ਛਾਤੀ ਕੈਂਸਰ ਜਾਗਰੂਕਤਾ ’ਤੇ ਕਰਵਾਇਆ ਸੈਮੀਨਾਰ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਛਾਤੀ ਕੈਂਸਰ ਜਾਗਰੂਕਤਾ ’ਤੇ ਸੈਮੀਨਾਰ ਕਰਵਾਇਆ
Publish Date: Fri, 30 Jan 2026 07:24 PM (IST)
Updated Date: Sat, 31 Jan 2026 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ “ਛਾਤੀ ਕੈਂਸਰ ਪ੍ਰਬੰਧਨ ਵਿੱਚ ਜਾਗਰੂਕਤਾ ਅਤੇ ਨੈਦਾਨਿਕ ਅਭਿਆਸ ਦਰਮਿਆਨ ਪੁਲ” ਵਿਸ਼ੇ ’ਤੇ ਸੈਮੀਨਾਰ ਤੇ ਜਾਗਰੂਕਤਾ ਸਮਾਗਮ ਕਰਵਾਇਆ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਪ੍ਰੋ. ਅੰਜਨਾ ਮੁੰਸ਼ੀ, ਨਿਰਦੇਸ਼ਕ, ਖੋਜ ਅਤੇ ਵਿਕਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਛਾਤੀ ਕੈਂਸਰ ਪ੍ਰਤੀ ਜਨ-ਜਾਗਰੂਕਤਾ ਨੂੰ ਮਜ਼ਬੂਤ ਕਰਨਾ ਤੇ ਇਸ ਦੀ ਸ਼ੁਰੂਆਤੀ ਪਛਾਣ, ਰੋਕਥਾਮ ਦੇ ਉਪਾਅ ਤੇ ਸਮੇਂ-ਸਿਰ ਚਿਕਿਤਸਕ ਜਾਂਚ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਸੈਮੀਨਾਰ ਦੌਰਾਨ ਲੈਕਚਰ ਅਤੇ ਸੰਵਾਦਾਤਮਕ ਸੈਸ਼ਨਾਂ ਰਾਹੀਂ ਛਾਤੀ ਕੈਂਸਰ ਪ੍ਰਬੰਧਨ ਨਾਲ ਸੰਬੰਧਿਤ ਨਵੀਆਂ ਚਿਕਿਤਸਕ ਤਰੱਕੀਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਤਕਨੀਕੀ ਸੈਸ਼ਨਾਂ ਵਿੱਚ ਪ੍ਰੋ. (ਡਾ.) ਪ੍ਰਦੀਪ ਗਰਗ, ਵਿਭਾਗ ਮੁਖੀ, ਰੇਡੀਏਸ਼ਨ ਔਂਕੋਲੋਜੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਪ੍ਰੋ. (ਡਾ.) ਪਰਵਿੰਦਰ ਸਿੰਘ ਸੰਧੂ, ਨਿਰਦੇਸ਼ਕ, ਸਰਜੀਕਲ ਔਂਕੋਲੋਜੀ, ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਗੌਰਵ ਗੋਇਲ (ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ) ਦੀ ਮੌਜੂਦਗੀ ’ਚ ਲਗਾਏ ਸੰਵਾਦਾਤਮਕ ਸੈਸ਼ਨ ’ਚ ਭਾਗੀਦਾਰਾਂ ਨੇ ਨੈਦਾਨਿਕ ਅਭਿਆਸ, ਸ਼ੁਰੂਆਤੀ ਨਿਦਾਨ ਅਤੇ ਰੋਕਥਾਮ ਰਣਨੀਤੀਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਸਮਾਗਮ ’ਚ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਮੁਲਾਜ਼ਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸੈਮੀਨਾਰ ਦੀ ਸਮਾਪਤੀ ਪ੍ਰੋ. ਮੋਨਿਸ਼ਾ ਧੀਮਾਨ, ਨਿਰਦੇਸ਼ਕ, ਆਈਕਿਉਏਸੀ ਵੱਲੋਂ ਧੰਨਵਾਦੀ ਸੰਬੋਧਨ ਨਾਲ ਹੋਇਆ।