ਰੇਲਵੇ ਯਾਤਰੀਆਂ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਲੁੱਟਣ ਵਾਲਾ ਗਿਰੋਹ ਬੇਨਕਾਬ

-ਕਾਰਵਾਈ ਕਰਦਿਆਂ ਪੁਲਿਸ ਨੇ 4 ਔਰਤਾਂ ਸਣੇ 7 ਮੁਲਜ਼ਮ ਕੀਤੇ ਕਾਬੂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਰੇਲਵੇ ਸਟੇਸ਼ਨ ਬਠਿੰਡਾ ਅਤੇ ਸੰਤਪੁਰਾ ਰੋਡ ਇਲਾਕੇ ਵਿੱਚ ਰਾਤ ਦੇ ਸਮੇਂ ਯਾਤਰੀਆਂ ਤੇ ਰਾਹਗੀਰਾਂ ਨੂੰ ਪ੍ਰੇਮ ਜਾਲ ’ਚ ਫਸਾ ਕੇ ਲੁੱਟ-ਖੋਹ ਕਰਨ ਵਾਲੇ ਇਕ ਸੰਗਠਤ ਗਿਰੋਹ ਦਾ ਬਠਿੰਡਾ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ। ਇਸ ਗਿਰੋਹ ਵਿਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਸਨ। ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਾਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਮੌਜ਼ੀ (36), ਵਿਸ਼ਾਲ ਕੁਮਾਰ (24), ਸ਼ਿਵਾ (22), ਨੀਤੂ (32), ਕਿਰਨ ਰਾਣੀ ਉਰਫ਼ ਮਾਹੀ (40), ਮਨਪ੍ਰੀਤ ਕੌਰ (42) ਅਤੇ ਸੁਖਦੀਪ ਕੌਰ (40) ਵਜੋਂ ਹੋਈ ਹੈ। ਸਾਰੇ ਮੁਲਜ਼ਮ ਬਠਿੰਡਾ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਪਿਛਲੇ ਕੁਝ ਸਮੇਂ ਤੋਂ ਆਮ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੇਲਵੇ ਸਟੇਸ਼ਨ ਦੇ ਨੇੜੇ ਤੇ ਸੰਤਪੁਰਾ ਰੋਡ ਖੇਤਰ ਵਿਚ ਕੁਝ ਔਰਤਾਂ ਇਕੱਲੇ ਯਾਤਰੀਆਂ ਨੂੰ ਬਹਿਲਾ-ਫੁਸਲਾ ਕੇ ਸੁੰਨੇ ਸਥਾਨਾਂ ਵੱਲ ਲੈ ਜਾਂਦੀਆਂ ਹਨ, ਜਿੱਥੇ ਪਹਿਲਾਂ ਤੋਂ ਮੌਜੂਦ ਉਨ੍ਹਾਂ ਦੇ ਮਰਦ ਸਾਥੀ ਨਕਦੀ ਅਤੇ ਕੀਮਤੀ ਸਮਾਨ ਲੁੱਟ ਲੈਂਦੇ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਐੱਸਪੀ. ਬਠਿੰਡਾ ਡਾ. ਜਯੋਤੀ ਯਾਦਵ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਜਾਂਚ ਸ਼ੁਰੂ ਕੀਤੀ ਗਈ। ਇਸ ਕਾਰਵਾਈ ਦੀ ਨਿਗਰਾਨੀ ਐੱਸਪੀ. (ਇਨਵੈਸਟਿਗੇਸ਼ਨ) ਜਸਮੀਤ ਸਿੰਘ, ਐੱਸਪੀ. ਸਿਟੀ ਨਰਿੰਦਰ ਸਿੰਘ ਤੇ ਡੀਐੱਸਪੀ ਸਿਟੀ-1 ਅਮ੍ਰਿਤਪਾਲ ਸਿੰਘ ਭਾਟੀ ਵੱਲੋਂ ਕੀਤੀ ਗਈ। ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਸੰਤਪੁਰਾ ਰੋਡ ਇਲਾਕੇ ਵਿੱਚ ਸਰਗਰਮ ਹੈ, ਜੋ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਥ੍ਰੀ-ਵ੍ਹੀਲਰ (ਆਟੋ) ਦੀ ਵਰਤੋਂ ਕਰਦਾ ਹੈ। ਪੁਲਿਸ ਮੁਤਾਬਕ ਗਿਰੋਹ ਦੀਆਂ ਔਰਤਾਂ ਰਾਤ ਦੇ ਸਮੇਂ ਇਕੱਲੇ ਚੱਲ ਰਹੇ ਰਾਹਗੀਰਾਂ ਅਤੇ ਰੇਲਵੇ ਯਾਤਰੀਆਂ ਨੂੰ ਅਸ਼ਲੀਲ ਇਸ਼ਾਰਿਆਂ ਤੇ ਪਿਆਰ ਦੇ ਜਾਲ ਵਿਚ ਫਸਾਉਂਦੀਆਂ ਸਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਸੁੰਨੇ ਇਲਾਕਿਆਂ ’ਚ ਲੈ ਜਾ ਕੇ ਆਟੋ ਵਿੱਚ ਮੌਜੂਦ ਆਪਣੇ ਮਰਦ ਸਾਥੀਆਂ ਦੀ ਮਦਦ ਨਾਲ ਲੁੱਟ-ਖੋਹ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਬਠਿੰਡਾ ’ਚ ਕੇਸ ਦਰਜ ਕਰ ਕੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਸੰਭਾਵਨਾ ਹੈ ਕਿ ਇਸ ਗਿਰੋਹ ਨੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ। ਬਠਿੰਡਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਣਜਾਣ ਵਿਅਕਤੀਆਂ ਤੋਂ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਹੈਲਪਲਾਈਨ ਨੰਬਰ ’ਤੇ ਦਿਓ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।