ਮੌਸਮ ਦੀ ਪਹਿਲੀ ਧੁੰਦ ਨੇ ਵਾਹਨਾਂ ਦੀ ਰੋਕੀ ’ਰਫ਼ਤਾਰ’

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਮੌਸਮ ਦੀ ਪਹਿਲੀ ਪਈ ਸੰਘਣੀ ਧੁੰਦ ਨੇ ਵਾਹਨਾਂ ਦੀ ਜਿੱਥੇ ਰਫ਼ਤਾਰ ਰੋਕ ਕੇ ਰੱਖ ਦਿੱਤੀ, ਉਥੇ ਇਸ ਧੁੰਦ ਕਾਰਨ ਬਠਿੰਡਾ-ਡੱਬਵਾਲੀ ਭਾਰਤ ਮਾਲਾ ਸੜਕ ’ਤੇ ਵੱਖ–ਵੱਖ ਥਾਵਾਂ ’ਤੇ ਚਾਰ ਹਾਦਸੇ ਵੀ ਵਾਪਰ ਗਏ। ਬੇਸ਼ੱਕ ਇਨ੍ਹਾਂ ਹਾਦਸਿਆਂ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਨ੍ਹਾਂ ਹਾਦਸਿਆਂ ਕਾਰਨ ਕਈ ਵਿਅਕਤੀ ਜ਼ਖ਼ਮੀ ਹੋ ਗਏ। ਸ਼ਨਿੱਚਰਵਾਰ ਦੀ ਸਵੇਰ ਇਸ ਕਦਰ ਸੰਘਣੀ ਧੁੰਦ ਪਈ ਕਿ ਸੜਕਾਂ ’ਤੇ 200 ਤੋਂ 300 ਮੀਟਰ ਤਕ ਹੀ ਵਿਖਾਈ ਦੇ ਰਿਹਾ ਸੀ, ਜਿਸ ਕਾਰਨ ਵਾਹਨ ਬਹੁਤ ਹੋਲੀ ਰਫ਼ਤਾਰ ਨਾਲ ਚੱਲ ਰਹੇ ਸਨ। ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਧੁੰਦ ਕਾਰਨ ਬਠਿੰਡਾ–ਡੱਬਵਾਲੀ ਭਾਰਤ ਮਾਲਾ ਸੜਕ ’ਤੇ ਪਿੰਡ ਪਥਰਾਲਾ, ਜੱਸੀ ਬਾਗਵਾਲੀ ਟੋਪ ਪਲਾਜ਼ਾ, ਮਛਾਣਾ ਪਿੰਡ ’ਤੇ ਮਲੋਟ ਬਾਈਪਾਸ ਨਜ਼ਦੀਕ ਚਾਰ ਹਾਦਸੇ ਵਾਪਰ ਗਏ।
ਇਨ੍ਹਾਂ ਹਾਦਸਿਆਂ ’ਚ ਕਈ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਹਾਦਸਿਆਂ ਵਿਚ ਵਾਹਨ ਇਕ ਦੂਸਰੇ ’ਚ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸਿਆਂ ਵਿਚ ਦੋ ਕਾਰਾਂ ਦੀ ਆਹਮੋ–ਸਾਹਮਣੀ ਟੱਕਰ ਤੇ ਕਾਰ ਤੇ ਟਰੱਕ ਨਾਲ ਟੱਕਰ ਤੋਂ ਇਲਾਵਾ ਦੋ ਹੋਰ ਹਾਦਸੇ ਵਾਪਰੇ। ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਟੀਮ ਦੇ ਵਲੰਟੀਅਰ ਸਿਕੰਦਰ ਮਛਾਣਾ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮੌਸਮ ਦੀ ਪਹਿਲੀ ਪਈ ਸੰਘਣੀ ਧੁੰਦ ਕਾਰਨ ਤਾਪਮਾਨ ਇਕ ਦਮ ਹੇਠਾਂ ਆ ਗਿਆ, ਜਿਸ ਕਾਰਨ ਠੰਢ ਵਿਚ ਵਾਧਾ ਹੋ ਗਿਆ। ਪਹਿਲਾ ਜਿੱਥੇ ਸਵੇਰੇ ਸ਼ਾਮ ਠੰਢ ਹੁੰਦੀ ਸੀ। ਅੱਜ ਦਿਨ ਵੇਲੇ ਵੀ ਪੂਰੀ ਠੰਢ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ 1.5 ਡਿਗਰੀ ਤਾਪਮਾਨ ਹੇਠਾਂ ਡਿੱਗ ਪਿਆ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਰਿਕਾਰਡ ਦਰਜ ਕੀਤਾ ਗਿਆ। ਰਾਤ ਦਾ ਤਾਪਮਾਨ ਵੀ 14 ਤੋਂ 15 ਡਿਗਰੀ ਤਕ ਰਿਹਾ।
ਮੌਸਮ ਵਿਭਾਗ ਦੇ ਅਨੁਸਾਰ ਪਹਾੜਾ ’ਤੇ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆੰ ’ਚ ਠੰਢ ਵੱਧ ਰਹੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਹੀ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ ਕਰਦਿਆਂ ਵਿਜ਼ੀਬਿਲਟੀ ਬਹੁਤ ਘੱਟ ਹੋਣ ਦਾ ਦੱਸਿਆ ਗਿਆ ਸੀ, ਜੋ ਅੱਜ ਸੱਚ ਸਾਬਤ ਹੋਇਆ। ਧੁੰਦ ਕਾਰਨ ਜਿੱਥੇ ਆਵਾਜਾਈ ਪ੍ਰਭਾਵਿ਼ਤ ਹੋਈ, ਉਥੇ ਧੁੰਦ ਕਣਕ ਦੀ ਫਸਲ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਧੁੰਦ ਕਾਰਨ ਕਣਕ ਦਾ ਵਾਧਾ ਰੁਕਿਆ ਹੋਇਆ ਸੀ, ਜਿਸ ਕਾਰਨ ਕਿਸਾਨ ਧੁੰਦ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਪਿੰਡ ਨਰੂਆਣਾ ਦੇ ਕਿਸਾਨ ਕੁਲਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਧੁੰਦ ਕਣਕ ਲਈ ਦੇਸੀ ਘਿਓ ਵਰਗੀ ਹੈ। ਧੁੰਦ ਪੈਣ ਕਾਰਨ ਕਣਕ ਦਾ ਰੁਕਿਆ ਵਾਧਾ ਸ਼ੁਰੂ ਹੋ ਜਾਵੇਗਾ। ਲਗਾਤਾਰ ਧੁੰਦ ਪੈਣ ਕਾਰਨ ਕਣਕ ਦੇ ਝਾੜ ’ਚ ਵੀ ਬਹੁਤ ਫਰ਼ਕ ਪੈਂਦਾ ਹੈ। ਡਾਕਟਰਾਂ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਦਿਨ ਅਤੇ ਰਾਤ ਦੇ ਤਾਪਮਾਨ ’ਚ ਕਾਫੀ ਫਰ਼ਕ ਹੈ ਅਤੇ ਲੋਕਾਂ ਨੂੰ ਸਵੇਰ ਸ਼ਾਮ ਬਾਹਰ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਆਉਣ ਵਾਲੇ ਦਿਨਾਂ ’ਚ ਮੌਸਮ ਖੁਸ਼ਕ ਰਹੇਗਾ ਤੇ ਮੀਂਹ ਪੈਣ ਦੀ ਹਾਲੇ ਕੋਈ ਸੰਭਾਵਨਾ ਨਹੀਂ ਹੈ।