ਪੰਜਾਬ ਰੋਡਵੇਜ ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਅਤੇ ਤਨਖ਼ਾਹ ਜਾਰੀ ਨਾ ਕਰਨ ਦੇ ਵਿਰੋਧ ’ਚ ਵਰਕਰਾਂ ਨੇ ਬੱਸਾਂ ਦੀ ਅਣਮਿਥੇ ਸਮੇਂ ਹੜਤਾਲ ਕਰਕੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਰੋਡਵੇਜ ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਅਤੇ ਤਨਖ਼ਾਹ ਜਾਰੀ ਨਾ ਕਰਨ ਦੇ ਵਿਰੋਧ ’ਚ ਵਰਕਰਾਂ ਨੇ ਬੱਸਾਂ ਦੀ ਅਣਮਿਥੇ ਸਮੇਂ ਹੜਤਾਲ ਕਰਕੇ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਰਕਰਾਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਕਿੱਲੋਮੀਟਰ ਸਕੀਮ ਬੰਦ ਅਤੇ ਉਨ੍ਹਾਂ ਦੀ ਤਨਖ਼ਾਹ ਜਾਰੀ ਨਹੀਂ ਕੀਤੀ ਜਾਂਦੀ ਉਨ੍ਹਾਂ ਸਮਾਂ ਹੜ੍ਹਤਾਲ ਇਸੇ ਤਰ੍ਹਾਂ ਜਾਰੀ ਰਹੇਗੀ।ਵਰਕਰਾਂ ਦੀ ਹੜ੍ਹਤਾਲ ਕਾਰਨ ਜਿੱਥੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਸਵਾਰੀਆਂ ਮਿਲਣ ਕਾਰਨ ਨਿੱਜੀ ਬੱਸ ਮਾਲਕਾਂ ਨੂੰ ਬਹੁਤ ਫਾਇਦਾ ਹੋਇਆ। ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਜ਼ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਕਹੀ ਜਾਣ ਵਾਲੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਾਰਪੋਰੇਟ ਘਰਾਣਿਆ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਅਦਾਰੇ ਨੂੰ ਨਿਜੀਕਰਨ ਵੱਲ ਲੈ ਕੇ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਦੂਸਰਾ ਮਹੀਨਾ ਵੀ ਖ਼ਤਮ ਹੋਣ ਵਾਲਾ ਹੋ ਗਿਆ ਪ੍ਰੰਤੂ ਸਰਕਾਰ ਨੇ ਹਾਲੇ ਤਕ ਵਰਕਰਾਂ ਦੀ ਤਨਖ਼ਾਹ ਹਾਲੇ ਤਕ ਖ਼ਾਤਿਆਂ ’ਚ ਨਹੀਂ ਪਾਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਹੁਕਮਾਂ ਦੀ ਉਡੀਕ ਕਰਦਿਆਂ 12 ਵਜੇ ਤਕ ਬੱਸਾਂ ਨੂੰ ਰੂਟਾਂ ਤੇ ਭੇਜਿਆ ਗਿਆ ਸੀ ਪ੍ਰੰਤੂ ਸਰਕਾਰ ਨੇ ਫਿਰ ਵੀ ਵਰਕਰਾਂ ਦੀ ਤਨਖ਼ਾਹ ਜਾਰੀ ਨਹੀਂ ਕੀਤੀ ਗਈ, ਫਿਰ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਹੜ੍ਹਤਾਲ ਕਰਨੀ ਪਈ।ਉਨ੍ਹਾਂ ਦੱਸਿਆ ਕਿ ਸਰਕਾਰ ਲੋਕ ਹਿਤੈਸ਼ੀ ਨਹੀਂ ਹੈ ਜੇਕਰ ਹੁੰਦੀ ਤਾਂ ਵਰਕਰਾਂ ਨੂੰ ਹੜ੍ਹਤਾਲ ਨਾਂ ਕਰਵਾ ਕੇ ਯਾਤਰੀਆਂ ਨੂੰ ਪ੍ਰੇਸ਼ਾਨੀ ’ਚ ਨਾ ਪਾਇਆ ਜਾਂਦਾ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਹੜ੍ਹਤਾਲ ਕਰਕੇ ਹੀ ਸਰਕਾਰ ਤੋਂ ਤਨਖ਼ਾਹ ਲਈ ਜਾਂਦੀ ਹੈ, ਹੜ੍ਹਤਾਲ ਕਰਨਾ ਉਨ੍ਹਾਂ ਦਾ ਸ਼ੌਂਕ ਨਹੀਂ ਬਲਕਿ ਮਜ਼ਬੂਰੀ ਹੈ।ਉਨ੍ਹਾਂ ਸਰਕਾਰ ਤੇ ਵੱਡਾ ਸੁਆਲ ਖੜ੍ਹਾ ਕਰਦਿਆਂ ਕਿ ਇੱਕ ਪਾਸੇ ਸਰਕਾਰ ਵੱਡੇ-ਵੱਡੇ ਬੈਨਰ ਲਗਾ ਕੇ ਆਪਣਾ ਪ੍ਰਚਾਰ ਕਰ ਰਹੀ ਹੈ ਇਸ ਦੀ ਜ਼ਮੀਨੀ ਅਸਲੀਅਤ ਕੁੱਝ ਹੋਰ ਹੈ। ਉਨ੍ਹਾਂ ਦੱਸਿਆ ਕਿ ਜੋ ਉਨ੍ਹਾਂ ਦੀਆਂ ਬੱਸਾਂ 'ਚ ਸਫਰ ਕਰਦੇ ਉਨ੍ਹਾਂ ਦੇ ਧੀ-ਪੁੱਤ ਹਨ, ਉਹ ਉਨ੍ਹਾਂ ਨੂੰ ਖੱਜਲ-ਖੁਆਰ ਨਹੀਂ ਕਰਨਾ ਚਾਹੁੰਦੇ ਪ੍ਰੰਤੂ ਉਨ੍ਹਾਂ ਨੂੰ ਆਪਣਾ ਅਦਾਰਾ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਜੇਕਰ ਅੱਜ ਉਹ ਨਾਂ ਬੋਲੇ ਤਾਂ ਇੱਥੇ ਕਾਰਪੋਰੇਟ ਘਰਾਣਿਆਂ ਦੀਆਂ ਹੀ ਬੱਸਾਂ ਚੱਲਣਗੀਆਂ, ਜਿਵੇਂ ਪਹਿਲਾਂ ਸਰਕਾਰੀ ਅਦਾਰਿਆ ਦਾ ਨਿੱਜੀਕਰਨ ਹੋ ਗਿਆ ਉਸੇ ਤਰ੍ਹਾਂ ਇਸ ਅਦਾਰੇ ਦਾ ਵੀ ਨਿੱਜੀਕਰਨ ਹੋ ਜਾਣਾ।
ਉਨ੍ਹਾਂ ਦੱਸਿਆ ਕਿ ਵਰਕਰਾਂ ਦੇ ਘਰ ਦਾ ਸਾਰਾ ਗੁਜਾਰਾਂ ਤਨਖ਼ਾਹ ਤੋਂ ਹੀ ਚੱਲਦਾ ਹੈ, ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਦੇ ਚੁੱਲਿਆਂ ਦੀ ਅੱਗ ਬੁੱਝ ਜਾਂਦੀ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਸਰਕਾਰ ਨੇ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਤਾਂ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ, ਜਿਸ ਦੀ ਜਿ਼ੰਮੇਵਾਰੀ ਸਰਕਾਰ ਤੇ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।