ਵਿਦਿਆਰਥੀਆਂ ਦੇ ਗਲਾਂ ’ਚ ‘ਮਫਲਰ’ ਪਾ ਕੇ ਨਸ਼ਿਆਂ ਖ਼ਿਲਾਫ਼ ਲੜਨ ਲੱਗੀ ‘ਆਪ’
ਸਕੂਲੀ ਵਿਦਿਆਰਥੀਆਂ ਦੇ ਗਲਾਂ ’ਚ ਪਾਰਟੀ ਦੇ ‘ਮਫਲਰ’ ਪਾ ਕੇ ਨਸ਼ਿਆਂ ਵਿਰੁੱਧ ‘ਯੁੱਧ’ ਲੜਨ ਲੱਗੀ ‘ਆਮ ਆਦਮੀ ਪਾਰਟੀ’
Publish Date: Sat, 17 Jan 2026 06:44 PM (IST)
Updated Date: Sun, 18 Jan 2026 04:13 AM (IST)

-ਨਸ਼ੇ ਛੱਡਣ ਵਾਲਿਆਂ ਨੂੰ ‘ਪਿੰਡਾਂ ਦੇ ਪਹਿਰੇਦਾਰ’ ਬਣਾ ਕੇ ਜੰਗ ਲੜੇ ਸਰਕਾਰ : ਚੀਮਾ ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ‘ਆਮ ਆਦਮੀ ਪਾਰਟੀ’ ਦੇ ‘ਮਫਲਰ’ ਗਲਾਂ ’ਚ ਪਾ ਕੇ ਨਸ਼ਿਆਂ ਵਿਰੁੱਧ ‘ਯੁੱਧ’ ਲੜਨ ਲੱਗੇ ਹਨ। ਅੱਜ ਸੰਗਤ ਮੰਡੀ ਵਿਖੇ ਆਮ ਆਦਮੀ ਪਾਰਟੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਹੇਠ ਕੱਢੀ ਰੈਲੀ ਵਿੱਚ ਸਿਪਾਹੀ ਜੈਲਾ ਸਿੰਘ ਵੀਰਚੱਕਰਾ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਦੇ ਨੌਵੀਂ ਤੋਂ ਗਿਆਰਵੀਂ ਤਕ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੇ ਗਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਵਾਲੇ ‘ਮਫਲਰ’ ਪਾ ਕੇ ਨਸ਼ਿਆਂ ਵਿਰੁੱਧ ‘ਯੁੱਧ’ ਲੜਨ ਵਾਲੇ ‘ਬਿੱਲੇ’ ਲਗਾਏ ਹੋਏ ਸਨ। ਉਨ੍ਹਾਂ ਦੇ ਨਾਲ ਸਕੂਲ ਦੇ ਅਧਿਆਪਕ ਵੀ ਮੌਜੂਦ ਸਨ। ਬੇਸ਼ੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਸਕੂਲ ਦੇ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕਾਂ ਨੂੰ ਰਾਜਨੀਤਕ ਪਾਰਟੀਆਂ ਦੇ ਸਮਾਗਮਾਂ ਦੌਰਾਨ ਪਾਰਟੀ ਪ੍ਰਚਾਰ ਤੋਂ ਦੂਰ ਰਹਿਣਾ ਹੈ, ਪ੍ਰੰਤੂ ਵਿਦਿਆਰਥੀਆਂ ਦੇ ਗਲਾਂ ’ਚ ਪਾਰਟੀ ਦੇ ਚਿੰਨ੍ਹ ਵਾਲੇ ‘ਮਫਲਰ’ ਪਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਵੇਂ ਵਿਦਿਆਰਥੀਆਂ ਦੇ ਵਿੱਦਿਅਕ ਵਰ੍ਹੇ ਦਾ ਇਹ ਆਖ਼ਰੀ ਪੜਾਅ ਹੈ ਅਤੇ ਸਾਲਾਨਾ ਇਮਤਿਹਾਨਾਂ ਦੌਰਾਨ ਵਿਦਿਆਰਥੀਆਂ ਦਾ ਪੂਰਾ ਜੋਰ ਪੜ੍ਹਾਈ ਵੱਲ ਕੇਂਦਰਤ ਕਰਨਾ ਜ਼ਰੂਰੀ ਹੈ ਪ੍ਰੰਤੂ ਪੰਜਾਬ ਸਰਕਾਰ ਚਾਹੁੰਦੀ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੇ ਪਹਿਲੇ ਪੜਾਅ ਦੌਰਾਨ ਪੰਜਾਬ ’ਚੋਂ ਨਸ਼ੇ ਖ਼ਤਮ ਕਰਨ ਦੀਆਂ ਰਹਿ ਗਈਆਂ ਕਮੀਆਂ ਹੁਣ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੂਰੀਆਂ ਕੀਤੀਆਂ ਜਾਣਗੀਆਂ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ’ਚ ਬੀਤੇ 24 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਠੰਢ ਦੇ ਪ੍ਰਕੋਪ ਕਾਰਨ 14 ਜਨਵਰੀ ਤੱਕ ਵਧਾ ਦਿੱਤੀਆਂ ਸਨ ਤੇ ਹੁਣ ਸਕੂਲ 1 ਘੰਟਾ ਪੱਛੜ ਕੇ 10 ਵਜੇ ਸ਼ੁਰੂ ਹੋ ਰਹੇ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਸਮੇਂ ਦੀ ਪੂਰਤੀ ਦੀ ਥਾਂ ਉਨ੍ਹਾਂ ਤੋਂ ਗੈਰ-ਵਿੱਦਿਅਕ ਕੰਮ ਲੈਣਾ ਵਾਜਬ ਨਹੀਂ ਹੈ। ਇਸ ਬਾਰੇ ਰਿਟਾਇਰਡ ਬਲਾਕ ਸਿੱਖਿਆ ਅਧਿਕਾਰੀ ਜਗਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਮਾਂ ਬਰਬਾਦ ਕਰਨ ਦੀ ਥਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਦੇ ਪਹਿਲੇ ਪੜਾਅ ’ਚ ਨਸ਼ੇ ਛੱਡਣ ਵਾਲੇ ਵਿਅਕਤੀਆਂ ਨੂੰ ‘ਪਿੰਡਾਂ ਦੇ ਪਹਿਰੇਦਾਰ’ ਬਣਾ ਕੇ ‘ਯੁੱਧ’ ਲੜੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰੇ। ਇਸ ਬਾਰੇ ਪੱਖ ਜਾਣਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।