Dog's Feeding Point ਉਹ ਤੈਅਸ਼ੁਦਾ ਥਾਵਾਂ ਹੁੰਦੀਆਂ ਹਨ ਜਿੱਥੇ ਆਵਾਰਾ ਕੁੱਤਿਆਂ ਨੂੰ ਖੁਰਾਕ ਦੇਣ ਦੀ ਇਜਾਜ਼ਤ ਹੁੰਦੀ ਹੈ। ਇਨ੍ਹਾਂ ਦਾ ਮਕਸਦ ਲੋਕਾਂ ਅਤੇ ਪਸ਼ੂਆਂ ਦੋਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਨਿਗਮ ਦਾ ਮੰਨਣਾ ਹੈ ਕਿ ਜਦੋਂ ਕੁੱਤਿਆਂ ਨੂੰ ਇਕ ਨਿਯਤ ਥਾਂ ’ਤੇ ਨਿਯਮਿਤ ਖੁਰਾਕ ਮਿਲੇਗੀ ਤਾਂ ਉਹ ਸੜਕਾਂ ’ਤੇ ਝੁੰਡ ਬਣਾਕੇ ਨਹੀਂ ਫਿਰਣਗੇ, ਜਿਸ ਨਾਲ ਟ੍ਰੈਫਿਕ ਵਿੱਚ ਰੁਕਾਵਟ ਅਤੇ ਬੱਚਿਆਂ ਜਾਂ ਬਜ਼ੁਰਗਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਘਟਣ ਦੀ ਸੰਭਾਵਨਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ: ਸ਼ਹਿਰ 'ਚ ਆਵਾਰਾ ਕੁੱਤਿਆਂ ਦੇ ਵਧਦੇ ਖੌਫ਼ ਅਤੇ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਨਗਰ ਨਿਗਮ ਨੇ ਠੋਸ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਸੁਪਰੀਮ ਕੋਰਟ ਆਫ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ ਹੁਣ ਬਠਿੰਡਾ 'ਚ ਆਵਾਰਾ ਕੁੱਤਿਆਂ ਲਈ ਨਿਯਤ ‘ਡੌਗ ਫੀਡਿੰਗ ਪੁਆਇੰਟ’ ਬਣਾਏ ਜਾਣਗੇ। ਇਸ ਸਬੰਧੀ ਨਿਗਮ ਕਮਿਸ਼ਨਰ ਵੱਲੋਂ ਸੈਨੀਟੇਸ਼ਨ ਬ੍ਰਾਂਚ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹਰ ਵਾਰਡ ਵਿੱਚ ਉਚਿਤ ਥਾਵਾਂ ਦੀ ਪਛਾਣ ਕਰਕੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਜਾਵੇ।
ਨਗਰ ਨਿਗਮ ਦਾ ਮੰਨਣਾ ਹੈ ਕਿ ‘ਡੌਗ ਫੀਡਿੰਗ ਪੁਆਇੰਟ’ ਬਣਨ ਨਾਲ ਸੜਕਾਂ ’ਤੇ ਕੁੱਤਿਆਂ ਦੇ ਝੁੰਡਾਂ ਦੀ ਭੀੜ ਘਟੇਗੀ। ਇਸ ਨਾਲ ਲੋਕਾਂ ਵਿੱਚ ਡਰ ਦੀ ਭਾਵਨਾ ਘਟੇਗੀ ਅਤੇ ਡੌਗ ਬਾਈਟ ਦੀਆਂ ਘਟਨਾਵਾਂ ਵਿੱਚ ਵੀ ਕਮੀ ਆਵੇਗੀ। ਨਾਲ ਹੀ ਆਵਾਰਾ ਕੁੱਤਿਆਂ ਨੂੰ ਇੱਧਰ-ਉੱਧਰ ਖਾਣ ਦੀ ਭਾਲ ਵਿੱਚ ਭਟਕਣ ਦੀ ਲੋੜ ਨਹੀਂ ਰਹੇਗੀ।
ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਸ਼ਹਿਰੀ ਨਿਕਾਇਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਖੇਤਰਾਂ 'ਚ ਆਵਾਰਾ ਕੁੱਤਿਆਂ ਲਈ ਤੈਅਸ਼ੁਦਾ ਫੀਡਿੰਗ ਜ਼ੋਨ ਬਣਾਉਣ ਤਾਂ ਜੋ ਜਨਤਕ ਸੁਰੱਖਿਆ ਅਤੇ ਪਸ਼ੂ ਕਲਿਆਣ ਵਿਚਕਾਰ ਸੰਤੁਲਨ ਬਣਾਇਆ ਜਾ ਸਕੇ। ਹਦਾਇਤਾਂ ਅਨੁਸਾਰ ਇਹ ਪੁਆਇੰਟ ਅਜਿਹੀਆਂ ਥਾਵਾਂ ’ਤੇ ਬਣਾਏ ਜਾਣ ਜੋ ਭੀੜ-ਭਾੜ ਤੋਂ ਦੂਰ ਹੋਣ ਅਤੇ ਜਿੱਥੇ ਸਫ਼ਾਈ ਬਣਾਈ ਰੱਖਣਾ ਆਸਾਨ ਹੋਵੇ। ਖ਼ਾਸ ਕਰਕੇ ਸਕੂਲਾਂ, ਹਸਪਤਾਲਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਦੂਰੀ ਬਣਾਈ ਰੱਖਣਾ ਲਾਜ਼ਮੀ ਹੋਵੇਗਾ।
