ ਨੇ ਕਿਹਾ ਕਿ ਜਿਸ ਦਿਨ ਕੋਈ ਵਿਦਿਆਰਥੀ ਸਕੂਲ ਨਹੀਂ ਆਉਂਦਾ, ਉਸ ਦਿਨ ਸਾਰਾ ਦਿਨ ਸਕੂਲ ਵਿਚ ਬੈਠਣਾ ਮੁਸ਼ਕਲ ਹੋ ਜਾਂਦਾ ਹੈ।
ਪ੍ਰਾਈਵੇਟ ਸਕੂਲਾਂ ’ਚ ਪੜ੍ਹ ਰਹੇ ਨੇ ਬੱਚੇ
ਸਕੂਲ ਵਿੱਚ ਇੱਕ ਹੀ ਬੱਚਾ ਹੋਣ ਦਾ ਕਾਰਨ ਦੱਸਦਿਆਂ ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਪਿੰਡ ਕੋਠੇ ਬੁੱਧ ਸਿੰਘ ਵਿਚ ਘਰ ਘੱਟ ਹਨ। ਪਿੰਡ ਦੀ ਆਬਾਦੀ 425 ਦੇ ਕਰੀਬ ਹੈ। ਇਹ ਸਕੂਲ ਪ੍ਰਾਇਮਰੀ ਪੱਧਰ ਤਕ ਹੈ। ਪੰਜਵੀਂ ਜਮਾਤ ਵਿਚ ਸਿਰਫ਼ ਇਕ ਵਿਦਿਆਰਥੀ ਪੜ੍ਹਦਾ ਹੈ ਜਦੋਂਕਿ ਕਿਸੇ ਹੋਰ ਜਮਾਤ ਵਿਚ ਕੋਈ ਵਿਦਿਆਰਥੀ ਨਹੀਂ ਹੈ। ਪਿੰਡ ਵਿਚ ਜ਼ਿਆਦਾਤਰ ਘਰ ਜਨਰਲ ਵਰਗ ਦੇ ਲੋਕਾਂ ਦੇ ਹਨ ਅਤੇ ਉਹ ਸਾਰੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ, ਸਕੂਲ ਪ੍ਰਬੰਧਕ ਕਮੇਟੀ ਨੇ ਵੀ ਕਾਫੀ ਯਤਨ ਕੀਤੇ ਪਰ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਲਈ ਤਿਆਰ ਨਹੀਂ ਹਨ।
ਦੂਜੇ ਪਿੰਡਾਂ ਤੋਂ ਵੀ ਵਿਦਿਆਰਥੀ ਲਿਆਉਣ ਦੀ ਕੋਸ਼ਿਸ਼ ਕੀਤੀ : ਸਰਪੰਚ
ਸਰਪੰਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਨੇੜਲੇ ਪਿੰਡ ਦਾਨ ਸਿੰਘ ਵਾਲਾ ਦਾ ਇਕ ਵਿਅਕਤੀ ਇਸ ਸਕੂਲ ਦੀ ਸਫ਼ਾਈ ਕਰਨ ਆਉਂਦਾ ਹੈ। ਟੀਚਰ ’ਤੇ ਅਸੀਂ ਮਿਲ ਕੇ ਉਸ ਨੂੰ ਰਿਕਸ਼ਾ ਲੈ ਕੇ ਦਿੱਤਾ। ਪਿੰਡ ਦਾਨ ਸਿੰਘ ਵਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਵਿਚ ਪੜ੍ਹਾਈ ਲਈ ਭੇਜਣ, ਉਨ੍ਹਾਂ ਤੋਂ ਰਿਕਸ਼ੇ ਦਾ ਕਿਰਾਇਆ ਨਹੀਂ ਲਿਆ ਜਾਵੇਗਾ। ਪਹਿਲਾਂ 5-7 ਵਿਦਿਆਰਥੀ ਉਥੋਂ ਪੜ੍ਹਣ ਲਈ ਸਾਡੇ ਪਿੰਡ ਆਉਂਦੇ ਸਨ ਪਰ ਹੁਣ ਉਹ ਵੀ ਆਉਣੋਂ ਹਟ ਗਏ ਹਨ। ਹੁਣ ਸਕੂਲ ਵਿਚ ਸਿਰਫ਼ ਇਕ ਵਿਦਿਆਰਥੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਕੁੱਲ 320 ਵੋਟਾਂ ਹਨ ਅਤੇ ਆਬਾਦੀ 425 ਦੇ ਕਰੀਬ ਹੈ।
ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਨਗੇ : ਉਪ ਜ਼ਿਲ੍ਹਾ ਸਿੱਖਿਆ ਅਫ਼ਸਰ
ਦੱਸਿਆ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਭਾਵੇਂ ਇਕ ਹੀ ਵਿਦਿਆਰਥੀ ਹੋਵੇ, ਉਸ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਕਾਰਨ ਵਿਭਾਗ ਨੇ ਇਕ ਵਿਦਿਆਰਥੀ ਲਈ ਇਕ ਅਧਿਆਪਕ ਤਾਇਨਾਤ ਕੀਤਾ ਹੈ। ਅਸੀਂ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਮਹਿੰਦਰਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ।