ਪੁਲਿਸ ਵੱਲੋਂ ਵਾਹਨ ਚੈਕਿੰਗ ਮੁਹਿੰਮ ਸ਼ੁਰੂ, ਚੋਰੀ ਤੇ ਲੁੱਟ ਦੇ ਮਾਮਲਿਆਂ ’ਤੇ ਨਕੇਲ ਕੱਸਣ ਦੀ ਕੋਸ਼ਿਸ਼
ਪੁਲਿਸ ਵੱਲੋਂ ਵਾਹਨ ਚੈਕਿੰਗ ਮੁਹਿੰਮ ਸ਼ੁਰੂ, ਚੋਰੀ ਅਤੇ ਲੁੱਟ ਦੇ ਮਾਮਲਿਆਂ ’ਤੇ ਨਕੇਲ ਕਸਣ ਦੀ ਕੋਸ਼ਿਸ਼
Publish Date: Thu, 29 Jan 2026 07:08 PM (IST)
Updated Date: Thu, 29 Jan 2026 07:10 PM (IST)

- ਪਾਰਕਿੰਗ ਸਥਾਨਾਂ, ਵਾਹਨ ਗੈਰੇਜਾਂ ਤੇ ਕਬਾੜ ਦੀਆਂ ਦੁਕਾਨਾਂ ਦੀ ਚੈਕਿੰਗ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਰਗਣ ਬਠਿੰਡਾ : ਜ਼ਿਲ੍ਹੇ ਵਿੱਚ ਵਾਹਨ ਚੋਰੀ ਅਤੇ ਲੁੱਟ ਦੀਆਂ ਵੱਧ ਰਹੀਆਂ ਘਟਨਾਵਾਂ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਦੇ ਮਕਸਦ ਨਾਲ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਵਾਹਨ ਜਾਂਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਪੁਲਿਸ ਟੀਮਾਂ ਨੇ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਸਥਿਤ ਸਰਕਾਰੀ ਪਾਰਕਿੰਗ ਸਥਾਨਾਂ, ਵਾਹਨ ਗੈਰੇਜਾਂ ਅਤੇ ਕਬਾੜ ਦੀਆਂ ਦੁਕਾਨਾਂ ’ਚ ਖੜ੍ਹੇ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਹਿੰਮ ਦਾ ਮੁੱਖ ਉਦੇਸ਼ ਵਾਹਨਾਂ ਦੀ ਕਾਨੂੰਨੀ ਮਾਲਕੀ ਦੀ ਪੁਸ਼ਟੀ ਕਰਨਾ ਅਤੇ ਚੋਰੀ ਜਾਂ ਲੁੱਟੇ ਗਏ ਵਾਹਨਾਂ ਦੀ ਪਛਾਣ ਕਰਨਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਜਾਂਚਾਂ ਨਾਲ ਨਾ ਸਿਰਫ਼ ਚੋਰੀਸ਼ੁਦਾ ਵਾਹਨਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ, ਸਗੋਂ ਅਪਰਾਧਿਕ ਤੱਤਾਂ ਵਿੱਚ ਡਰ ਦਾ ਮਾਹੌਲ ਵੀ ਬਣਦਾ ਹੈ। ਅਭਿਆਨ ਦੌਰਾਨ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ, ਇੰਜਣ ਅਤੇ ਚੈਸੀ ਨੰਬਰ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਸ਼ੱਕੀ ਪਾਏ ਗਏ ਵਾਹਨਾਂ ਦੇ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਗਈ। ਪੁਲਿਸ ਨੇ ਗੈਰੇਜ ਮਾਲਕਾਂ ਅਤੇ ਕਬਾੜ ਵਪਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਬਿਨਾਂ ਵੈਧ ਕਾਗਜ਼ਾਤਾਂ ਦੇ ਕਿਸੇ ਵੀ ਵਾਹਨ ਜਾਂ ਉਸਦੇ ਪੁਰਜ਼ਿਆਂ ਦੀ ਖਰੀਦ-ਫ਼ਰੋਖ਼ਤ ਨਾ ਕੀਤੀ ਜਾਵੇ। ਪੁਲਿਸ ਨੇ ਸਪਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਚੋਰੀਸ਼ੁਦਾ ਜਾਂ ਸ਼ੱਕੀ ਵਾਹਨ ਲੈ ਕੇ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵਿਅਕਤੀ ਤੋਂ ਕਬਾੜ ਵਿਚ ਵੀ ਸਮਾਨ ਨਾਂ ਖਰੀਦਣ ਲਈ ਕਿਹਾ ਗਿਆ ਹੈ। ਮੁਹਿੰਮ ਦੌਰਾਨ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਵਾਹਨਾਂ ਦੀ ਸੁਰੱਖਿਆ ਪ੍ਰਤੀ ਸਾਵਧਾਨ ਰਹਿਣ, ਵਾਹਨ ਪਾਰਕ ਕਰਦੇ ਸਮੇਂ ਲਾਕ ਦੀ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਪੁਲਿਸ ਨੂੰ ਦੇਣ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਤੋਂ ਬਿਨਾਂ ਅਪਰਾਧਾਂ ’ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਸੰਭਵ ਨਹੀਂ। ਬਠਿੰਡਾ ਪੁਲਿਸ ਨੇ ਦੁਹਰਾਇਆ ਕਿ ਲੋਕਾਂ ਦੀ ਸੁਰੱਖਿਆ ਅਤੇ ਅਪਰਾਧਾਂ ਦੀ ਰੋਕਥਾਮ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ, ਤਾਂ ਜੋ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾ ਸਕੇ।