ਹਾਦਸੇ ’ਚ ਹੋਈਆਂ ਮੌਤਾਂ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਤਿੰਨ ਘੰਟੇ ਜੱਸੀ ਟੋਲ ਪਲਾਜ਼ਾ ਮੁਫ਼ਤ
ਹਾਦਸੇ ’ਚ ਹੋਈਆਂ ਮੌਤਾਂ ਦੇ ਰੋਸ ’ਚ ਕਿਸਾਨ ਜਥੇਬੰਦੀ ਤਿੰਨ ਘੰਟੇ ਕੀਤਾ ਜੱਸੀ ਟੋਲ ਪਲਾਜ਼ਾ ਮੁਫ਼ਤ
Publish Date: Sat, 17 Jan 2026 06:40 PM (IST)
Updated Date: Sun, 18 Jan 2026 04:13 AM (IST)
-ਭਾਰਤ ਮਾਲਾ ਸੜਕ ’ਤੇ ਅਧੂਰੇ ਪਏ ਪੁਲ ਦਾ ਮਾਮਲਾ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਭਾਰਤ ਮਾਲਾ ਸੜਕ ਯੋਜਨਾ ਅਧੀਨ ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪਿੰਡ ਗੁਰਥੜੀ ਨੇੜੇ ਅਧੂਰੇ ਪਏ ਪੁਲ ਕਾਰਨ ਨਿੱਤ ਹੁੰਦੇ ਸੜਕ ਹਾਦਸਿਆਂ ਤੋਂ ਦੁਖੀ ਪਿੰਡ ਵਾਸੀਆਂ ਵੱਲੋਂ ਅੱਜ ਜੱਸੀ ਟੋਲ ਪਲਾਜ਼ਾ ’ਤੇ ਪੁੱਜ ਕੇ ਤਿੰਨ ਘੰਟੇ ਟੋਲ ਮੁਫ਼ਤ ਕਰਵਾਇਆ ਗਿਆ। ਪਿੰਡ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੁਆਰਾ ਭਾਰਤ ਮਾਲਾ ਸੜਕ ਯੋਜਨਾ ਅਧੀਨ ਬਣ ਰਹੀ ਸੜਕ ਦਾ ਪੁਲ ਪਿੰਡ ਗੁਰਥੜੀ ਨੇੜੇ ਅਧੂਰਾ ਪਿਆ ਹੈ, ਜਿਸ ਕਾਰਨ ਪਹਿਲਾਂ ਦੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਪ੍ਰੰਤੂ ਅਥਾਰਟੀ ਵੱਲੋਂ ਇਸ ਨੂੰ ਅਣਗੌਲਿਆਂ ਕਰਕੇ ਪੁਲ ਦਾ ਕੰਮ ਚਾਲੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਅੱਜ ਸਵੇਰੇ ਵਾਪਰੇ ਹਾਦਸੇ ’ਚ 5 ਹੋਰ ਵਿਅਕਤੀਆਂ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਧੁੰਦ ਦੇ ਮੌਸਮ ਸਮੇਂ ਵੀ ਪੁਲ ਦੇ ਇਕ ਪਾਸੇ ਚੱਲਦੀ ਆਵਾਜਾਈ ਲਈ ਕੋਈ ਸਿਗਨਲ ਆਦਿ ਨਹੀਂ ਲਗਾਇਆ ਗਿਆ, ਜਿਸ ਕਾਰਨ ਦੂਰ ਦੁਰਾਡੇ ਤੋਂ ਆਏ ਵਾਹਨ ਚਾਲਕਾਂ ਨੂੰ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਥੇ ਅਕਸਰ ਹਾਦਸੇ ਵਾਪਰਦੇ ਹਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਆਗੂ ਬਲਜੀਤ ਸਿੰਘ ਅਤੇ ਗੁਰਚੇਤ ਸਿੰਘ ਨੇ ਦੱਸਿਆ ਕਿ ਪਿੰਡ ਗੁਰਥੜੀ ਦੇ ਅਧੂਰੇ ਪਏ ਅੱਧੇ ਪੁਲ ਦੇ ਬਾਵਜੂਦ ਹਾਈਵੇਅ ਅਥਾਰਟੀ ਵੱਲੋਂ ਠੇਕੇਦਾਰਾਂ ਰਾਹੀਂ ਟੋਲ ਵਸੂਲਣਾ ਸ਼ੁਰੂ ਕੀਤੇ ਜਾਣ ਦਾ ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਵੱਲੋਂ ਪਹਿਲਾਂ ਵੀ ਵਿਰੋਧ ਕੀਤਾ ਜਾ ਰਿਹਾ ਹੈ, ਪੰਤੂ ਅੱਜ ਦੇ ਹਾਦਸੇ ’ਚ ਹੋਈਆਂ 5 ਮੌਤਾਂ ਤੋਂ ਰੋਹ ’ਚ ਆਏ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਜੱਸੀ ਟੋਲ ਪਲਾਜ਼ਾ ’ਤੇ ਪਹੁੰਚ ਕੇ ਚਿਤਾਵਨੀ ਦਿੰਦੇ ਹੋਏ ਟੋਲ ਦੇ ਸਾਰੇ ਦਰਵਾਜੇ ਖੋਲ੍ਹ ਦਿੱਤੇ ਗਏ ਅਤੇ ਕਰੀਬ ਤਿੰਨ ਘੰਟੇ ਤਕ ਕਿਸੇ ਵੀ ਵਾਹਨ ਦਾ ਟੋਲ ਨਹੀਂ ਲੱਗਣ ਦਿੱਤਾ ਗਿਆ। ਸੜਕ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਪੁਲ ਜਲਦੀ ਸ਼ੁਰੂ ਕਰਵਾਏ ਜਾਣ ਦੇ ਭਰੋਸੇ ਤੋਂ ਬਾਅਦ ਹੀ ਟੋਲ ਚਾਲੂ ਕੀਤਾ ਗਿਆ। ਇਸ ਮੌਕੇ ਬਾਵਾ ਸਿੰਘ ਖਾਲਸਾ, ਬਲਤੇਜ ਸਿੰਘ, ਬਲਵੀਰ ਸਿੰਘ ਮੈਂਬਰ, ਬਲਵਿੰਦਰ ਸਿੰਘ ਚੌਧਰੀ, ਬਿੱਲੂ ਸਿੰਘ, ਵੱਡਾ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਸਤਨਾਮ ਸਿੰਘ ਅਤੇ ਭਰਪੂਰ ਸਿੰਘ ਆਦਿ ਮੌਜੂਦ ਸਨ।