ਨਿਗਮ ਦੇ ਚੀਫ਼ ਸੈਨੀਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਫ਼ੀਲਡ ਅਧਿਕਾਰੀਆਂ ਨੂੰ ਆਪਣੇ-ਆਪਣੇ ਵਾਰਡਾਂ ਵਿੱਚ ਵਿਸਥਾਰ ਪੂਰਵਕ ਨਿਰੀਖਣ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਚੁਣੀਆਂ ਜਾਣ ਵਾਲੀਆਂ ਥਾਵਾਂ ਸੁਰੱਖਿਅਤ ਹੋਣ ਅਤੇ ਉਥੇ ਸਥਾਨਕ ਨਿਵਾਸੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ। ਵਾਰਡ-ਵਾਰ ਪਹਿਚਾਣ ਕੀਤੀਆਂ ਥਾਵਾਂ ਦੀ ਸੂਚੀ ਜਲਦੀ ਤਿਆਰ ਕਰਕੇ ਇਕੱਠੀ ਰਿਪੋਰਟ ਨਗਰ ਨਿਗਮ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ। ਇਸ ਦੇ ਆਧਾਰ ’ਤੇ ਅਗਲੀ ਕਾਰਵਾਈ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਕੁੱਤਿਆਂ ਦੇ ਕਾਬੂ ਪਾਉਣ ਲਈ ਸਖਤ ਕਦਮ ਉਠਾਏ ਜਾਣਗੇ।
ਆਵਾਰਾ ਕੁੱਤਿਆਂ ਨਾਲ ਸਬੰਧਤ ਸ਼ਿਕਾਇਤਾਂ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਨਗਰ ਨਿਗਮ ਵੱਲੋਂ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ ਸ਼ੁਰੂ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਇਹ ਨੰਬਰ ਜਲਦ ਜਾਰੀ ਕੀਤਾ ਜਾਵੇਗਾ ਅਤੇ ਇਸਦਾ ਪ੍ਰਚਾਰ ਸ਼ਹਿਰ ਭਰ ਵਿੱਚ ਪੋਸਟਰਾਂ, ਬੈਨਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਲੋਕ ਆਪਣੀਆਂ ਸ਼ਿਕਾਇਤਾਂ ਆਸਾਨੀ ਨਾਲ ਦਰਜ ਕਰਵਾ ਸਕਣਗੇ ਅਤੇ ਨਿਗਮ ਤਕ ਸਹੀ ਜਾਣਕਾਰੀ ਸਮੇਂ ਸਿਰ ਪਹੁੰਚੇਗੀ। ਇਸ ਨਾਲ ਅਵਾਰਾ ਕੁੱਤਿਆਂ ’ਤੇ ਰੋਕ ਲੱਗਣ ’ਚ ਸਹਾਇਤਾ ਮਿਲੇਗੀ।
‘ਡੌਗ ਫੀਡਿੰਗ ਪੁਆਇੰਟ’ ਉਹ ਤੈਅਸ਼ੁਦਾ ਥਾਵਾਂ ਹੁੰਦੀਆਂ ਹਨ ਜਿੱਥੇ ਆਵਾਰਾ ਕੁੱਤਿਆਂ ਨੂੰ ਖੁਰਾਕ ਦੇਣ ਦੀ ਆਗਿਆ ਹੁੰਦੀ ਹੈ। ਇਨ੍ਹਾਂ ਦਾ ਮਕਸਦ ਲੋਕਾਂ ਅਤੇ ਪਸ਼ੂਆਂ ਦੋਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਨਿਗਮ ਦਾ ਮੰਨਣਾ ਹੈ ਕਿ ਜਦੋਂ ਕੁੱਤਿਆਂ ਨੂੰ ਇਕ ਨਿਯਤ ਥਾਂ ’ਤੇ ਨਿਯਮਿਤ ਖੁਰਾਕ ਮਿਲੇਗੀ ਤਾਂ ਉਹ ਸੜਕਾਂ ’ਤੇ ਝੁੰਡ ਬਣਾਕੇ ਨਹੀਂ ਫਿਰਣਗੇ, ਜਿਸ ਨਾਲ ਟ੍ਰੈਫਿਕ ਵਿੱਚ ਰੁਕਾਵਟ ਅਤੇ ਬੱਚਿਆਂ ਜਾਂ ਬਜ਼ੁਰਗਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਘਟਣ ਦੀ ਸੰਭਾਵਨਾ ਹੈ। ਸ਼ਹਿਰ ਵਾਸੀਆਂ ਨੇ ਨਿਗਮ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਲੰਮੇ ਸਮੇਂ ਤੋਂ ਲੋਕ ਆਵਾਰਾ ਕੁੱਤਿਆਂ ਦੇ ਖੌਫ਼ ਕਾਰਨ ਪਰੇਸ਼ਾਨ ਸਨ। ਹੁਣ ਨਿਗਰਾਨੀ ਅਤੇ ਨਿਯਤ ਫੀਡਿੰਗ ਜੋਨ ਬਣਨ ਨਾਲ ਹਾਲਾਤ ਵਿੱਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ।