ਠੂਠਿਆਂਵਾਲੀ ਪਿੰਡ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ
ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ
Publish Date: Fri, 05 Dec 2025 07:29 PM (IST)
Updated Date: Sat, 06 Dec 2025 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਦੋ ਘੰਟੇ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਪਰ ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਦਾ ਰੇਲ ਰੋਕੋ ਧਰਨਾ ਸਫ਼ਲ ਨਹੀਂ ਹੋ ਸਕਿਆ। ਪੁਲਿਸ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ’ਚ ਕਿਸਾਨਾਂ ਨੂੰ ਰੋਕ ਲਿਆ। ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕੇ ਜਾਣ ’ਤੇ ਧੱਕਾ ਮੁੱਕੀ ਵੀ ਹੋਈ। ਭਾਰਤੀ ਕਿਸਾਨ ਯੂਨੀਅਨ ਆਜ਼ਾਦ ਜਗਦੇਵ ਸਿੰਘ ਭੈਣੀ ਬਾਘਾ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਲਜੀਤ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਭਰ ਵਿੱਚ ਕਿਸਾਨੀ ਮੰਗਾਂ ਬਿਜਲੀ ਸੋਧ ਬਿੱਲ, ਪਰਾਲੀ ਦੇ ਕਿਸਾਨਾਂ ’ਤੇ ਪਾਏ ਗਏ ਪਰਚੇ ਰੱਦ ਕਰਨ, ਮਨਰੇਗਾ ਵਿੱਚ ਕਿਸਾਨਾਂ ਨੂੰ ਸ਼ਾਮਲ ਕਰਨ ਤੇ ਦਿੱਲੀ ਅੰਦੋਲਨ ਸਮੇਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ 12 ਤੋਂ ਤਿੰਨ ਵਜੇ ਤੱਕ ਦੋ ਘੰਟੇ ਲਈ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਭਾਰੀ ਪੁਲਿਸ ਫ਼ੋਰਸ ਵੱਲੋਂ ਰੋਕ ਲਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਕਿਸਾਨੀ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਪੰਜਾਬ ਭਰ ਵਿੱਚ ਅੱਜ ਦੋ ਘੰਟਿਆਂ ਲਈ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ, ਪਰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਵੇਰ ਤੋਂ ਹੀ ਘਰਾਂ ਵਿੱਚੋਂ ਗ੍ਰਿਫ਼ਤਾਰ ਕਰਨਾ ਤੇ ਕਿਸਾਨਾਂ ਨੂੰ ਰੇਲਵੇ ਟਰੈਕ ਤੱਕ ਪ੍ਰਦਰਸ਼ਨ ਕਰਨ ਲਈ ਨਾ ਜਾਣ ਦੇਣਾ ਦੋਨੋਂ ਸਰਕਾਰਾਂ ਦੀ ਕਿਸਾਨ ਵਿਰੋਧੀ ਚਾਲ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਪਰ ਅੱਜ ਕਿਸਾਨਾਂ ਨੂੰ ਰੇਲਵੇ ਟਰੈਕ ਤੱਕ ਪੁਲਿਸ ਵੱਲੋਂ ਨਹੀਂ ਜਾਣ ਦਿੱਤਾ ਗਿਆ। ਉਹ 3 ਵਜੇ ਤੱਕ ਰੋਸ ਮੁਜ਼ਾਹਰਾ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਮੰਗਾਂ ਸਬੰਧੀ ਪ੍ਰਦਰਸ਼ਨ ਜਾਰੀ ਰੱਖਣਗੇ। ਇਸ ਸਮੇਂ ਰੂਪ ਸਿੰਘ ਭੈਣੀ ਵਾਘਾ, ਗੁਰਮੁਖ ਸਿੰਘ ਸੱਦਾ ਸਿੰਘ ਵਾਲਾ, ਜਰਨੈਲ ਸਿੰਘ ਕਿਸਨਗੜ, ਨੀਲਾ ਸਿੰਘ ਭੈਣੀ ਬਾਘਾ ਆਦਿ ਕਿਸਾਨ ਆਗੂ ਹਾਜ਼ਰ ਸਨ।